- 5 ਮੈਂਬਰੀ ਕਮੇਟੀ ਦੇ ਬੁਲਾਵੇ ਪ੍ਰਤੀ ਹਾਮੀ ਭਰਨ ਦੇ ਬਾਵਜੂਦ ਢੱਡਰੀਵਾਲਾ ਦਾ ਕਮੇਟੀ ਨੂੰ ਮਿਲਣ ਬਾਰੇ ਬੇਯਕੀਨੀ ਬਰਕਰਾਰ।
ਅੰਮ੍ਰਿਤਸਰ, 12 ਦਸੰਬਰ 2019 - ਵਿਵਾਦਿਤ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਨਾਲ 22 ਦਸੰਬਰ ਨੂੰ ਮੀਟਿੰਗ ਕਰੇਗਾ। ਪ੍ਰਾਪਤ ਸੂਚਨਾ ਮੁਤਾਬਿਕ ਢੱਡਰੀਵਾਲਾ ਪ੍ਰਤੀ ਮਿਲੀਆਂ ਸ਼ਿਕਾਇਤਾਂ ਪ੍ਰਤੀ ਸਾਰੇ ਮਾਮਲੇ ਦੀ ਘੋਖ ਪੜਤਾਲ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬਣਾਈ ਗਈ ਵਿਦਵਾਨਾਂ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਢੱਡਰੀਆਂ ਵਾਲਾ ਨੂੰ ਕੁਝ ਵਿਵਾਦਿਤ ਕਥਨਾਂ ਬਾਰੇ ਜਰੂਰੀ ਵਿਚਾਰਾਂ ਕਰਨ ਸੰਬੰਧੀ 22 ਨੂੰ 12 ਵਜੇ, ਪਟਿਆਲਾ ਦੇ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਿਖੇ ਆਉਣ ਲਈ ਅੱਜ ਇਕ ਬੁਲਾਵਾ ਪੱਤਰ ਭੇਜਿਆ ਗਿਆ, ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ 'ਤੇ ਯਕੀਨ ਕੀਤਾ ਜਾਵੇ ਤਾਂ ਉਕਤ ਸੱਦਾ ਢੱਡਰੀਆਂ ਵਾਲਾ ਨੇ ਪ੍ਰਾਪਤ ਕਰ ਲਿਆ ਹੈ।
ਸਬ ਕਮੇਟੀ ਦੇ ਕੋਆਰਡੀਨੇਟਰ ਡਾ: ਚਮਕੌਰ ਸਿੰਘ ਵਲੋਂ ਜਾਰੀ ਪਤਰ ਵਿਚ ਉਨਾਂ ਢੱਡਰੀ ਵਾਲਾ ਨੂੰ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰਾਪਤ ਹੋਏ ਆਦੇਸ਼ ਅਨੁਸਾਰ ਆਪ ਜੀ ਨਾਲ ਕੁਝ ਵਿਵਾਦਿਤ ਕਥਨਾਂ 'ਤੇ ਵਿਚਾਰ ਕਰਨ ਲਈ ਪੰਜ ਵਿਦਵਾਨਾਂ ਦੀ ਕਮੇਟੀ ਬਣਾਈ ਗਈ ਹੈ। ਜਿਨਾਂ 'ਚ ਡਾ: ਪਰਮਵੀਰ ਸਿੰਘ, ਪ੍ਰਿੰ: ਪ੍ਰਭਜੋਤ ਕੌਰ, ਸ: ਗੁਰਮੀਤ ਸਿੰਘ , ਡਾ: ਅਮਰਜੀਤ ਸਿੰਘ ਅਤੇ ਫਾ: ਇੰਦਰਜੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ, ਵਲੋਂ ਢੱਡਰੀ ਵਲਾ ਨਾਲ ਇਕਲਿਆਂ ਬੈਠ ਕੇ ਵਿਚਾਰ ਵਟਾਂਦਰਾ ਕਰਨ ਲਈ 22 ਨੂੰ ਪਟਿਆਲਾ ਦੇ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਦੇ ਮੀਟਿੰਗ ਹਾਲ ਵਿਖੇ ਦੁਪਹਿਰ 12 ਵਜੇ ਪਹੁੰਚਣ ਲਈ ਕਿਹਾ ਹੈ।
