ਬਾਲਮੀਕਿ ਨੌਜਵਾਨ ਸਭਾ ਕਲੱਬ ਸੋਹਾਣਾ ਦੇ ਅਹੁਦੇਦਾਰਾਂ ਨੂੰ ਲੰਗਰ ਹਾਲ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਦੇ ਹੋਏ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ।
ਕਿਹਾ, ਕੈਪਟਨ ਦੇ ਰਾਜ ਵਿੱਚ ਹਰ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣੀ
ਬਾਲਮੀਕਿ ਨੌਜਵਾਨ ਸਭਾ ਕਲੱਬ ਸੋਹਾਣਾ ਨੂੰ ਲੰਗਰ ਹਾਲ ਦੇ ਨਿਰਮਾਣ ਲਈ 5 ਲੱਖ ਰੁਪਏ ਦਾ ਚੈੱਕ ਸੌਂਪਿਆ
ਐਸ.ਏ.ਐਸ. ਨਗਰ, 12 ਦਸੰਬਰ 2019: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਲਕਾਰਦਿਆਂ ਕਿਹਾ ਕਿ ਆਪਣੇ ਗੁਨਾਹਾਂ ਤੋਂ ਡਰਦਾ ਸੁਖਬੀਰ ਹੁਣ ਕਾਂਗਰਸ ਦੇ ਮੰਤਰੀਆਂ ’ਤੇ ਝੂਠੇ ਇਲਜ਼ਮ ਲਾਉਣ ਦੀਆਂ ਕੋਝੀਆਂ ਚਾਲਾਂ ’ਤੇ ਉਤਾਰੂ ਹੋ ਗਿਆ ਹੈ।
ਬਾਲਮੀਕਿ ਨੌਜਵਾਨ ਸਭਾ ਕਲੱਬ ਸੋਹਾਣਾ ਦੇ ਅਹੁਦੇਦਾਰਾਂ ਨੂੰ ਲੰਗਰ ਹਾਲ ਲਈ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਕਰਨ ਪਿੱਛੋਂ ਗੱਲਬਾਤ ਦੌਰਾਨ ਉਨਾਂ ਕਿਹਾ ਕਿ ਸ਼ਬਦ ਗੁਰੂ ਦੀ ਬੇਅਦਬੀ, ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਲੱਤ ਲਾਉਣ ਅਤੇ ਗੈਂਗਸਟਰਾਂ ਨਾਲ ਗੰਢ-ਤੁੱਪ ਜਿਹੇ ਦੋਸ਼ਾਂ ਤੋਂ ਬਚਣ ਦੀ ਕੋਸ਼ਿਸ਼ ਤਹਿਤ ਅਕਾਲੀ ਦਲ ਦੇ ਆਗੂ ਕੋਝੀਆਂ ਹਰਕਤਾਂ ’ਤੇ ਉਤਾਰੂ ਹੋ ਗਏ ਹਨ। ਉਨਾਂ ਕਿਹਾ ਕਿ ਪਹਿਲਾਂ ਅਕਾਲੀਆਂ ਨੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੇ ਹਥਕੰਡਿਆਂ ਦਾ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਅਤੇ ਹੁਣ ਮੇਰੇ ’ਤੇ ਦੋਸ਼ ਲਾ ਕੇ ਆਪਣੇ ਗੁਨਾਹਾਂ ’ਤੇ ਪਰਦਾ ਪਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ। ਉਨਾਂ ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਨੂੰ ਫ਼ਲਾਪ ਕਰਾਰ ਦਿੰਦਿਆਂ ਇਸ ਧਰਨੇ ਨੂੰ ਅਕਾਲੀ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਦੇ ਨਿਜੀ ਸਿਆਸੀ ਮੁਫ਼ਾਦ ਦੀ ਪੂਰਤੀ ਦੱਸਿਆ।
