ਮਨਪ੍ਰੀਤ ਜੱਸੀ
ਅੰਮ੍ਰਿਤਸਰ, 14 ਦਸੰਬਰ 2019 - ਅੱਜ ਮਿਤੀ 14 ਦਿਸੰਬਰ 2019 ਦਿਨ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਵਿਸ਼ਾਲ ਇਕੱਠ ਵਲੋਂ ਹੇਠ ਲਿਖੇ ਮਤੇ ਪਾਸ ਕੀਤੇ ਗਏ।
ਮਤਾ ਨੰਬਰ 1:
ਅੱਜ ਦਾ ਇਹ ਵਿਸ਼ਾਲ ਇਕੱਠ ਬਾਦਲ ਪ੍ਰਵਾਰ ਦੇ ਡਿਕਟੇਟਰਾਨਾ ਅਤੇ ਭ੍ਰਿਸ਼ਟਾਚਾਰ ਰਵੱਯੇ ਤੇ ਡੂੰਘੀ ਚਿੰਤਾ ਪ੍ਰਗਟ ਕਰਦਾ ਹੈ ਕਿ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਉੱਚ ਧਾਰਮਿਕ ਸੰਸਥਾ ਦਾ ਪੂਰੀ ਤਰਾਂ ਨਾਲ ਰਾਜਸੀਕਰਨ ਕਰਕੇ ਸਿੱਖੀ ਅਸੂਲਾਂ ਅਤੇ ਸਿਧਾਂਤਾਂ ਦਾ ਘਾਣ ਕਰਕੇ ਰੱਖ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖਤ ਸਾਹਿਬਾਨਾਂ ਦੇ ਸਿੰਘ ਸਾਹਿਬਾਨਾਂ ਨੂੰ ਆਪਣੀ ਕੋਠੀ ਵਿਚ ਸਦ ਕੇ ਪਾਖੰਡੀ ਸਾਧ ਰਾਮ ਰਹੀਮ ਨੂੰ ਬਿਨਾ ਮੰਗਿਆਂ ਮੁਆਫੀ ਦੇਣ ਦੀ ਇਸ ਪ੍ਰਕ੍ਰਿਆ ਨੇ ਮਹਾਨ ਸਿੱਖ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਯਾਦਾ ਨੂੰ ਭਾਰੀ ਠੇਸ ਪਹੁੰਚਾਈ ਹੈ।
ਇਸ ਸਭ ਕੁਝ ਦੇ ਦੋਸ਼ੀ ਬਾਦਲ ਪਰਿਵਾਰ ਨੇ ਬਹਿਬਲ ਕਲਾਂ ਅਤੇ ਬਰਗਾੜੀ ਵਿਖੇ ਪੁਰ ਅਮਨ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਘੋਰ ਬੇਅਦਬੀ ਦੇ ਸਬੰਧ ਵਿਚ ਪਛਚਾਤਾਪ ਕਰਨ ਲਈ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰ ਰਹੇ ਨਿਹੱਥੇ ਸਿੰਘਾਂ ਤੇ ਲਾਠੀਆਂ ਅਤੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਕੇ ਅਤੇ ਕਈਆਂ ਨੂੰ ਜਖਮੀ ਕਰਕੇ ਜੋ ਘੋਰ ਪਾਪ ਕੀਤਾ ਹੈ ਉਸਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਅਤੇ ਮਹਿਸੂਸ ਕਰਦਾ ਹੈ ਕੇ ਡੇਢ ਸਾਲ ਬਾਦਲ ਦੀ ਪਿਛਲੀ ਸਰਕਾਰ ਅਤੇ ਤਿੰਨ ਸਾਲ ਹੁਣ ਦੀ ਕੈਪਟਨ ਸਰਕਾਰ ਵਲੋਂ ਅਜੇ ਤੱਕ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਾ ਕਰਨ ਦੀ ਸੂਰਤ ਵਿਚ ਕੈਪਟਨ ਦੀ ਸਰਕਾਰ ਨੂੰ ਵੀ ਓਹਨਾਂ ਹੀ ਦੋਸ਼ੀ ਸਮਝਦਾ ਹੈ ਜਿਨ੍ਹਾਂ ਕਿ ਬਾਦਲ ਦੀ ਸਰਕਾਰ।
ਮਤਾ ਨੰਬਰ 2:
ਅੱਜ ਦਾ ਇਹ ਵਿਸ਼ਾਲ ਇਕੱਠ ਮਿਆਦ ਪੁਗਾ ਚੁੱਕੀ ਅਤੇ ਬਾਦਲ ਪਰਿਵਾਰ ਦੀ ਕਠਪੁਤਲੀ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਦਲ ਪਰਵਾਰ ਦੇ ਕਹਿਣ ਤੇ ਕੇਂਦਰ ਸਰਕਾਰ ਵਲੋਂ ਸਮੇਂ ਸਿਰ ਨਾ ਕਰਾਏ ਜਾਣ ਤੇ ਡੂੰਘੀ ਚਿੰਤਾ ਪ੍ਰਗਟ ਕਰਦਾ ਹੈ ਅਤੇ ਪੁਰਜੋਰ ਸ਼ਬਦਾਂ ਵਿਚ ਅਪੀਲ ਕਰਦਾ ਹੈ ਕਿ ਕੇਂਦਰ ਦੀ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਹੀ ਕਰਵਾਏ ਤਾਂ ਜੋਂ ਬਾਦਲ ਪਰਿਵਾਰ ਵਲੋਂ ਬੇਰਹਿਮੀ ਨਾਲ ਲੁੱਟੀ ਜਾ ਰਹੀ ਗੁਰੂ ਦੀ ਗੋਲਕ ਨੂੰ ਮੁਕਤ ਕਰਵਾਇਆ ਜਾ ਸਕੇ।
ਮਤਾ ਨੰਬਰ 3:
ਅੱਜ ਦਾ ਇਹ ਵਿਸ਼ਾਲ ਇਕੱਠ ਪੂਰੀ ਦ੍ਰਿੜਤਾ ਨਾਲ ਵਿਸ਼ਵਾਸ ਦੁਆਉਂਦਾ ਹੈ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੇ ਅਧਾਰਤ ਰਾਜਾਂ ਨੂੰ ਸ਼ਕਤੀਆਂ ਦੇ ਵਿਕੇਂਦਰੀਕਰਨ ਲਈ ਅਤੇ ਅਸਲੀ ਅਤੇ ਅਰਥਪੂਰਨ ਸੰਘੀ ਢਾਂਚਾ ਉਸਾਰਨ ਲਈ ਦੇਸ਼ ਅੰਦਰ ਸ਼ਾਂਤੀ ਪੂਰਨ ਅਤੇ ਲੋਕ ਤੰਤਰੀ ਢੰਗਾਂ ਰਾਹੀਂ ਅਜਿਹਾ ਵਾਤਾਵਰਨ ਪੈਦਾ ਕਰੇਗਾ ਜਿਸ ਨਾਲ ਰਾਜਾਂ ਨੂੰ ਖੁਦਮੁਖਤਿਆਰੀ ਪ੍ਰਦਾਨ ਕੀਤੀ ਜਾ ਸਕੇ ਤਾਂ ਜੋਂ ਰਾਜਾਂ ਦੀ ਆਰਥਕ ਤਰੱਕੀ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਸਕੇ।
ਇਹ ਵੀ ਮਹਿਸੂਸ ਕਰਦਾ ਹੈ ਕਿ ਪੰਜਾਬ ਦੇ ਲਮ੍ਹੇਂ ਸਮੇਂ ਤੋਂ ਲਟਕਦੇ ਆ ਰਹੇ ਮੁੱਦੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਲਈ,ਪੰਜਾਬ ਦੇ ਹੈੱਡਵਰਕਸ ਪੰਜਾਬ ਦੇ ਹਵਾਲੇ ਕਰਨ ਲਈ, ਪੰਜਾਬ ਦੇ ਪਾਣੀਆਂ ਸਬੰਧੀ ਕੇਂਦਰ ਵੱਲੋਂ ਪੰਜਾਬ ਨਾਲ ਸ਼ਰੇ ਆਮ ਕੀਤੀ ਜਾ ਰਹੀ ਬੇਇਨਸਾਫੀ ਅਤੇ ਧੱਕੇਸ਼ਾਹੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੀ ਹਰੇਕ ਰਾਜਸੀ ਧਿਰ ਨੂੰ ਨਾਲ ਲੈਕੇ ਸ਼ਾਂਤੀਪੂਰਨ ਸਾਂਝਾ ਸੰਘਰਸ਼ ਵਿਢੇਗਾ।
ਮਤਾ ਨੰਬਰ 4:
