ਚੰਡੀਗੜ੍ਹ 13 ਦਸੰਬਰ 2019 : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਪਾਤੜਾਂ, ਜਿਲਾ ਪਟਿਆਲਾ ਵਿਖੇ ਤਾਇਨਾਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ) ਨੂੰ 4500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬੀ.ਡੀ.ਪੀ.ਓ ਸੰਜੀਵ ਕੁਮਾਰ ਨੂੰ ਸ਼ਿਕਾਇਤਕਰਤਾ ਸ਼ਮਸ਼ੇਰ ਸਿੰਘ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ ਜੋ ਕਿ ਦੋਸ਼ੀ ਬੀ.ਡੀ.ਪੀ.ਓ ਤੇ ਮਾਤਹਿਤ ਬਤੌਰ ਪੰਚਾਇਤ ਅਫਸਰ ਵਜੋਂ ਤਾਇਨਾਤ ਹੈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਦੇ ਮੈਡੀਕਲ ਬਿਲਾਂ ਨੂੰ ਪ੍ਰਵਾਨ ਕਰਨ ਬਦਲੇ 2000 ਰੁਪਏ ਦੀ ਹੋਰ ਮੰਗ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਸ ਪਾਸੋਂ 5,000 ਰੁਪਏ ਪ੍ਰਤੀ ਮਹੀਨਾ (ਮੰਥਲੀ) ਦੇਣ ਦੀ ਵੀ ਮੰਗ ਕੀਤੀ ਗਈ ਹੈ।
ਵਿਜੀਲੈਂਸ ਵਲੋਂ ਪੜਤਾਲ ਉਪਰੰਤ ਉਕਤ ਬੀ.ਡੀ.ਪੀ.ਓ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 4500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਹਾਂ ਖਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।