- ਕੈਬਨਿਟ ਮੰਤਰੀ ਨੇ ਕੀਤਾ ਵਸੰਤ ਵਿਹਾਰ ਦੇ ਮਧੂਵਨ ਵਾਟਿਕਾ ਪਾਰਕ 'ਚ ਓਪਨ ਜਿੰਮ ਦਾ ਉਦਘਾਟਨ
ਹੁਸ਼ਿਆਰਪੁਰ, 14 ਦਸੰਬਰ 2019 - ਸ਼ਹਿਰ ਵਿੱਚ ਵੱਖ-ਵੱਖ ਪਾਰਕਾਂ ਵਿੱਚ ਲਗਾਏ ਜਾ ਰਹੇ ਓਪਨ ਜਿੰਮ ਇਲਾਕਾ ਵਾਸੀਆਂ ਦੀ ਤੰਦਰੁਸਤੀ ਲਈ ਲਾਭਦਾਇਕ ਸਾਬਤ ਹੋ ਰਹੇ ਹਨ। ਪਾਰਕ ਵਿੱਚ ਸੈਰ ਕਰਨ ਦੇ ਨਾਲ-ਨਾਲ ਲੋਕ ਆਪਣੇ ਸਰੀਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਓਪਨ ਜਿੰਮ ਤੋਂ ਲਾਭ ਲੈ ਰਹੇ ਹਨ, ਜੋ ਕਿ ਪੰਜਾਬ ਸਰਕਾਰ ਦੀ 'ਮਿਸ਼ਨ ਤੰਦਰੁਸਤ ਪੰਜਾਬ' ਦੀ ਵਚਨਬੱਧਤਾ ਨੂੰ ਦਹੁਰਾ ਰਿਹਾ ਹੈ। ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਵਸੰਤ ਵਿਹਾਰ ਸਕੀਮ ਨੰ: 10 ਦੇ ਮਧੂਵਨ ਵਾਟਿਕਾ ਪਾਰਕ ਵਿੱਚ ਓਪਨ ਜਿੰਮ ਦਾ ਉਦਘਾਟਨ ਕਰਦੇ ਹੋਏ ਪ੍ਰਗਟ ਕੀਤੇ। ਇਸ ਦੌਰਾਨ ਉਨ੍ਹਾਂ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਸ੍ਰੀ ਰਾਕੇਸ਼ ਮਰਵਾਹਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਅੱਜ ਦੀ ਭਜਦੌੜ ਵਾਲੀ ਜਿੰਦਗੀ ਵਿੱਚ ਆਪਣੇ ਸਰੀਰ ਦੀ ਤੰਦਰੁਸਤੀ ਲਈ ਜ਼ਿਆਦਾ ਤੋਂ ਜ਼ਿਆਦਾ ਸਮਾਂ ਕੱਢਣਾ ਚਾਹੀਦਾ ਹੈ।
ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਪਾਰਕਾਂ ਵਿੱਚ ਓਪਨ ਜਿੰਮ ਲਗਾਏ ਜਾਣਗੇ, ਤਾਂ ਜੋ ਸ਼ਹਿਰ ਵਾਸੀਆਂ ਨੂੰ ਤੰਦਰੁਸਤ ਮਾਹੌਲ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸੂਬੇ ਦੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਉਪਲਬੱਧ ਕਰਵਾਉਣ ਲਈ ਸਰਕਾਰ ਵਲੋਂ ਲਗਾਤਾਰ ਯਤਨ ਜਾਰੀ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜਿਥੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਥੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਦਿਲਚਸਪੀ ਰੱਖਣ, ਕਿਉਂਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਲਈ ਰਚਨਾਤਮਕ ਮਾਹੌਲ ਬਣਾਇਆ ਜਾ ਰਿਹਾ ਹੈ, ਤਾਂ ਜੋ ਨੌਜਵਾਨਾਂ ਨੂੰ ਸਿੱਖਿਆ ਤੇ ਸਰੀਰਕ ਪੱਖੋਂ ਵਿਕਸਿਤ ਕੀਤਾ ਜਾ ਸਕੇ।
ਇਸ ਮੌਕੇ ਸ੍ਰੀ ਸੁਰਜੀਤ ਸਿੰਘ, ਸ੍ਰੀ ਰਜਨੀਸ਼ ਸੰਦਲ, ਸ੍ਰੀ ਗਿਆਨ ਸਿੰਘ, ਸ੍ਰੀ ਕੁਲਦੀਪ ਤਿਵਾੜੀ, ਸ੍ਰੀ ਨਰਿੰਦਰ ਪਾਲ ਘਈ, ਸ੍ਰੀ ਸੁਦਰਸ਼ਨ ਸ਼ਰਮਾ, ਸ੍ਰੀਮਤੀ ਸ਼ੀਲਾ ਰਾਣੀ, ਸ੍ਰੀ ਵਿਨੋਦ ਸ਼ਰਮਾ, ਸ੍ਰੀ ਵਿਨਾਇਕ, ਸ੍ਰੀ ਕ੍ਰਿਸ਼ਨ ਕਾਂਤ, ਸ੍ਰੀ ਰਵੀ ਘਈ, ਸ੍ਰੀ ਰਮਨ ਕੁਮਾਰ, ਸ੍ਰੀ ਪਿਤਾਂਬਰ ਸ਼ਰਮਾ, ਸ੍ਰੀ ਪੀ.ਡੀ. ਬਾਲੀ, ਸ੍ਰੀ ਤਰਸੇਮ ਸਿੰਘ, ਸ੍ਰੀ ਮਨਮੋਹਨ ਕਪੂਰ, ਕਿਰਨ, ਰਿਤੂ, ਸਨੇਹ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।