ਅੱਜ ਦਾ ਇਹ ਵਿਸ਼ਾਲ ਇਕੱਠ ਕਿਸਾਨਾਂ ਵਲੋਂ ਹਰ ਰੋਜ਼ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ ਡੂੰਘੀ ਚਿੰਤਾ ਪ੍ਰਗਟ ਕਰਦਾ ਹੈ ਅਤੇ ਕੇਂਦਰ ਦੀ ਸਰਕਾਰ ਨੂੰ ਪੁਰਜੋਰ ਸ਼ਬਦਾਂ ਵਿਚ ਅਪੀਲ ਕਰਦਾ ਹੈ ਕੇ ਉਹ ਕਿਸਾਨਾਂ ਦੀ ਮੁੱਖ ਮੰਗ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇਨ ਬਿਨ ਤੁਰੰਤ ਹੀ ਲਾਗੂ ਕਰੇ, ਕਿਸਾਨਾਂ ਦੇ ਕਰਜ਼ੇ ਮਾਫ ਕਰੇ ਅਤੇ ਕਿਸਾਨਾਂ ਨੂੰ ਵਧੀਆ ਕਿਸਮ ਦੇ ਬੀਜ ਸਸਤੇ ਭਾਅ ਤੇ ਮੁਹੱਈਆ ਕਰੇ।
ਮਤਾ ਨੰਬਰ 5:
ਅੱਜ ਦਾ ਇਹ ਵਿਸ਼ਾਲ ਇਕੱਠ ਮਹਿਸੂਸ ਕਰਦਾ ਹੈ ਕੇ ਬਾਦਲ ਪਰਿਵਾਰ ਸਿੱਖੀ ਅਸੂਲਾਂ ਤੇ ਸਿਧਾਂਤਾਂ ਨੂੰ ਛਿੱਕੇ ਤੇ ਟੰਗ ਕੇ, ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਭਾਰੀ ਠੇਸ ਪਹੁੰਚਾ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕਰਕੇ ਅਤੇ ਅਕਾਲੀ ਦਲ ਦੀ ਆਨ - ਸ਼ਾਨ ਅਤੇ ਪੁਰਾਤਨ ਪਰੰਪਰਾਵਾਂ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ। ਇਸ ਲਈ ਅਕਾਲੀ ਦਲ ਬਾਦਲ ਹੁਣ ਕੋਈ ਪੰਥਕ ਪਾਰਟੀ ਨਹੀਂ ਰਿਹਾ ਇਸ ਕਰਕੇ ਸ਼੍ਰੋਮਣੀ ਅਕਾਲੀ ਦੱਲ ਦਾ 99 ਸਾਲ਼ਾ ਸਥਾਪਨਾ ਦਿਵਸ ਇਸ ਨੂੰ ਮਨਾਉਣ ਦਾ ਕੋਈ ਹੱਕ ਨਹੀਂ।
ਮਤਾ ਨੰਬਰ 6:
ਅੱਜ ਦਾ ਇਹ ਵਿਸ਼ਾਲ ਇਕੱਠ ਪ੍ਰਣ ਕਰਦਾ ਹੈ ਕਿ ਸਮਾਜ ਅੰਦਰ ਆਏ ਵੱਡੇ ਨਿਘਾਰ ਜਿਵੇਂ ਨਸ਼ਿਆਂ ਦੀ ਭਰਮਾਰ, ਰਿਸ਼ਵਤਖੋਰੀ, ਦਾਜ ਦੀ ਲਾਹਨਤ, ਪਤਿਤਪੁਣੇ, ਅਨਪੜਤਾ, ਇਸ਼ਤਰੀ ਨਾ ਬਰਾਬਰੀ, ਬੇਰੋਜ਼ਗਾਰੀ, ਘਟੀਆ ਸੱਭਿਆਚਾਰ, ਕੁੜੀਮਾਰ ਅਤੇ ਨੜਿਮਾਰ (ਭਰੂਣ ਹਤਿੱਆ) ਆਦਿਕ ਬੁਰਾਈਆਂ ਨੂੰ ਜੜੋਂ ਪੁੱਟਣ ਲਈ ਸਿਰ ਤੋੜ ਯਤਨ ਕਰੇਗਾ ਅਤੇ ਗੁਰੂ ਆਸ਼ੇ ਅਨੁਸਾਰ ਸਰਬੱਤ ਦੇ ਭਲੇ ਦੇ ਸੰਕਲਪ ਦੀ ਪੂਰਤੀ ਲਈ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ ਦੇ ਮਿਸ਼ਨ ਤੇ ਅਧਾਰਤ ਪੰਜਾਬ ਅੰਦਰ ਸਿਹਤਮੰਦ ਅਤੇ ਸਾਫ ਸੁਥਰੇ ਸਮਾਜ ਦੀ ਸਿਰਜਣਾ ਕਰੇਗਾ।
ਮਤਾ ਨੰਬਰ 7:
ਅੱਜ ਦਾ ਇਹ ਵਿਸ਼ਾਲ ਇਕੱਠ ਮਹਿਸੂਸ ਕਰਦਾ ਹੈ ਕਿ ਧਾਰਮਿਕ ਤੌਰ ਤੇ ਸਿੱਖ ਵਿਰਸੇ ਸੰਭਾਲ ਪ੍ਰੋਗਰਾਮਾਂ ਨੂੰ ਚਲਾਉਣਾ, ਸਿੱਖ ਕੌਮ ਦੀ ਆਨ ਅਤੇ ਸ਼ਾਨ ਲਈ ਦੇਸ਼ ਵਿਦੇਸ਼ ਵਿੱਚ ਸਿੱਖ ਮਸਲਿਆਂ ਦੀ ਖਾਤਿਰ ਢਾਲ ਬਣ ਕੇ ਚਲਣਾ, ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ, ਬੁਰੀ ਤਰ੍ਹਾਂ ਮਾਤ ਖਾ ਚੁੱਕੀ ਸਨਅਤ ਨੂੰ ਮੁੜ ਮਜ਼ਬੂਤੀ ਦੇ ਰਾਹ ਤੇ ਤੋਰਨ ਲਈ ਉਪਰਾਲੇ ਕਰਨਾ, ਜ਼ਮੀਨ ਹੇਠਲੇ ਪਾਣੀ ਦੀ ਲਗਾਤਾਰ ਡਿੱਗਦੀ ਜਾ ਰਹੀ ਪੱਧਰ ਨੂੰ ਰੋਕਣ ਲਈ ਯੋਜ਼ਨਾਬੰਦੀ ਕਰਨਾ, ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੀ ਮਾਰਕੀਟਿੰਗ ਨੂੰ ਯਕੀਨੀ ਬਣਾ ਕੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵੱਲ ਪ੍ਰੇਰਿਤ ਕਰਨਾ, ਹਵਾ ਤੇ ਪਾਣੀ ਵਿਚ ਫੈਲਦੇ ਜਾ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਉਪਰਾਲੇ ਕਰਨਾ, ਮੁਲਾਜ਼ਮਾਂ ਦੇ ਹੱਕ ਹਕੂਕਾਂ ਲਈ ਪਹਿਲ ਦੇ ਅਧਾਰ ਤੇ ਯਤਨ ਕਰਨੇ, ਕਿਰਤੀਆਂ, ਪਛੜੀਆਂ ਅਤੇ ਅਨੁਸੂਚਿਤ ਜਾਤੀਆਂ ਵਾਸਤੇ ਸਿਹਤ ਬੀਮਾ ਸਹੂਲਤਾਂ ਰਾਹੀਂ ਦੋ ਲੱਖ ਤੱਕ ਦਾ ਮੁਫ਼ਤ ਇਲਾਜ ਕਰਵਾਉਣਾ, ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੇਂਡੂ ਖੇਤਰਾਂ ਵਿਚ ਬਹੁ ਵਿਸ਼ੇਸ਼ਤਾਈ ਹਸਪਤਾਲ (Multi Speciality Hospital) ਅਤੇ ਡੈਗੋਨਾਸਟਿਕ ਲਬਾਰਟਰੀਆਂ (Diagnostics Laboratories) ਖੋਲਣ ਦੇ ਯਤਨ ਕਰਨੇ, ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਸਿੱਖਿਆ ਦਾ ਮਿਆਰ ਚੁੱਕਣ ਲਈ ਵੱਡੇ ਉਪਰਾਲੇ ਕਰਨਾ ਆਦਿਕ ਅਸਾਡੇ ਮੁੱਖ ਉਦੇਸ਼ ਹੋਣਗੇ।
ਮਤਾ ਨੰਬਰ 8:
ਅੱਜ ਦਾ ਇਹ ਵਿਸ਼ਾਲ ਇਕੱਠ ਵਿਦੇਸ਼ਾਂ ਵਿੱਚ ਰਹਿੰਦੇ NRIs ਲਈ ਪੰਜਾਬ ਅਤੇ ਭਾਰਤ ਵਿਚ ਓਹਨਾਂ ਦੇ ਹੱਕ ਹਕੂਕਾਂ ਦੀ ਰਾਖੀ ਕਰਨੀ ਆਪਣਾ ਮੁੱਖ ਫਰਜ਼ ਸਮਝਦਾ ਹੈ। ਇਸ ਆਸ਼ੇ ਦੀ ਪੂਰਤੀ ਲਈ ਇਕ ਮਹੱਤਵਪੂਰਨ ਸੈੱਲ ਬਣਾ ਕੇ ਓਹਨਾਂ ਦੇ ਕੰਮ ਕਾਜ ਸਿੱਧੇ ਅਤੇ ਛੇਤੀ ਹੋਣ ਦੀ ਪ੍ਰਕ੍ਰਿਆ ਲਾਗੂ ਕਰੇਗਾ।