ਐੱਸ.ਏ.ਐੱਸ.ਨਗਰ 12 ਦਸੰਬਰ ,2019: ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦੇ ਮਿਆਰੀ ਟੀਚਿਆਂ ਦੀ ਪ੍ਰਾਪਤੀ ਲਈ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਨਿਰਧਾਰਿਤ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਲਈ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨਾਲ਼ ਰਿਵਿਊ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਮੁੱਖ ਦਫ਼ਤਰ ਵਿਖੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ(ਐ.ਸਿੱ), ਡਾਈਟ ਪ੍ਰਿੰਸੀਪਲਾਂ ਅਤੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਨਾਲ਼ ਪ੍ਰਾਇਮਰੀ ਸਿੱਖਿਆ ਦੇ ਸਿੱਖਣ ਪਰਿਣਾਮਾਂ ਨਾਲ਼ ਸਬੰਧਿਤ ਰਿਵਿਊ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਇੰਦਰਜੀਤ ਸਿੰਘ ਡੀਪੀਆਈ ਅੈਲੀਮੈਂਟਰੀ ਸਿੱਖਿਆ ਕਮ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੀ੍ਸ਼ਦ ਪੰਜਾਬ ਵੀ ਮੌਜੂਦ ਰਹੇ|
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਸਮੂਹ ਸਿੱਖਿਆ ਅਧਿਕਾਰੀਅਾਂ ਨੂੰ ਪ੍ਰਾਇਮਰੀ ਸਿੱਖਿਆ ਦੇ ਗੁਣਾਤਮਿਕ ਟੀਚਿਆਂ ਦੀ ਪ੍ਰਾਪਤੀ ਲਈ ਪੂਰਨ ਯੋਜਨਾਬੰਦੀ ਕਰਨ ਲਈ ਕਿਹਾ।
ਇਸ ਮੌਕੇ ਉਹਨਾਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਉਹਨਾਂ ਦੇ ਜ਼ਿਲ੍ਹਿਆਂ ਦੇ ਕਰਮਚਾਰੀਆਂ ਅਤੇ ਅਧਿਆਪਕਾਂ ਦੇ ਪੈਂਡਿੰਗ ਟਾਈਮ ਬਾਰਡ ਮੈਡੀਕਲ ਬਿਲਾਂ ਨੂੰ ਆਨ ਲਾਈਨ ਪ੍ਰਕਿਰਿਆ ਰਾਹੀਂ ਨਿਪਟਾਰਾ ਕਰਨ, ਗੁਣਾਤਮਿਕ ਸਿੱਖਿਆ ਸੰਬੰਧੀ ਡਾਟੇ ਦਾ ਵਿਸ਼ਲੇਸ਼ਣ ਕਰਨ, ਅਧਿਆਪਕਾਂ ਦੇ ਪੈਂਡਿੰਗ ਗਰੀਵੀਐਂਸਜ਼ ਸੰਬੰਧੀ ਜ਼ਿਲ੍ਹਿਆਂ ਦੇ ਨੋਡਲ ਅਫ਼ਸਰਾਂ ਨਾਲ਼ ਲਗਾਤਾਰ ਰਾਬਤਾ ਰੱਖਣ, ਸਿੱਖਿਆ ਵਿਭਾਗ ਦੀ ਦਰਪਣ ਐਪ ਦੀ ਵਰਤੋਂ ਕਰਨ, ਸਮਾਰਟ ਸਕੂਲ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਅਤੇ ਨਿਰਧਾਰਿਤ ਟੀਚਿਆਂ ਦੀ ਪ੍ਰਾਪਤੀ ਲਈ ਸਿੱਧੀ ਭਰਤੀ ਰਾਹੀਂ ਨਿਯੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਜ਼ ਅਤੇ ਹੈੱਡ ਟੀਚਰਜ਼ ਨਾਲ਼ ਮੀਟਿੰਗਾਂ ਕਰਨ ਲਈ ਕਿਹਾ।
ਇਸ ਮੌਕੇ ਡਾ. ਦਵਿੰਦਰ ਬੋਹਾ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਨੇ ਵੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐ.ਸਿੱ), ੳੁਪ ਜਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਪਿ੍ੰਸੀਪਲ ਡਾਈਟ ਨੂੰ ਸੰਬੋਧਿਤ ਕੀਤਾ।