ਹਰਦਮ ਮਾਨ
ਸਰੀ, 11 ਦਸੰਬਰ 2019 - ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ, ਸਰੀ ਵੱਲੋਂ ਚੜ੍ਹਦੀ ਕਲਾ ਟਾਈਮ ਟੀ.ਵੀ. ਦੇ ਸੀ.ਈ.ਓ. ਅਤੇ ਉੱਤਰੀ ਅਮਰੀਕਾ ਦੇ ਇੰਚਾਰਜ, ਪ੍ਰਸਿੱਧ ਪੱਤਰਕਾਰ ਹਰਪ੍ਰੀਤ ਸਿੰਘ ਦਰਦੀ ਦੇ ਸਨਮਾਨ ਵਿਚ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਸ਼ਹਿਰ ਦੀਆਂ ਵੱਖ ਵੱਖ ਖੇਤਰਾਂ ਦੀਆਂ ਸੰਸਥਾਵਾਂ, ਗੁਰਦੁਆਰਿਆਂ ਦੇ ਪ੍ਰਤੀਨਿਧੀਆਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਰੋਹ ਦੀ ਪ੍ਰਧਾਨਗੀ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਦੇ ਰੂਹੇ-ਰਵਾਂ ਜੈਤੇਗ ਸਿੰਘ ਅਨੰਤ, ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਅਤੇ ਹਰਪ੍ਰੀਤ ਸਿੰਘ ਦਰਦੀ ਨੇ ਕੀਤੀ।
ਜੈਤੇਗ ਸਿੰਘ ਅਨੰਤ ਨੇ ਸਮਾਰੋਹ ਵਿਚ ਸ਼ਾਮਲ ਸ਼ਖ਼ਸੀਅਤਾਂ ਦਾ ਸਵਾਗਤ ਕਰਨ ਉਪਰੰਤ ਪਟਿਆਲਾ ਤੋਂ ਛਪਦੇ “ਰੋਜ਼ਾਨਾ ਚੜ੍ਹਦੀ ਕਲਾ” ਅਤੇ ਟਾਈਮ ਟੀਵੀ ਦੇ ਗੌਰਵਮਈ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ 1970 ਵਿਚ ਹਫਤਾਵਾਰੀ ਅਖਬਾਰ ਤੋਂ ਸ਼ੁਰੂ ਹੋ ਕੇ 1977 ਵਿਚ ਰੋਜ਼ਾਨਾ ਅਖਬਾਰ ਬਣੇ ਚੜ੍ਹਦੀ ਕਲਾ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਵਿਸ਼ੇਸ਼ ਤੌਰ ਤੇ ਸਿੱਖ ਧਰਮ, ਇਤਿਹਾਸ ਦੇ ਗੌਰਵ ਨੂੰ ਬਰਕਰਾਰ ਰੱਖਣ ਅਤੇ ਇਸ ਦਾ ਪ੍ਰਚਾਰ, ਪਾਸਾਰ ਕਰਨ ਦਾ ਉਦੇਸ਼ ਲੈ ਕੇ ਸੇਵਾ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਉੱਘੇ ਵਿਦਵਾਨ, ਨਾਮਵਰ ਪੱਤਰਕਾਰ ਅਤੇ ਸਿੱਖ ਜਗਤ ਦੀ ਜਾਣੀ ਪਛਾਣੀ ਸ਼ਖ਼ਸੀਅਤ ਸ. ਜਗਜੀਤ ਸਿੰਘ ਦਰਦੀ ਦੀ ਅਗਵਾਈ ਹੇਠ ਉੱਚੀ ਸੁੱਚੀ ਸੋਚ, ਉਸਾਰੂ ਕਦਰਾਂ, ਕੀਮਤਾਂ ਤੇ ਪਹਿਰਾ ਦਿੰਦਿਆਂ ਸਿੱਖਾਂ ਦਾ ਮਾਣਯੋਗ ਅਦਾਰਾ ਬਣਾਇਆ। ਇਸ ਅਦਾਰੇ ਦੇ ਮਾਸਿਕ ਮੈਗਜ਼ੀਨ ਚੜ੍ਹਦੀ ਕਲਾ ਨੂੰ ਵੀ ਪੰਜਾਬੀ ਵਿਚ ਸਭ ਤੋਂ ਵੱਧ ਗਿਣਤੀ ਵਿਚ ਛਪਣ ਦਾ ਮਾਣ ਹਾਸਲ ਹੈ। ਸ. ਜਗਜੀਤ ਸਿੰਘ ਦਰਦੀ ਦੇ ਹੋਣਹਾਰ ਸਪੁੱਤਰ ਹਰਪ੍ਰੀਤ ਸਿੰਘ ਦਰਦੀ ਨੇ ਸਮੇਂ ਦੀ ਨਬਜ਼ ਪਛਾਣਦਿਆਂ “ਚੜ੍ਹਦੀ ਕਲਾ ਟਾਈਮ ਟੀਵੀ” ਸ਼ੁਰੂ ਕਰ ਕੇ ਸੰਸਾਰ ਭਰ ਵਿਚ ਇਸ ਦੀਆਂ ਸੇਵਾਵਾਂ ਰਾਹੀਂ ਸਿੱਖਾਂ ਅਤੇ ਪੰਜਾਬੀਆਂ ਦੀਆਂ ਪ੍ਰਾਪਤੀਆਂ, ਸਰਗਰਮੀਆਂ ਨੂੰ ਪ੍ਰਚਾਰਨ ਦਾ ਬੀੜਾ ਚੁੱਕਿਆ ਹੈ। ਅਮਰੀਕਾ ਤੋਂ ਐਮ.ਬੀ.ਏ. ਦੀ ਡਿਗਰੀ ਹਾਸਲ ਹਰਪ੍ਰੀਤ ਸਿੰਘ ਦਰਦੀ ਆਪਣੇ ਟੀਵੀ ਰਾਹੀਂ ਨੌਜਵਾਨ ਪੰਜਾਬੀ ਪੀੜ੍ਹੀ ਨੂੰ ਪੰਜਾਬੀਅਤ ਅਤੇ ਸਿੱਖੀ ਦੀਆਂ ਕਦਰਾਂ, ਕੀਮਤਾਂ ਨਾਲ ਜੋੜਣ ਲਈ ਯਤਨਸ਼ੀਲ ਹਨ ਅਤੇ ਉੱਤਰੀ ਅਮਰੀਕਾ, ਕੈਨੇਡਾ ਵਿਚ ਵਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ, ਸਰਗਰਮੀਆਂ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿਚ ਪੁਚਾਉਣ ਦਾ ਉਪਰਾਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੜ੍ਹਦੀ ਕਲਾ ਹਮੇਸ਼ਾ ਸਿੱਖਾਂ ਦੀ ਆਵਾਜ਼ ਬਣਿਆਂ ਹੈ ਅਤੇ ਸਿੱਖੀ ਦਾ ਪਹਿਰੇਦਾਰ, ਅੱਜ ਸਾਨੂੰ ਵੀ ਚੜ੍ਹਦੀ ਕਲਾ ਦੀ ਆਵਾਜ਼ ਬਣਨਾ ਚਾਹੀਦਾ ਹੈ।
ਹਰਪ੍ਰੀਤ ਸਿੰਘ ਦਰਦੀ ਨੂੰ ਵਧਾਈ ਦਿੰਦਿਆਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਕਿਹਾ ਕਿ ਸਾਡੇ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਚੜ੍ਹਦੀ ਕਲਾ ਟਾਈਮ ਟੀਵੀ ਨੇ ਆਪਣੀਆਂ ਸੇਵਾਵਾਂ ਦੇਣ ਲਈ ਸਾਡੇ ਦਰਾਂ ਤੇ ਦਸਤਕ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਅਤ ਦੇ ਪ੍ਰਚਾਰ, ਪਾਸਾਰ ਲਈ ਵਡਮੁੱਲਾ ਯੋਗਦਾਨ ਪਾ ਰਹੇ ਟਾਈਮ ਟੀਵੀ ਨੂੰ ਸਾਡੇ ਵੱਲੋਂ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਫਾਊਂਡਰ ਪ੍ਰਧਾਨ ਗਿਆਨ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਪਿਛਲੇ ਦਿਨੀਂ ਪਟਿਆਲਾ ਵਿਖੇ ਜਾ ਕੇ ਚੜ੍ਹਦੀ ਕਲਾ ਦੀਆਂ ਬੁਲੰਦੀਆਂ ਨੂੰ ਆਪਣੇ ਅੱਖੀਂ ਵੇਖਿਆ ਹੈ। ਦਰਦੀ ਪਰਿਵਾਰ ਅਤੇ ਅਦਾਰਾ ਨਿਰਸੰਦੇਹ ਬਹੁਤ ਹੀ ਨਿਮਰਤਾ ਅਤੇ ਸੁਹਿਰਦਤਾ ਨਾਲ ਪੰਜਾਬੀ ਭਾਈਚਾਰੇ ਦੀ ਅਣਥੱਕ ਸੇਵਾ ਕਰ ਰਿਹਾ ਹੈ। ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸੰਧੂ ਨੇ ਹਰਪ੍ਰੀਤ ਸਿੰਘ ਦਰਦੀ ਅਤੇ ਅਦਾਰਾ ਚੜ੍ਹਦੀ ਕਲਾ ਦੀ ਵੈਨਕੂਵਰ ਖੇਤਰ ਵਿਚ ਆਮਦ ਨੂੰ ਜੀ ਆਇਆਂ ਕਿਹਾ ਅਤੇ ਆਪਣੀ ਸੰਸਥਾ ਵੱਲੋਂ ਮਦਦ ਕਰਨ ਦਾ ਭਰੋਸਾ ਦੁਆਇਆ। ਗੁਰਦੁਆਰਾ ਸਾਹਿਬ ਬਰੁੱਕਸਾਈਡ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਸਿੱਖੀ ਕਾਰਜ ਲਈ ਲੰਮੇਂ ਸਮੇਂ ਤੋਂ ਸੇਵਾ ਕਰਦੇ ਆ ਰਹੇ ਚੜ੍ਹਦੀ ਕਲਾ ਅਖਬਾਰ ਅਤੇ ਟਾਈਮ ਟੀਵੀ ਦਾ ਵੈਨਕੂਵਰ ਖੇਤਰ ਵਿਚ ਪ੍ਰਵੇਸ਼ ਕਰਨ ਤੇ ਸਵਾਗਤ ਕੀਤਾ ਅਤੇ ਕਿਹਾਕਿ ਇਸ ਦੀ ਮਦਦ ਕਰਨਾ ਸਾਡਾ ਸਭਨਾਂ ਦਾ ਫਰਜ਼ ਹੈ। ਮੋਹਨ ਸਿੰਘ ਮੈਮੇਰੀਅਲ ਫਾਊਂਡੇਸ਼ਨ ਦੇ ਕਨਵੀਨਰ ਸਾਹਿਬ ਥਿੰਦ ਨੇ ਕਿਹਾ ਕਿ ਅਦਾਰਾ ਚੜ੍ਹਦੀ ਕਲਾ ਵੱਲੋਂ ਬੀਤੇ ਸਮੇਂ ਵਿਚ ਇੱਥੋਂ ਦੀਆਂ ਸਰਗਰਮੀਆਂ ਨੂੰ ਪੰਜਾਬ ਵਿਚ ਪ੍ਰਕਾਸ਼ਿਤ ਕਰਨ ਦਾ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਇਸ ਅਦਾਰੇ ਦੀ ਸਹਾਇਤਾ ਕਰਨਾ ਸਾਡੀ ਖੁਸ਼ੀ ਦਾ ਸਬੱਬ ਹੈ। ਸ਼ਾਇਰ ਮੋਹਨ ਗਿੱਲ, ਬਿੱਕਰ ਸਿੰਘ ਖੋਸਾ, ਲਖਬੀਰ ਸਿੰਘ ਖੰਗੂੜਾ ਅਤੇ ਹਰਦਮ ਸਿੰਘ ਮਾਨ ਨੇ ਵੀ ਅਦਾਰਾ ਚੜ੍ਹਦੀ ਕਲਾ ਵੱਲੋਂ ਪੰਜਾਬ ਦੇ ਇਤਿਹਾਸ, ਸਾਹਿਤ ਅਤੇ ਸਮਾਜ ਲਈ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਦੀ ਪ੍ਰਸੰਸਾ ਕੀਤੀ ਅਤੇ ਆਪੋ ਆਪਣੀਆਂ ਸੰਸਥਾਵਾਂ ਵੱਲੋਂ ਭਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਹਰਪ੍ਰੀਤ ਸਿੰਘ ਦਰਦੀ ਨੂੰ ਧਾਰਮਿਕ, ਸਮਾਜਿਕ, ਸੱਭਿਅਚਾਰਕ ਅਤੇ ਸਾਹਿਤਕ ਖੇਤਰਾਂ ਦੀਆਂ 13 ਸੰਸਥਾਵਾਂ ਵੱਲੋਂ ਫੁੱਲਾਂ ਦੇ ਗੁਲਦਸਤਿਆਂ ਦੀ ਮਹਿਕ ਵਿਚ ਸ਼ਾਨਦਾਰ ਪਲੈਕ, ਲੋਈ ਨਾਲ ਸਨਮਾਨ ਕੀਤਾ ਗਿਆ। ਹਰਪ੍ਰੀਤ ਸਿੰਘ ਦਰਦੀ ਨੇ ਇਸ ਵਡੇਰੇ ਮਾਣ ਸਨਮਾਨ ਲਈ ਸ. ਜੈਤੇਗ ਸਿੰਘ ਅਨੰਤ, ਸੁਖ ਧਾਲੀਵਾਲ ਅਤੇ ਸਮੂਹ ਸੰਸਥਾਵਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਿਆਰ, ਸਤਿਕਾਰ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਚੜ੍ਹਦੀ ਕਲਾ ਟਾਈਮ ਟੀਵੀ ਦਾ ਪ੍ਰਸਾਰਨ ਉੱਤਰੀ ਅਮਰੀਕਾ, ਕੈਨੇਡਾ ਵਿਚ ਉਪਲਬਧ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਆਉਣ ਵਾਲੇ ਦਿਨਾਂ ਵਿਚ ਇਸ ਖੇਤਰ ਵਿਚ ਆਪਣਾ ਸਟੂਡੀਓ ਸਥਾਪਿਤ ਕਰਕੇ ਇਥੋਂ ਦੀਆਂ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਦਾ ਟੀਚਾ ਹੈ, ਜੋ ਤੁਹਾਡੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।
ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਆਏ ਜਸਨਾਮ ਸਿੰਘ (ਦੇਸ਼ ਭਗਤ ਗਿਆਨੀ ਨਾਹਰ ਸਿੰਘ ਦੇ ਪੜਪੋਤਰੇ) ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਗੌਰੀ (ਡੁਬਈ ਵਾਲੇ), ਚਰਨਜੀਤ ਸਿੰਘ ਮਰਵਾਹਾ, ਧਰਮ ਸਿੰਘ ਪਨੇਸਰ, ਹਰਿੰਦਰ ਸਿੰਘ ਸੋਹੀ ਸ਼ਾਮਲ ਸਨ।