← ਪਿਛੇ ਪਰਤੋ
ਜਰਮਨੀ : ਭਾਰਤੀ ਸਿੱਖ ਜੋੜਾ ਰਾਅ ਲਈ ਜਾਸੂਸੀ ਕਰਨ ਦਾ ਦੋਸ਼ੀ ਕਰਾਰ ਫਰੈਂਕਫਰਟ, 14 ਦਸੰਬਰ, 2019 : ਜਰਮਨੀ ਦੀ ਇਕ ਅਦਾਲਤ ਨੇ ਦੇਸ਼ ਵਿਚ ਰਹਿ ਰਹੇ ਇਕ ਸਿੱਖ ਜੋੜੇ ਨੂੰ ਭਾਰਤੀ ਏਜੰਸੀ ਲਈ ਸਿੱਖਾਂ ਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਦਾ ਦੋਸ਼ੀ ਪਾਇਆ ਹੈ। ਡੀ ਡਬਲਿਊ ਡਾਟ ਕਾਮ ਦੀ ਰਿਪੋਰਟ ਅਨੁਸਾਰ ਫਰੈਂਕਫਰਟ ਦੀ ਅਦਾਲਤ ਨੇ ਇਸ ਜੋੜੇ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਕੈਦ ਦੀ ਸਜ਼ਾ ਤੇ ਜ਼ੁਰਮਾਨੇ ਵੀ ਕੀਤੇ ਹਨ। ਅਦਾਲਤ ਨੇ 50 ਸਾਲਾ ਮਨਮੋਹਨ ਸਿੰਘ ਤੇ ਉਸਦੀ ਪਤਨੀ 51 ਸਾਲਾ ਕੰਵਲਜੀਤ ਕੌਰ ਨੂੰ ਸਿੱਖਾਂ ਅਤੇ ਕਸ਼ਮੀਰੀਆਂ ਬਾਰੇ ਸੂਚਨਾਵਾਂ ਰਾਅ ਨਾਲ ਸਾਂਝੀਆਂ ਕਰਨ ਦਾ ਦੋਸ਼ੀ ਪਾਇਆ ਹੈ। ਉਹਨਾਂ ਦੇ ਨਾਵਾਂ ਦਾ ਖੁਲਾਸਾ ਜਰਮਨੀ ਦੀ ਨੀਤੀ ਅਨੁਸਾਰ ਨਹੀਂ ਕੀਤਾ ਗਿਆ। ਮਨਮੋਹਨ ਸਿੰਘ ਨੂੰ ਗੈਰ ਕਾਨੂੰਨੀ ਜਾਸੂਸੀ ਗਤੀਵਿਧੀਆਂ ਦੇ ਦੋਸ਼ ਵਿਚ ਡੇਢ ਸਾਲ ਦੀ ਕੈਦ ਦੀ ਸਜ਼ਾ ਅਤੇ ਕੰਵਲਜੀਤ ਕੌਰ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਆਮਦਨ ਪ੍ਰਾਪਤ ਕਰਨ ਦੇ ਦੋਸ਼ ਵਿਚ 180 ਦਿਨ ਦੀ ਕੈਦ ਦੀ ਸਜ਼ਾ ਸੁਣਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਨੇ ਜਾਸੂਸੀ ਦਾ ਕੰਮ ਜਨਵਰੀ 2015 ਵਿਚ ਸ਼ੁਰੂ ਕੀਤਾ ਜਦਕਿ ਉਸਦੀ ਪਤਨੀ ਨੇ ਜੁਲਾਈ 2017 ਤੋਂ ਖੁਫੀਆ ਸੂਚਨਾਵਾਂ ਇਕੱਤਰ ਕਰਨੀਆਂ ਸ਼ੁਰੂ ਕੀਤੀਆਂ। ਦੱਸਿਆ ਜਾਂਦਾ ਹੈ ਕਿ ਜੋੜੇ ਨੂੰ ਰਾਅ ਤੋਂ ਇਸ ਕੰਮ ਬਦਲੇ 7974 ਡਾਲਰ ਵੀ ਪ੍ਰਾਪਤ ਹੋਏ ਹਨ। ਸੁਣਵਾਈ ਦੌਰਾਨ ਦੋਹਾਂ ਨੇ ਮੰਨਿਆ ਹੈ ਕਿ ਉਹ ਰਾਅ ਦੇ ਹੈਂਡਲਿੰਗ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰਦੇ ਸਨ ਤੇ ਸੂਚਨਾਵਾਂ ਸਾਂਝੀਆਂ ਕਰਦੇ ਸਨ।
Total Responses : 193