ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਅਤੇ ਗੁਣਾਤਮਿਕ ਸਿੱਖਿਆ ਨੇ ਸਮਾਜ ਨੂੰ ਕੀਤਾ ਪ੍ਰਭਾਵਿਤ
ਐਸ.ਏ.ਐੱਸ ਨਗਰ 14 ਦਸੰਬਰ,2019: ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਦੇ ਲਗਭਗ 19 ਹਜ਼ਾਰ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਾਪੇ- ਅਧਿਆਪਕ ਮਿਲਣੀ ਅਯੋਜਿਤ ਕੀਤੀ ਗਈ।
ਇਸ ਮਾਪੇ ਅਧਿਆਪਕ ਮਿਲਣੀ ਨੇ ਸਕੂਲਾਂ ਵਿੱਚ ਤਿਉਹਾਰ ਵਾਂਗ ਰੰਗ ਬੰਨ੍ਹਿਆ।
ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਮਾਪੇ ਅਧਿਆਪਕ ਮਿਲਣੀ ਦੇ ਸਫਲ ਅਾਯੋਜਨ ਤੇ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਪੰਜਾਬ ਦੇ ਸਮੂਹ ਸਕੂਲਾਂ ਵਿੱਚ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਹੁਣ ਅਗਲੇ ਅਾੳੁਣ ਵਾਲੇ ਦੋ ਮਹੀਨਿਆਂ ਵਿੱਚ ਵਿਦਿਆਰਥੀਆਂ ਨੂੰ ਯੋਜਨਾਬੱਧ ਢੰਗ ਨਾਲ ਕੰਮ ਕਰਵਾੳੁਣ ਦੀ ਲੋੜ ਹੈ ਤਾਂ ਜੋ ਮਿਸ਼ਨ ਸ਼ਤ-ਪ੍ਤੀਸ਼ਤ ਵਿੱਚ ਸਫ਼ਲਤਾ ਮਿਲ ਸਕੇ| ੳੁਹਨਾਂ ਕਿਹਾ ਕਿ ਮਾਪੇ ਅਧਿਆਪਕ ਮਿਲਣੀ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਪਿੰਡਾਂ ਦੇ ਵੱਖ-ਵੱਖ ਨੁਮਾਇੰਦਿਆਂ ਨੇ ਵੀ ਸਰਕਾਰੀ ਸਕੂਲਾਂ ਵਿੱਚ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਹੈ।
ਬੁਲਾਰੇ ਅਨੁਸਾਰ ਮੁੱਖ ਦਫ਼ਤਰ ਤੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਹੋਰ ਸਿੱਖਿਆ ਅਧਿਕਾਰੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਾਪੇ-ਅਧਿਆਪਕ ਮਿਲਣੀ ਦੇ ਸੁਚੱਜੇ ਪ੍ਰਬੰਧਾਂ ਦਾ ਜ਼ਾਇਜ਼ਾ ਲੈਣ ਲਈ ਪ੍ਰੇਰਨਾਦਾਇਕ ਦੌਰਾ ਕੀਤਾ। ਅਧਿਆਪਕਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਉਨ੍ਹਾਂ ਦੇ ਬੱਚਿਆਂ ਦੀਆਂ ਕਾਰਗੁਜ਼ਾਰੀਆਂ ਸਾਂਝੀਆਂ ਕੀਤੀਆਂ। ਸਕੂਲਾਂ ਵਿੱਚ ਵਿਭਾਗ ਦੀਆਂ ਗੁਣਾਤਮਿਕ ਸਿੱਖਿਆ ਨਾਲ਼ ਸਬੰਧਿਤ ਗਤੀਵਿਧੀਆਂ ਜਿਵੇਂ ਈ-ਕੰਟੈਂਟ, ਅੰਗਰੇਜ਼ੀ ਮਾਧਿਅਮ, ਸਮਾਰਟ ਸਕੂਲ ਮੁਹਿੰਮ ਆਦਿ ਦੀ ਜਾਣਕਾਰੀ ਮਾਪਿਆਂ ਅਤੇ ਪਿੰਡਾਂ ਦੇ ਪਤਵੰਤਿਆਂ ਨਾਲ਼ ਸਾਂਝੀ ਕੀਤੀ ਗ਼ਈ।
ਇਸ ਮੌਕੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ,ਲਿਖਾਈ ਮੁਕਾਬਲੇ ,ਕਵਿਤਾ ਗਾਇਨ ਮੁਕਾਬਲੇ ਆਯੋਜਿਤ ਕੀਤੇ ਗਏ। ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਦੀ ਉਹਨਾਂ ਦੇ ਮਾਪਿਆਂ ਸਨਮੁੱਖ ਹੌਂਸਲਾ ਅਫ਼ਜਾਈ ਕੀਤੀ ਗਈ। ਮਾਪੇ ਆਪਣੇ ਬੱਚਿਆਂ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਮਾਰੀਆਂ ਮੱਲ੍ਹਾਂ ਤੋਂ ਬਾਗੋ-ਬਾਗ ਵਿਖਾਈ ਦਿੱਤੇ।
ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਮੀਡੀਆ ਸ੍ਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਪਿਆਂ ਨੇ ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ , ਮਿਆਰੀ ਸਿੱਖਿਆ ਨਾਲ਼ ਸਬੰਧਿਤ ਅਧਿਆਪਕਾਂ ਵੱਲੋਂ ਕੀਤੇ ਸਿਰਤੋੜ ਯਤਨਾਂ ਦੀ ਰੱਜਵੀਂ ਪ੍ਰਸ਼ੰਸਾ ਕੀਤੀ। ਮਾਪਿਆਂ ਨੇ ਆਪਣੇ ਬੱਚਿਆਂ ਦੇ ਬਿਹਤਰੀਨ ਭਵਿੱਖ ਦੀ ਕਾਮਨਾ ਕਰਦਿਆਂ ਅਧਿਆਪਕਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।