ਅਕਾਲੀ ਦਲ ਦੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 13 ਦਸੰਬਰ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਪਾਰਟੀ ਦੇ ਸਮੂਹ ਅਹੁਦੇਦਾਰਾਂ , ਜਿਲ੍ਹਾ ਜਥੇਦਾਰਾਂ ਨੂੰ ਖਾਸ ਹਿਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ 14 ਦਸੰਬਰ 2019 ਨੂੰ ਸ਼੍ਰੋਮਣੀ ਅਕਾਲੀ ਦਲ ਦੇ 99 ਸਾਲ਼ਾ ਸਥਾਪਨਾ ਦਿਵਸ ਮਨਾਉਣ ਸਬੰਧੀ ਚੀਫ ਖਾਲਸਾ ਦੀਵਾਨ ਦੇ ਪ੍ਰਬੰਧਾਂ ਹੇਠ ਚੱਲ ਰਹੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸ੍ਰੀ ਅੰਮ੍ਰਿਤਸਰ ਦੇ ਆਡੀਟੋਰੀਅਮ ਵਿਖੇ ਪੁੱਜਣ ।
ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਨੇਤਾਵਾਂ ਸ੍ਰ ਸੁਖਦੇਵ ਸਿੰਘ ਢੀਂਡਸਾ ਅਤੇ ਸ੍ਰ ਰਵੀਇੰਦਰ ਸਿੰਘ ਨਾਲ ਗੱਲਬਾਤ ਕਰਕੇ ਸਾਂਝੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣ ਦਾ ਜੋ ਫੈਸਲਾ ਲਿਆ ਹੈ । ਉਸ ਮਹਾਨ ਇਤਿਹਾਸਕ ਦਿਹਾੜੇ ਦੀ ਸਫਲਤਾ ਲਈ ਆਪਣੀ ਸਭ ਦੀ ਜਿੰਮੇਵਾਰੀ ਬਹੁਤ ਵੱਡੀ ਹੈ । ਤੁਸੀ ਸਾਰੇ ਠੀਕ 11 ਵਜੇ ਸਮਾਗਮ ਵਾਲੀ ਜਗਾ ਆਪਣੇ ਸਾਥੀਆਂ ਸਮਰਤ ਪਹੁੰਚਣ ਦੀ ਕਿਰਪਾਲਤਾ ਕਰਨੀ ।
ਉਹਨਾਂ ਕਿਹਾ ਕਿ ਆਉਣ ਵਾਲੇ ਗੁਰਸਿੱਖ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਨੀਲੀਆਂ ਪੀਲੀਆਂ ਕਾਲੀਆ ਦਸਤਾਰਾਂ ਸਜਾਉਣ ।
ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਅਕਾਲੀ ਲੀਡਰਸ਼ਿਪ ਅਹਿਮ ਐਲਾਨ ਕਰੇਗੀ । ਉਹਨਾਂ ਕਿਹਾ ਕਿ 12 ਦਸੰਬਰ ਦੀ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਟਕਸਾਲੀ ਸੋਚ ਵਾਲੇ ਅਕਾਲੀ ਜਥੇਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਿਰਾਸ਼ਾ ਦੇ ਆਲਮ ਵਿੱਚੋੰ ਬਾਹਰ ਆਕੇ ਖਾਲਸਾ ਪੰਥ , ਪੰਜਾਬ ਨੂੰ ਖੁਸ਼ਹਾਲ ਤੇ ਚੜਦੀਕਲਾ ਵਿੱਚ ਲਿਜਾਣ ਲਈ ਦ੍ਰਿੜ ਸੰਕਲਪ ਹੋਣ ।
ਕੌਰ ਕਮੇਟੀ ਦੀ ਮੀਟਿੰਗ ਵਿੱਚ ਜਥੇਦਾਰ ਸੇਵਾ ਸਿੰਘ ਸੇਖਵਾ , ਸ੍ਰ ਬੀਰਦਵਿੰਦਰ ਸਿੰਘ, ਜਥੇਦਾਰ ਉਜਾਗਰ ਸਿੰਘ ਬਡਾਲੀ , ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਕੋਰ ਕਮੇਟੀ ਨੇ ਅਕਾਲੀ ਪ੍ਰੀਵਾਰਾਂ ਨਾਲ ਸਬੰਧਿਤ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ੍ਰ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਵੱਡੇ ਭਰਾ ਸ੍ਰ ਬਲਵਿੰਦਰ ਸਿੰਘ ਬੈਸ , ਸ੍ਰ ਮਨਜੀਤ ਸਿੰਘ ਜੀ ਕੇ , ਸ੍ਰ ਬਲਵੰਤ ਸਿੰਘ ਰਾਮੂਵਾਲੀਆ , ਜਥੇਦਾਰ ਸੁਖਦੇਵ ਸਿੰਘ ਭੌਰ ਸਮੇਤ ਅਨੇਕ ਹੋਰ ਸੀਨੀਅਰ ਨੇਤਾਵਾਂ ਦੇ 14 ਦੇ ਸਮਾਗਮ ਵਿੱਚ ਸ਼ਾਮਲ ਹੋਣ ਤੇ ਸਹਿਮਤੀ ਜਤਾਈ । ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਹੰਕਾਰ ਵਿੱਚ ਗ੍ਰਸਤ ਬਾਦਲ ਪਰਿਵਾਰ ਤੇ ਉਹਨਾਂ ਦੇ ਚਹੇਤੇ ਹੁਣ ਅਕਾਲੀ ਦਲ ਨੂੰ ਬਰਬਾਦ ਕਰਨ ਤੋਂ ਬਾਅਦ ਸੰਗਤ ਦੀ ਸੇਵਾ ਕਰਨ ਦੇ ਵਿਖਾਵੇ ਕਰਕੇ ਭਲਾ ਕੀ ਸਾਬਤ ਕਰਨਾ ਚਾਹੁੰਦੇ ਹਨ । ਉਹਨਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਇਕਜੁੱਟ ਹੋ ਕੇ 14 ਦਸੰਬਰ ਨੂੰ ਖਾਲਸਾ ਪੰਥ ਨੂੰ 99 ਸਾਲ ਪਹਿਲਾਂ ਸਿਰਜੇ ਅਕਾਲੀ ਦਲ ਨੂੰ ਅਸਲ ਟਕਸਾਲੀ ਦਿੱਖ ਪ੍ਰਦਾਨ ਕਰਨ ਲਈ ਅਹਿਦ ਲੈਣਗੇ ।
ਇਸੇ ਦੌਰਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਮਨਮੋਹਨ ਸਿੰਘ ਸਠਿਆਲਾ ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਰਤਨ ਸਿੰਘ ਅਜਨਾਲਾ ਦੇ ਸਪੁੱਤਰ ਸ੍ਰ. ਅਮਰਪਾਲ ਸਿੰਘ ਬੋਨੀ , ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ, ਸ੍ਰ ਗੁਰਪ੍ਰੀਤ ਸਿੰਘ ਕਲਕੱਤਾ ਅਤੇ ਸ੍ਰ ਜਗਰੂਪ ਸਿੰਘ ਸੇਖਵਾ ਪੂਰੀ ਤਨਦੇਹੀ ਨਾਲ ਸਮਾਗਮ ਦੀਆ ਤਿਆਰੀਆਂ ਲਈ ਸਰਗਰਮ ਹਨ ।