ਚੰਡੀਗੜ, 12 ਦਸੰਬਰ, 2019 : ਪੰਜਾਬ ਵਿਚ ਕਾਂਗਰਸ ਪਾਰਟੀ ਦੇ ਵਿਧਾਇਕ ਜੋ ਕਿ ਪਾਰਟੀ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਮੰਤਰੀ ਨਾ ਬਣਾਏ ਜਾਣ ਤੋਂ ਔਖੇ ਹਨ, ਵੱਲੋਂ ਇਕ ਵਾਰ ਫਿਰ ਤੋਂ ਬਗਾਵਤੀ ਸੁਰ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਅੱਜ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੰਤਰੀ ਮੰਡਲ ਵਿਚੋਂ ਨਿਕੰਮੇ ਮੰਤਰੀ ਕੱਢ ਕੇ ਨਵੇਂ ਵਿਧਾਇਕ ਮੰਤਰੀ ਬਣਾਏ ਜਾਣ ਦੀ ਮੰਗ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਨੂੰ ਤਿੰਨ ਸਾਲ ਹੋ ਗਏ ਹਨ ਅਤੇ ਇਹ ਢੁਕਵਾਂ ਸਮਾਂ ਹੈ ਕਿ ਕਾਰਗੁਜ਼ਾਰੀ ਦੇ ਆਧਾਰ 'ਤੇ ਮੰਤਰੀ ਮੰਡਲ ਵਿਚ ਫੇਰ ਬਦਲ ਕੀਤਾ ਜਾਵੇ। ਉਹਨਾਂ ਕਿਹਾ ਕਿ ਜੋ ਚੰਗਾ ਕੰਮ ਕਰ ਰਹੇ ਹਨ, ਉਹਨਾਂ ਨੂੰ ਵਜ਼ਾਰਤ ਵਿਚ ਰੱਖਿਆ ਜਾਵੇ ਤੇ ਨਿਕੰਮੇ ਮੰਤਰੀ ਕੱਢ ਕੇ ਚੰਗੀ ਕਾਰਗੁਜ਼ਾਰੀ ਵਾਲੇ ਵਿਧਾਇਕ ਵਿਚ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।
ਜਦੋਂ ਪੁੱਛਿਆ ਗਿਆ ਕਿ ਸਰਕਾਰ ਵਿਚ ਨਿਕੰਮੇ ਮੰਤਰੀ ਕੌਦ ਹਨ ਤਾਂ ਵੜਿੰਗ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ ਤੇ ਨਾ ਹੀ ਮੈਂ ਕਿਸੇ ਮੰਤਰੀ ਦੇ ਕਿਸੇ ਗੱਲੋਂ ਖਿਲਾਫ ਹਾਂ ਅਤੇ ਮੈਂ ਨਹੀਂ ਆਖਣਾ ਚਾਹੁੰਦਾ ਕਿ ਕਿਸਨੂੰ ਰੱਖਿਆ ਜਾਵੇ ਜਾਂ ਫਿਰ ਕਿਸਨੂੰ ਕੱਢਿਆ ਜਾਵੇ ਅਤੇ ਕੌਣ ਸ਼ਾਮਲ ਕੀਤਾ ਜਾਵੇ ਪਰ ਮੈਂ ਮੁੱਖ ਮੰਤਰੀ ਅਤੇ ਸੁਨੀਲ ਜਾਖੜ ਨੂੰ ਬੇਨਤੀ ਕਰਾਂਗਾ ਕਿ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇ ਅਤੇ ਉਸ ਅਨੁਸਾਰ ਹੀ ਫੇਰ ਬਦਲ ਕੀਤਾ ਜਾਵੇ।
ਜਦੋਂ ਪੁੱਛਿਆ ਗਿਆ ਕਿ ਜਦੋਂ ਪਿਛਲੀ ਵਾਰ ਫੇਰਬਦਲ ਹੋਇਆ ਸੀ ਤਾਂ ਕੀ ਉਹ ਮੰਤਰੀ ਬਣਨ ਦੇ ਇੱਛੁਕ ਸਨ ਤਾਂ ਵੜਿੰਗ ਨੇ ਆਖਿਆ ਕਿ ਮੇਰੀ ਇੱਛਾ ਸੀ ਕਿ ਮੈਨੂੰ ਮੌਕਾ ਮਿਲਦਾ ਪਰ ਮੈਂ ਵਿਧਾਇਕ ਵਜੋਂ ਹੀ ਸੰਤੁਸ਼ਟ ਹਾਂ ਤੇ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਪਰ ਇੱਛਾ ਪਾਲਣੀ ਕੋਈ ਗਲਤ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਹੋਰ ਨੂੰ ਮੰਤਰੀ ਦਾ ਅਹੁਦਾ ਮਿਲ ਜਾਂਦਾ ਹੈ ਤਾਂ ਉਹਨਾਂ ਨੂੰ ਸ਼ਿਕਵਾ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਅਤੇ ਚੰਗਾ ਪ੍ਰਸ਼ਾਸਨ ਦੇਣ ਲਈ ਇਹ ਜ਼ਰੂਰੀ ਹੈ ਕਿ ਜਿਹਨਾਂ ਨੇ ਪਿਛਲੇ ਤਿੰਨ ਸਾਲਾਂ ਵਿਚ ਚੰਗਾ ਕੰਮ ਕੀਤਾ ਹੈ, ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿਉਂਕਿ ਮੌਜੂਦਾ ਮੰਤਰੀ ਮੰਡਲ ਨੂੰ ਆਪਣੀ ਕਾਬਲੀਅਤ ਸਾਬਤ ਕਰਨ ਦਾ ਵਾਧੂ ਸਮਾਂ ਮਿਲ ਚੁੱਕਾ ਹੈ।
ਉਹਨਾਂ ਕਿਹਾ ਕਿ ਲੋਕਾਂ ਵਿਚ ਜਾ ਕੇ ਸਵਾਲ ਕਰਨਾ ਚਾਹੀਦਾ ਹੈ ਕਿ ਉਹਨਾਂ ਮੁਤਾਬਕ ਕਿਸਨੇ ਚੰਗਾ ਕੰਮ ਕੀਤਾ ਕਿਉਂਕਿ ਜਨਤਾ ਸਭ ਜਾਣਦੀ ਹੈ ਕਿ ਕਿਸਨੇ ਕੀਤਾ ਅਤੇ ਕਿਸਨੇ ਨਹੀਂ ਕੀਤਾ। ਉਹਨਾਂ ਕਿਹਾ ਕਿ ਮੈਂ ਕਿਸੇ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਵਾਲਾ ਕੋਈ ਨਹੀਂ ਹੁੰਦਾ। ਮੁੱਖ ਮੰਤਰੀ ਅਤੇ ਵਿਭਾਗ ਜਾਣਦੇ ਹਨ ਕਿ ਕਿਹੜੇ ਮੰਤਰੀ ਦਾ ਕੰਮ ਚੰਗਾ ਹੈ ਤੇ ਕਿਸਦਾ ਨਹੀਂ।
ਵਿਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=8q8mOUJHD0A&feature=youtu.be