ਮਾਮਲਾ ਸਿਟੀਜ਼ਨਸ਼ਿਪ ਬਿੱਲ ਦੇ ਵਿਰੋਧ ਦਾ : ਗੁਹਾਟੀ ਹਵਾਈ ਅੱਡੇ ਤੋਂ 13 ਉਡਾਣਾਂ ਕੀਤੀਆਂ ਰੱਦ
ਗੁਹਾਲੀ, 12 ਦਸੰਬਰ, 2019 : ਏਅਰਪੋਰਟਸ ਅਥਾਰਟੀ ਆਫ ਇੰਡੀਆ (ਏ ਏ ਆਈ) ਨੇ ਦੱਸਿਆ ਕਿ ਸਿਟੀਜ਼ਨਸ਼ਿਪ (ਸੋਧ) ਬਿੱਲ (ਸੀ ਏ ਬੀ) ਦੇ ਵਿਰੋਧ ਦੇ ਚਲਦੇ ਬਣੇ ਹਾਲਾਤਾਂ ਕਾਰਨ ਗੁਹਾਟੀ ਹਾਈ ਅੱਡੇ ਤੋਂ 13 ਉਡਾਣਾਂ ਰੱਦ ਕਰਨੀਆਂ ਪਈਆਂ ਹਨ।
ਏ ਏ ਆਈ ਦੇ ਖੇਤਰੀ ਕਾਰਜਕਾਰੀ ਡਾਇਰੈਕਟਰ ਸੰਜੀਵ ਜਿੰਦਲ ਨੈ ਦੱਸਿਆ ਕਿ ਗੁਹਾਟੀ ਹਵਾਈ ਅੱਡੇ ਤੋਂ 13 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਦਿਬਰੂਗੜ ਹਵਾਈ ਅੱਡੇ 'ਤੇ ਫਸੇ 178 ਯਾਤਰੀਆਂ ਨੂੰ ਇੰਡੀਗੋ ਦੀ ਫਲਾਈਟ ਰਾਹੀਂ ਗੁਹਾਟੀ ਲਿਆਂਦਾ ਗਿਆ ਹੈ। ਰੋਸ ਵਿਖਾਵੇ ਜਾਰੀ ਰਹਿਣ ਕਾਰਨ ਗੁਹਾਟੀ ਤੇ ਦਿਬਰੂਗੜ ਵਿਚ ਕਰਫਿਊ ਲਗਾਇਆ ਗਿਆ ਹੈ।
ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਕੀਤੀ ਹੈ ਤੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਕੇਂਦਰ ਸਰਕਾਰ ਆਸਾਮ ਦੀ ਵਿਲੱਖਣ ਪਛਾਣ ਕਾਇਮ ਰੱਖਣ ਲਈ ਆਸਾਮ ਸਮਝੌਤੇ ਦੀ ਧਾਰਾ 6 ਲਾਗੂ ਕਰਨ ਲਈ ਦ੍ਰਿੜ ਸੰਕਲਪ ਹੈ। ਉਹਨਾਂ ਦੱਸਿਆ ਕਿ ਆਸਾਮੀ ਲੋਕਾਂ ਦੇ ਸਭਿਆਚਾਰ, ਭਾਸ਼ਾਈ ਪਛਾਣ ਅਤੇ ਵਿਰਾਸਤ ਦੀ ਰਾਖੀ ਤੇ ਇਸਨੂੰ ਪ੍ਰਫੁੱਲਤ ਕਰਨ ਲਈ ਜੋ ਵੀ ਸੰਵਿਧਾਨਕ, ਵਿਧਾਨਕ ਜਾਂ ਪ੍ਰਸ਼ਾਸਕੀ ਕਦਮ ਚੁੱਕਣੇ ਪਏ, ਚੁੱਕੇ ਜਾਣਗੇ।
ਇਸ ਦੌਰਾਨ ਦਿਬਰੂਗੜ ਵਿਚ ਵਿਖਾਵਾਕਾਰੀਆਂ ਨੇ ਚੌਬਾ ਹਲਕੇ ਤੋਂ ਭਾਜਪਾ ਵਿਧਾਇਕ ਦੇ ਦਿਬਰੂਗੜ ਵਿਚਲੇ ਘਰ ਦੀ ਭੰਨ ਤੋੜ ਕੀਤੀ ਤੇ ਉਸਦੇ ਘਰ ਦੀਆਂ ਕਈ ਵਸਤਾਂ ਨੂੰ ਅੱਗ ਲਗਾ ਦਿੱਤੀ। 10 ਜ਼ਿਲਿਆਂ-ਲਖਮੀਪੁਰ, ਤੀਨਸੂਕੀਆ, ਧੇਮਾਜੀ, ਦਿਬਰੂਗੜ, ਚਰਾਏਦਿਓ, ਸਿਵਾਸਾਗਰ, ਜੋੜਹੱਟ, ਗੋਲਾਘਾਟ, ਕੈਮਰੂਪ (ਮੈਟਰੋ) ਅਤੇ ਕੈਮਰੂਪ ਜ਼ਿਲਿਆਂ ਵਿਚ ਬੁੱਧਵਾਰ ਸ਼ਾਮ 7 ਵਜੇ ਤੋਂ ਮੋਬਾਈਲ ਇੰਟਰਨੈਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ।