ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 12 ਦਸੰਬਰ , ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖ ਬਾਣੀ ਅਨੁਸਾਰ ਹੀ ਪੰਜਾਬ ਦੇ ਸਾਰੇ ਹਿੱਸਿਆਂ ਅੰਦਰ ਹਲਕੀ ਅਤੇ ਦਰਮਿਆਨੀ ਵਰਖਾ ਹੋ ਰਹੀ ਹੈ ।
ਸੁਹਾਂਜਣਾ ਦੇ ਰੁੱਖ ਦੇ ਪੱਤਿਆਂ ਉੱਪਰ ਮੋਤੀਆਂ ਵਾਂਗ ਚਮਕਦੀਆਂ ਮੀਂਹ ਦੇ ਪਾਣੀ ਦੀਆਂ ਬੂੰਦਾਂ
ਫ਼ਾਜ਼ਿਲਕਾ , ਫ਼ਿਰੋਜ਼ਪੁਰ ਬਠਿੰਡਾ , ਮਾਝਾ ਖੇਤਰ ਦੇ ਅੰਮ੍ਰਿਤਸਰ , ਤਰਨਤਾਰਨ ਤੋਂ ਇਲਾਵਾ ਦੋਆਬਾ ਖੇਤਰ ਵਿੱਚ ਵੀ ਬੀਤੀ 11-12 ਦਸੰਬਰ ਦੀ ਦਰਮਿਆਨੀ ਰਾਤ ਤੋਂ ਹੀ ਕਣੀਆਂ ਪੈ ਰਹੀਆਂ ਹਨ ।
ਖੇਤੀਬਾੜੀ ਮਾਹਿਰਾਂ ਦਾ ਇਸ ਸਬੰਧੀ ਵਿਚਾਰ ਹੈ ਕਿ ਇਹ ਮੀਂਹ ਹਾੜ੍ਹੀ ਦੀ ਮੁੱਖ ਫਸਲ ਕਣਕ ਲਈ ਕਾਫ਼ੀ ਲਾਹੇਵੰਦ ਹੈ ।
ਇਸ ਦੌਰਾਨ ਨਰਮਾ ਪੱਟੀ ਦੇ ਪਿੰਡਾਂ ਅੰਦਰ ਹਾਲੇ ਕਣਕ ਦੀ ਬਿਜਾਈ ਹੋ ਰਹੀ ਹੈ ਜਾਂ ਹੋਣ ਵਾਲੀ ਹੈ , ਉਸ ਖੇਤਰ ਵਿੱਚ ਕਣਕ ਦੀ ਬਿਜਾਈ ਪੱਛੜ ਜਾਣ ਦਾ ਮਾਹੌਲ ਪੈਦਾ ਹੋ ਗਿਆ ਹੈ ।
ਇਸ ਦੌਰਾਨ ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਪਿਛਲੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਦੀ ਸਾਂਭ ਸੰਭਾਲ ਦੌਰਾਨ ਉੱਤਰੀ ਭਾਰਤ ਵਿੱਚ ਚੜ੍ਹੇ ਧੂੰਏਂ ਅਤੇ ਗਰਦ ਦੇ ਬੱਦਲ ਇਸ ਬਰਸਾਤ ਨਾਲ ਸਾਫ ਹੋ ਜਾਣਗੇ ।
ਆਉਣ ਵਾਲੇ ਦਿਨਾਂ ਅੰਦਰ ਠੰਡ ਦੇ ਵਧਣ ਦੀ ਸੰਭਾਵਨਾ ਵੀ ਦੱਸੀ ਗਈ ਹੈ ।