ਗਾਇਕ ਹਰਮਿੰਦਰ ਨੂਰਪੁਰੀ ਨੂੰ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਵਿਦਾਇਗੀ ਦਿੰਦੇ ਹੋਏ ਪ੍ਰਬੰਧਕ।
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 12 ਦਸੰਬਰ 2019: ਬੀਤੇ ਦਿਨੀਂ ਖਤਮ ਹੋਈਆਂ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਸਭਿਆਚਾਰਕ ਗੀਤ ਅਤੇ ਵਿਸ਼ੇਸ਼ ਤੌਰ 'ਤੇ ਸਿੱਖ ਖੇਡਾਂ ਬਾਰੇ ਗੀਤ ਨੂੰ ਪੇਸ਼ ਕਰਨ ਪਹੁੰਚੇ ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਅੱਜ ਬਾਅਦ ਦੁਪਹਿਰ ਵਾਪਸ ਭਾਰਤ ਰਵਾਨਾ ਹੋ ਗਏ। ਉਨ੍ਹਾਂ ਨੂੰ ਸਿੱਖ ਖੇਡਾਂ ਦੀ ਕਮੇਟੀ ਦੇ ਚੇਅਰਮੈਨ ਸ. ਤਾਰਾ ਸਿੰਘ ਬੈਂਸ, ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ, ਮਾਲਵਾ ਕਲੱਬ ਦੇ ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਅਤੇ ਸ. ਹਰਜਿੰਦਰ ਸਿੰਘ ਨੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤ ਲਈ ਰਵਾਨਾ ਕੀਤਾ।
ਗਾਇਕ ਨੂਰਪੁਰੀ ਪ੍ਰਸਿੱਧ ਗੀਤਕਾਰ ਹਰਵਿੰਦਰ ਉਹੜਪੁਰੀ ਦੇ ਨਾਲ ਇਥੇ ਖਾਸ ਤੌਰ 'ਤੇ ਖੇਡਾਂ ਦੇ ਮਹਾਂ ਕੁੰਭ ਵਿਚ ਪਹੁੰਚੇ ਸਨ। ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਜਿੱਥੇ ਦੋ ਦਿਨਾਂ ਖੇਡ ਮੇਲੇ ਦੇ ਵਿਚ ਆਪਣੇ ਗੀਤਾਂ ਨਾਲ ਸਟੇਜ ਉਤੇ ਰੌਣਕ ਲਾਈ ਰੱਖੀ ਉਥੇ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੇ 'ਫੈਮਿਲੀ ਨਾਈਟ' ਪ੍ਰੋਗਰਾਮ ਦੇ ਵਿਚ ਵੀ ਗੀਤਾਂ ਦੀ ਛਹਿਬਰ ਲਾਈ। ਗਾਇਕ ਹਰਮਿੰਦਰ ਨੂਰਪੁਰੀ ਨੇ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਲਈ ਹਰਵਿੰਦਰ ਉਹੜਪੁਰੀ ਦਾ ਲਿਖਿਆ ਗੀਤ 'ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਹਨ ਸ਼ਾਨ ਪੰਜਾਬੀਅੰ ਦੀ' ਜੱਸੀ ਬ੍ਰਦਰਜ਼ ਦੇ ਸੰਗੀਤ ਵਿਚ ਗਾਇਆ ਸੀ। ਇਹ ਗੀਤ ਪ੍ਰਸਿੱਧ ਕੰਪਨੀ ਮੰਗਲਾ ਰਿਕਾਰਡਜ਼ ਨੇ ਇੰਡੀਆ ਦੇ ਵਿਚ ਰਿਲੀਜ ਕੀਤਾ ਸੀ ਅਤੇ ਇਸਦੀ ਵੀਡੀਓ ਵੀ ਜਾਰੀ ਕੀਤੀ ਗਈ ਸੀ। ਨਿਊਜ਼ੀਲੈਂਡ ਫੇਰੀ ਦੌਰਾਨ ਹਰਮਿੰਦਰ ਨੂਰਪੁਰੀ ਨੂੰ ਵੱਖ-ਵੱਖ ਸਮਾਗਮਾਂ ਦੇ ਵਿਚ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸਿੱਖ ਖੇਡਾਂ ਦੀ ਟ੍ਰਾਫੀ, ਮੈਡਲ ਅਤੇ ਸਰਟੀਫਿਕੇਟ ਦਿੱਤਾ ਗਿਆ। ਗਾਇਕ ਹਰਮਿੰਦਰ ਨੂਰਪੁਰੀ ਨੇ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਸਮੂਹ ਪ੍ਰਬੰਧਕਾਂ, ਦਰਸ਼ਕਾਂ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਅੰਤਾਂ ਦਾ ਪਿਆਰ ਦਿੱਤਾ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਲਾਹਿਆ।