ਚੰਡੀਗੜ੍ਹ, 11 ਦਸੰਬਰ 2019 - ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ, ਤਰਕਸ਼ੀਲ ਸੁਸਾਇਟੀ ਰਾਮਪੁਰਾ ਨੇ ਇੱਕ ਵਿਸ਼ੇਸ਼ ਮੀਟਿੰਗ ਕਰਕੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਬਾਰੇ ਤਿਖੀ ਪ੍ਰਤੀਕ੍ਰਿਆ ਜਾਰੀ ਕੀਤੀ ਹੈ।
ਆਗੂਆਂ ਕਿਹਾ ਕਿ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਹਾਲਾਤ ਪਿਛਲੇ ਕੁੱਝ ਸਾਲਾਂ ਵਿੱਚ ਬਦ ਤੋਂ ਬਦਤਰ ਹੋਈ ਹੈ। ਅੱਜ ਦੀ ਮਯੁਦਾ ਸਰਕਾਰ, ਦੇਸ਼ ਦੀ ਕੀਮਤੀ ਸੰਪਤੀ ਤੇ ਸੰਸਾਧਨਾਂ ਨੂੰ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਕਾਰਪੋਰੇਟ ਘਰਾਨਿਆਂ ਦੇ ਸਪੁਰਦ ਕਰ ਰਹੀ ਹੈ। ਲੋਕਾਂ ਨੂੰ ਦਬਾਈ ਰੱਖਣ ਲਈ ਧਾਰਮਿਕ ਕੱਟੜਤਾ ਨੂੰ ਫੈਲਾਇਆ ਜਾ ਰਿਹਾ ਹੈ। ਇਹਨਾਂ ਹਾਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਬੁੱਧੀਜੀਵੀਆਂ ਦੇ ਵਿਚਾਰਾਂ ਦੇ ਪ੍ਰਗਟਾਵੇ ਨੂੰ ਪੂਰੀ ਸਖ਼ਤੀ ਅਤੇ ਗੈਰ ਲੋਕਤੰਤਰੀ ਢੰਗ ਨਾ ਦਬਾਇਆ ਜਾ ਰਿਹਾ ਹੈ।ਕਾਲੇ ਕਾਨੂੰਨਾ ਦੀ ਸਹਾਇਤਾ ਨਾਲ, ਗੈਰ ਜਮਹੂਰੀ ਢੰਗਾਂ ਨਾਲ, ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ, ਇਹਨਾਂ ਜਮਹੂਰੀ ਕਾਰਕੁਨਾਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ। ਜਿਨ੍ਹਾਂ ਵਿੱਚ ਗੋਤਮ ਲਵਲੱਖਾ ਉਮਰ 70 ਸਾਲ, ਫਾਦਰ ਸਟੇਨ ਸੁਵਾਮੀ(83), ਵਰਵਰਾ ਰਾਓ(78), ਸੁਧਾ ਭਾਰਦਵਾਜ(57), ਵਰਨੇਲ ਗੋਂਜਾਵਲ(55), ਸੁਮੇਨ ਏਬਰੇਹਮ(55), ਆਨੰਦ ਤਲਤੁੰਬੇ(65), ਅਰਨ ਫਰੇਰਾ(48) ਆਦਿ ਉੱਘੀਆਂ ਹਸਤੀਆਂ ਸ਼ਾਮਲ ਹਨ। ਆਗੂਆਂ ਕਿਹਾ ਕਿ ਰਾਮਪੁਰਾ ਇਕਾਈ ਦੇ ਮੈਂਬਰ, 15 ਦਸੰਬਰ ਨੂੰ ਜਮਹੂਰੀ ਅਧਿਕਾਰ ਸਭਾ ਵੱਲੋਂ ਟੀਚਰ ਹੋਮ ਬਠਿੰਡਾ ਵਿਖੇ, ਉਪਰੋਕਤ ਸ਼ਖ਼ਸੀਅਤਾਂ ਦੀ ਬਹਾਲੀ ਲਈ, ਨਿੱਜੀਕਰਨ ਰੋਕਣ ਲਈ ਅਤੇ ਹੋਰ ਜਮਹੂਰੀ ਮੰਗਾਂ ਸੰਬੰਧੀ ਕੀਤੇ ਜਾ ਰਹੇ ਸੈਮੀਨਾਰ ਵਿੱਚ ਭਾਗ ਲੈਣਗੇ।
ਅੱਜ ਦੀ ਮੀਟਿੰਗ ਵਿੱਚ ਗਗਨ ਰਾਮਪੁਰਾ, ਸੁਰਿੰਦਰ ਰਾਮਪੁਰਾ, ਮਿਹਰ ਬਾਹੀਆ, ਜਗਦੇਵ ਸਿੰਘ, ਮੇਜਰ ਸਿੰਘ, ਜੰਟਾ ਸਿੰਘ, ਰਾਜ ਕੁਮਾਰ, ਦਿਨੇਸ਼ ਕੁਮਾਰ, ਸੰਜੀਵ ਕੁਮਾਰ, ਸੁਰਜੀਤ ਸਿੰਘ, ਅਵਤਾਰ ਸਿੰਘ, ਰਾਮ ਸਿੰਘ ਲਹਿਰਾ ਧੁਰਕੋਟ, ਰਾਜੇਸ਼ ਕੁਮਾਰ ਆਦਿ ਸ਼ਾਮਿਲ ਸਨ।