ਸ. ਸਿੱਧੂ ਨੇ ਕਿਹਾ ਕਿ ਅਕਾਲੀਆਂ ਦੀਆਂ ਵਧੀਕੀਆਂ ਤੇ ਧੱਕੇਸ਼ਾਹੀਆਂ ਦੇ ਉਲਟ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹਰ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਈ ਜਾ ਰਹੀ ਹੈ।
ਨਾਗਰਿਕਤਾ ਸੋਧ ਬਿਲ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਲੋਕਾਂ ਦੀ ਪ੍ਰਵਾਹ ਦਾ ਵਿਖਾਵਾ ਕਰਨ ਵਾਲੇ ਅਕਾਲੀਆਂ ਖ਼ਾਸ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਦੀ ਗ਼ੈਰ-ਸੰਵਿਧਾਨਕ ਤੇ ਇਕਪਾਸੜ ਸੋਚ ’ਤੇ ਹੀ ਪਹਿਰਾ ਦਿੱਤਾ, ਜਦਕਿ ਇਹ ਬਿਲ ਧਰਮ ਨਿਰਪੱਖਤਾ ਦੀ ਕਸਵੱਟੀ ’ਤੇ ਖਰਾ ਨਹੀਂ ਉਤਰਦਾ। ਕੇਂਦਰ ਵੱਲੋਂ ਜੀ.ਐਸ.ਟੀ. ਦਾ ਪੰਜਾਬ ਦਾ ਬਣਦਾ 4100 ਕਰੋੜ ਰੁਪਏ ਦਾ ਬਕਾਇਆ ਨਾ ਦੇਣ ’ਤੇ ਅਕਾਲੀ ਦਲ ਨੂੰ ਘੇਰਦਿਆਂ ਉਨਾਂ ਕਿਹਾ ਕਿ ਕੇਂਦਰ ਤੋਂ ਜੀ.ਐਸ.ਟੀ. ਦਾ ਹਿੱਸਾ ਸਮੇਂ ਸਿਰ ਨਾ ਮਿਲਣ ਕਾਰਨ ਸੂਬਾ ਸਰਕਾਰ ਨੂੰ ਫ਼ੰਡਾਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਜੇ ਅਕਾਲੀਆਂ ਨੂੰ ਪੰਜਾਬੀਆਂ ਨਾਲ ਇੰਨਾ ਹੀ ਹੇਜ ਹੈ ਤਾਂ ਉਹ ਕੇਂਦਰ ਤੋਂ ਜਲਦੀ ਤੋਂ ਜਲਦੀ ਪੰਜਾਬ ਦਾ ਜੀ.ਐਸ.ਟੀ. ਬਕਾਇਆ ਜਾਰੀ ਕਰਾਉਣ।
ਬਾਲਮੀਕਿ ਨੌਜਵਾਨ ਸਭਾ ਕਲੱਬ ਦੇ ਅਹੁਦੇਦਾਰਾਂ ਨੂੰ ਸਿਹਤ ਮੰਤਰੀ ਨੇ ਭਰੋਸਾ ਦਿਵਾਇਆ ਕਿ ਵਿਕਾਸ ਕਾਰਜਾਂ ’ਚ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕਲੱਬ ਦੇ ਪ੍ਰਧਾਨ ਸਵਰਨ ਸਿੰਘ ਵਾਲੀਆ, ਬੂਟਾ ਸਿੰਘ ਸੋਹਾਣਾ, ਐਡਵੋਕੇਟ ਸੁਸ਼ੀਲ ਕੁਮਾਰ ਅੱਤਰੀ, ਹਰਜੀਤ ਸਿੰਘ ਭੋਲੂ, ਤਰਸੇਮ ਲਾਲ ਸ਼ਰਮਾ, ਜਸਵਿੰਦਰ ਸਿੰਘ ਜੱਸੀ, ਗੁਰਦੀਪ ਸਿੰਘ, ਮਾਸਟਰ ਸੁਖਦੇਵ ਸਿੰਘ, ਸੌਰਵ ਸ਼ਰਮਾ, ਯਸ਼ਪਾਲ ਸ਼ਰਮਾ, ਸਵਰਨ ਸਿੰਘ, ਸੋਮਰਾਜ, ਹਰਚੰਦ ਸਿੰਘ, ਬੰਤ ਸਿੰਘ, ਮਾਸਟਰ ਰਣਜੀਤ ਸਿੰਘ ਅਤੇ ਸੁਸ਼ੀਲ ਸ਼ਰਮਾ ਵੀ ਹਾਜ਼ਰ ਸਨ।