ਦਸ ਦੇਵਾਂ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਕਿ ਉਕਤ ਸਾਰੇ ਮਾਮਲੇ ਬਾਰੇ ਢੱਡਰੀਆਂ ਵਾਲੇ ਨਾਲ ਗੱਲਬਾਤ 5 ਮੈਂਬਰੀ ਕਮੇਟੀ ਹੀ ਕਰੇਗੀ। ਚਾਹੇ ਕਮੇਟੀ ਉਸ ਨੂੰ ਆਪਣੇ ਕੋਲ ਬੁਲਾਵੇ ਜਾਂ ਕਿਤੇ ਜਾ ਕੇ ਗੱਲਬਾਤ ਕਰੇ।
ਸੱਦਾ ਪੱਤਰ ਪ੍ਰਾਪਤ ਕਰ ਲੈਣ ਦੇ ਬਾਵਜੂਦ ਢੱਡਰੀਵਾਲਾ ਵੱਲੋਂ ੫ ਮੈਂਬਰੀ ਕਮੇਟੀ ਨੂੰ ਮਿਲਣ ਦੇ ਮਾਮਲੇ 'ਚ ਬੇਯਕੀਨੀ ਬਰਕਰਾਰ ਹੈ। ਕਿਉਂਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਉਸ ਵੱਲੋਂ ਬਣਾਈ ਗਈ ਕਮੇਟੀ ਨੂੰ ਕੋਈ ਅਹਿਮੀਅਤ ਨਾ ਦੇਣ ਅਤੇ ਕਿਨਾਰਾ ਕਰਨ ਸੰਬੰਧੀ ਵਾਰ ਵਾਰ ਬਿਆਨ ਦੇ ਚੁਕਾ ਹੈ। ਉਹ ਕਹਿ ਚੁਕਾ ਹੈ ਪਿੱਛੇ ਮੁੜੇ ਤਾਂ ਜ਼ਮੀਰ ਮਰੂ ਅਗੇ ਜਾਵਾਂਗੇ ਤਾਂ ਛੇਕੇ ਜਾਵਾਂਗੇ। ਉਨ੍ਹਾਂ ਆਪਣੇ ਦਿਵਾਨਾਂ ਵਿਚ ਸਾਫ਼ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ 'ਤੇ ਨਹੀਂ ਜਾਵੇਗਾ। ਕੱਲ੍ਹ ਛੇਕਣਾ ਅੱਜ ਛੇਕ ਦੇਣ। ਬੀਤੇ ਦਿਨੀਂ ਉਨ੍ਹਾਂ ਸਟੇਜ 'ਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੰਬੰਧੀ ਅਤਿ ਇਤਰਾਜ਼ਯੋਗ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ।ਉਸ ਵੱਲੋਂ ''ਕਰੀ ਮੁਆਫ਼ ਪਾਤਸ਼ਾਹ ਸਾਨੂੰ, ਨਹੀਂ ਮਨਜ਼ੂਰ ਇਹੋ ਜਿਹਾ ਪੰਥ ਤੇਰਾ'' ਕਹਿਣ ਨੂੰ ਵੀ ਸੁਚੇਤ ਲੋਕਾਂ ਨੇ ''ਸੱਚੇ ਪਾਤਸ਼ਾਹ ਅਤੇ ਗੁਰੂ ਪੰਥ ਨੂੰ ਦਿਤਾ ਗਿਆ ''ਬੇਦਾਵਾ'' ਵਜੋਂ ਲਿਆ ਹੈ। ਸੂਤਰਾਂ ਨੇ ਦਸਿਆ ਕਿ ਪੰਥ ਤੋਂ ਛੇਕੇ ਗਏ ਵਿਅਕਤੀਆਂ ਦੇ ਭਵਿਖ ਤੋਂ ਜਾਣੂ ਲੋਕਾਂ ਅਤੇ ਢੱਡਰੀ ਵਾਲਾ ਦੇ ਨਜ਼ਦੀਕੀਆਂ ਵੱਲੋਂ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਸੰਬੰਧੀ ਦਬਾਅ ਪਾਇਆ ਜਾ ਰਿਹਾ ਹੈ।