- ਪਟਿਆਲਾ ਪੁਲਿਸ ਵੱਲੋਂ 03 ਦਿਨ ਪਹਿਲਾਂ ਵਿਆਹ ਸਮਾਗਮ ਵਿੱਚ ਗੁੰਮ ਹੋਏ 07 ਸਾਲ ਦੇ ਬੱਚੇ ਦੀ ਗੁੱਥੀ ਸੁਲਝਾਉਂਦਿਆਂ, ਦੋਸ਼ੀ (ਡੀ.ਜੇ ਵਾਲਾ) ਗ੍ਰਿਫਤਾਰ
ਪਟਿਆਲਾ, 14 ਦਸੰਬਰ 2019 - ਸ੍ਰੀ ਮਨਦੀਪ ਸਿੰਘ ਸਿੱਧੂ, ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਇਕ 07 ਸਾਲ ਦਾ ਬੱਚਾ ਜੋ ਕਿ ਪਿਛਲੇ ਤਿੰਨ ਦਿਨਾਂ ਤੋਂ ਗੁੰਮਸੁਦਾ ਸੀ। ਜਿਸ ਦੀ ਗੁੰਮਸੁਦਗੀ ਬਾਰੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ, ਉਸ ਦੇ ਤਿੰਨ ਲੜਕੇ ਹਨ। 10 ਤਾਰੀਕ ਦੀ ਰਾਤ ਨੂੰ ਉਸ ਦੇ ਤਿੰਨੋਂ ਲੜਕੇ ਆਪਣੇ ਗੁਆਂਢ ਵਿੱਚ ਵਿਆਹ ਦੀ ਪਾਰਟੀ ਵਿੱਚ ਗਏ ਸਨ। ਉਸ ਦਾ ਸਭ ਤੋਂ ਛੋਟਾ ਲੜਕਾ ਜੋ ਕਿ ਵਿਆਹ ਸਮਾਗਮ ਵਿੱਚੋਂ ਵਾਪਸ ਘਰ ਨਹੀ ਆਇਆ। ਜਿਸ ਦੇ ਬਿਆਨ 'ਤੇ ਨਾਮਾਲੂਮ ਵਿਅਕਤੀਆਂ ਦੇ ਖਿਲਾਫ ਥਾਣਾ ਬਖਸ਼ੀਵਾਲਾ ਵਿਖੇ ਕੇਸ ਦਰਜ ਕੀਤਾ ਗਿਆ।
ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਗੁੰਮਸੁਦਾ ਬੱਚੇ ਨੂੰ ਟਰੇਸ ਕਰਨ ਲਈ ਤੁਰੰਤ ਹੀ ਸ੍ਰੀ ਵਰੁਣ ਸ਼ਰਮਾ, ਕਪਤਾਨ ਪੁਲਿਸ, ਸਿਟੀ, ਪਟਿਆਲਾ, ਸ੍ਰੀ ਹਰਮੀਤ ਸਿੰਘ ਹੁੰਦਲ, ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਪਟਿਆਲਾ, ਐਸ.ਆਈ ਪ੍ਰਦੀਪ ਬਾਜਵਾ, ਮੁੱਖ ਅਫਸਰ ਥਾਣਾ ਬਖਸ਼ੀਵਾਲਾ, ਐਸ.ਆਈ ਹਰਜਿੰਦਰ ਸਿੰਘ, ਮੁੱਖ ਅਫਸਰ ਥਾਣਾ ਤ੍ਰਿਪੜੀ ਅਤੇ ਐਸ.ਆਈ ਰਾਜਨਦੀਪ ਕੌਰ, ਇੰਚਾਰਜ ਚੌਂਕੀ ਸੈਂਚੁਰੀ ਇੰਨਕਲੇਵ ਦੀਆਂ ਦੋ ਟੀਮਾਂ ਤਿਆਰ ਕਰਕੇ ਗੁੰਮਸੁਦਾ ਬੱਚੇ ਦੀ ