ਕਦੇ ਲੜੇ ਸੀ ਬਣ ਵਿਰੋਧੀ ਹੁਣ ਲੱਗੀਆਂ ਯਾਰੀਆਂ
ਪ੍ਰਸ਼ਾਂਤ ਕਿਸ਼ੋਰ ਅਤੇ ਅਰਵਿੰਦ ਕੇਜਰੀਵਾਲ ਵਿਚਾਲੇ ਦਿੱਲੀ ਚੋਣਾਂ ਨੂੰ ਲੈ ਕੇ ਹੋਇਆ ਸਮਝੌਤਾ
ਨਵੀਂ ਦਿੱਲੀ, 14 ਦਸੰਬਰ, 2019 : ਸਿਆਸਤ ਦੇ ਰੰਗ ਅਜੀਬ ਹਨ, ਸਿਆਣੇ ਕਹਿੰਦੇ ਹਨ ਕਿ ਇਸ ਵਿਚ ਕੁਝ ਵੀ ਹੋ ਸਕਦਾ ਹੈ। ਅਜਿਹਾ ਹੀ ਹੁਣ ਕੁਝ ਹੋਣ ਜਾ ਰਿਹਾ ਹੈ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਰਣਨੀਤੀ ਘੜਦਿਆਂ ਜਿਸ ਪ੍ਰਸ਼ਾਂਤ ਕਿਸ਼ੋਰ ਨੇ ਆਮ ਆਦਮੀ ਪਾਰਟੀ ਨੂੰ ਹਰਾਉਣ ਦੀ ਵਿਉਂਤਬੰਦੀ ਕੀਤੀ ਸੀ, ਉਸਨੇ ਹੁਣ ਦਿੱਲੀ ਚੋਣਾਂ ਵਾਸਤੇ ਅਰਵਿੰਦ ਕੇਜਰੀਵਾਲ ਨਾਲ ਸਮਝੌਤਾ ਕਰ ਲਿਆ ਹੈ।
ਇਸ ਗੱਲ ਦਾ ਪ੍ਰਗਟਾਵਾ ਖੁਦ ਕੇਜਰੀਵਾਲ ਨੇ ਅੱਜ ਸਵੇਰੇ ਇਕ ਟਵੀਟ ਰਾਹੀਂ ਕੀਤਾ। ਆਪਣੇ ਟਵੀਟ ਵਿਚ ਕੇਜਰੀਵਾਲ ਨੇ ਲਿਖਿਆ ਹੈ ਕਿ ਉਹਨਾਂ ਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇੰਡੀਅਨ ਪੀ ਏ ਸੀ ਸਾਡੇ ਨਾਲ ਆ ਰਹੀ ਹੈ। ਅਸੀਂ ਉਹਨਾਂ ਦਾ ਸਾਡੇ ਨਾਲ ਜੁੜਨ 'ਤੇ ਸਵਾਗਤ ਕਰਦੇ ਹਾਂ।
ਇਸ ਤੋਂ ਇਕ ਘੰਟੇ ਬਾਅਦ ਪ੍ਰਸ਼ਾਂਤ ਕਿਸ਼ੋਰ ਦੀ ਸੰਸਥਾ ਆਈਪੈਕ ਨੇ ਟਵੀਟ ਕਰ ਕੇ ਇਸਦਾ ਜਵਾਬ ਦਿੱਤਾ ਹੈ ਕਿ ਪੰਜਾਬ ਚੋਣਾਂ ਮਗਰੋਂ ਅਸੀਂ ਮਹਿਸੂਸ ਕੀਤਾ ਸੀ ਕਿ ਤੁਸੀਂ ਹੁਣ ਤੱਕ ਦੇ ਸਾਡੇ ਸਭ ਤੋਂ ਸਖ਼ਤ ਵਿਰੋਧੀ ਸਾਬਤ ਹੋਏ ਹੋ। ਹੁਣ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਾਂ।
ਇਥੇ ਦੱਸਣਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਜਨਤਾ ਦਲ ਯੂਨਾਈਟਡ ਦੇ ਮੀਤ ਪ੍ਰਧਾਨ ਹਨ। ਸਿਟੀਜ਼ਨਸ਼ਿਪ ਬਿੱਲ ਨੂੰ ਲੈ ਕੇ ਉਹਨਾਂ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਮਤਭੇਦ ਹੋ ਗਏ ਜਿਸ ਮਗਰੋਂ ਉਹਨਾਂ ਬਿੱਲ ਅਤੇ ਪਾਰਟੀ ਦੇ ਸਟੈਂਡ ਦੇ ਵਿਰੋਧ ਵਿਚ ਟਵੀਟਾਂ ਦੀ ਝੜੀ ਲਗਾ ਦਿੱਤੀ। ਨਿਤਿਸ਼ ਕੁਮਾਰ ਨੇ ਇਸਦੇ ਜਵਾਬ ਵਿਚ ਆਪਣੇ ਸਿਪਾਹਸਾਲਾਰ ਤਾਇਨਾਤ ਕੀਤੇ ਜਿਹਨਾਂ ਨੇ ਸਲਾਹ ਦੇ ਦਿੱਤੀ ਜੋ ਵੀ ਪਾਰਟੀ ਦੇ ਸਟੈਂਡ ਨਾਲ ਸਹਿਮਤ ਨਹੀਂ ਪਾਰਟੀ ਛੱਡ ਸਕਦਾ ਹੈ। ਉਹਨਾਂ ਦਾ ਸਿੱਧਾ ਇਸ਼ਾਰਾ ਪ੍ਰਸ਼ਾਂਤ ਕਿਸ਼ੋਰ ਵੱਲ ਸੀ ਅਤੇ ਚੰਦ ਹੀ ਘੰਟਿਆਂ ਵਿਚ ਪ੍ਰਸ਼ਾਂਤ ਕਿਸ਼ੋਰ ਤੇ ਅਰਵਿੰਦ ਕੇਜਰੀਵਾਲ ਦਰਮਿਆਨ ਸਮਝੌਤਾ ਹੋ ਗਿਆ। ਇਹ ਵੀ ਆਖਿਆ ਜਾ ਰਿਹਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਪਤਨੀ ਦਾ ਪਿਛੋਕੜ ਆਸਾਮ ਨਾਲ ਸਬੰਧਤ ਹੈ।