← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ, 12 ਦਸੰਬਰ: ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣਾ ਹਰੇਕ ਨਾਗਰਿਕ ਦੀ ਨੈਤਿਕ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਕਿਸਾਨ ਵੀਰਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਜਾਗਰੂਕਤਾ ਕੈਂਪਾਂ ਤੋਂ ਪ੍ਰੇਰਿਤ ਹੋ ਕੇ ਕਿਸਾਨ ਹੁਣ ਰਹਿੰਦ ਖੰੂਹਦ ਨੰੂ ਸਾੜਨ ਦੀ ਬਜਾਏ ਇਸਦਾ ਵਾਤਾਵਰਣ ਪੱਖੀ ਨਿਬੇੜਾ ਕਰ ਰਹੇ ਹਨ। ਅਜਿਹੇ ਕਿਸਾਨਾਂ ’ਚ ਮਿਸਾਲ ਕਾਇਮ ਕਰ ਰਿਹਾ ਪਿੰਡ ਰਾਜਾਂ ਵਾਲੀ ਦਾ ਅਗਾਂਹਵਧੂ ਕਿਸਾਨ ਰਾਜ ਕਮਲ ਜੋ ਕਿ ਪਿਛਲੇ 3 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਪੱਖੀ ਮਾਹੌਲ ਸਿਰਜਣ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸਫ਼ਲ ਕਿਸਾਨ ਰਾਜ ਕਮਲ ਦਾ ਕਹਿਣਾ ਹੈ ਕਿ ਉਹ 80 ਏਕੜ ਜ਼ਮੀਨ ਅੰਦਰ ਕਣਕ ਅਤੇ ਝੋਨੇ ਦੀ ਖੇਤੀ ਕਰਦਾ ਹੈ। ਉਸਨੇ ਕਿਹਾ ਕਿ ਉਹ ਪਹਿਲਾਂ ਫ਼ਸਲ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਗਾ ਦਿੰਦਾ ਸੀ ਜਿਸ ਨਾਲ ਉਸਨੂੰ ਫਸਲ ਤੋਂ ਕੋਈ ਵਧੇਰੇ ਲਾਹਾ ਨਹੀਂ ਮਿਲ ਰਿਹਾ ਸੀ। ਉਸਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਕਹਿਣ ਅਨੁਸਾਰ ਉਸਨੇ ਪਿਛਲੇ 3 ਸਾਲਾਂ ਤੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ, ਜਿਸ ਨਾਲ ਉਸਨੂੰ ਫ਼ਸਲ ਦਾ ਵੱਧ ਲਾਭ ਮਿਲਿਆ ਹੈ ਤੇ ਉਹ ਬੇਹਦ ਖੁਸ਼ ਹੈ। ਉਸਨੇ ਦੱਸਿਆ ਕਿ ਉਸਨੂੰ ਫ਼ਸਲ ਦਾ ਝਾੜ ਤਾਂ ਵੱਧ ਪ੍ਰਾਪਤ ਹੋਇਆ ਹੀ ਹੈ ਅਤੇ ਦੂਜਾ ਉਹ ਵਾਤਾਵਰਣ ਨੂੰ ਸ਼ੁੱਧ ਰੱਖਣ ’ਚ ਆਪਣਾ ਯੋਗਦਾਨ ਵੀ ਪਾ ਸਕਿਆ ਹੈ। ਅਗਾਂਹਵਧੂ ਕਿਸਾਨ ਨੇ ਕਿਹਾ ਕਿ ਉਹ 80 ਏਕੜ ਵਿੱਚੋਂ 50 ਏਕੜ ਜ਼ਮੀਨ ਅੰਦਰ ਮਲਚਰ ਤੇ ਐਮ.ਬੀ.ਪਲੋਅ ਮਾਰਣ ਉਪਰੰਤ ਜੀਰੋ ਡਰਿਲ ਫੇਰਦਾ ਹੈ ਜਿਸ ਨਾਲ ਫ਼ਸਲ ਦੀ ਕਟਾਈ ਉਪਰੰਤ ਕਰਚਿਆਂ ਨੂੰ ਜਮੀਨ ਵਿੱਚ ਰਲਾ ਦਿੰਦਾ ਹੈ। ਉਸਨੇ ਦੱਸਿਆ ਕਿ 27 ਏਕੜ ਜ਼ਮੀਨ ਨੂੰ ਹੈਪੀ ਸੀਡਰ ਅਤੇ 3 ਏਕੜ ਜ਼ਮੀਨ ਨੂੰ ਸੁਪਰ ਸਟਰਾਅ ਮੈਨੇਜਮੈਂਟ ਮਸ਼ੀਨ ਦੀ ਮਦਦ ਨਾਲ ਪਰਾਲੀ ਦੀ ਜਮੀਨ ਅੰਦਰ ਵਹਾਈ ਕਰਦਾ ਹੈ। ਉਸਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ’ਤੇ ਮੁਹੱਈਆ ਕਰਵਾਏ ਜਾਂਦੇ ਸੰਦਾਂ ਦੀ ਵਰਤੋਂ ਕਰਕੇ ਉਹ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵਾਤਾਰਣ ਪੱਖੀ ਨਿਪਟਾਰਾ ਕਰ ਰਿਹਾ ਹੈ। ਕਿਸਾਨ ਰਾਜ ਕਮਲ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਵੱਖ-ਵੱਖ ਆਧੁਨਿਕ ਸੰਦਾਂ ਦੀ ਵਰਤੋਂ ਨਾਲ ਜਮੀਨ ਅੰਦਰ ਵਹਾਇਆ ਜਾਵੇ। ਉਸਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਰਣ ਦਾ ਗੰਧਲਾ ਹੁੰਦਾ ਹੀ ਹੈ ਜਮੀਨ ਦੀ ਉਪਜਾਊ ਸ਼ਕਤੀ ਵੀ ਖਤਮ ਹੁੰਦੀ ਹੈ। ਉਸਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਸਲਾਹਾਂ ਅਨੁਸਾਰ ਖੇਤੀ ਕਰਕੇ ਫ਼ਸਲ ਦਾ ਵੱਧ ਝਾੜ ਪ੍ਰਾਪਤ ਕਰਕੇ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ।
Total Responses : 930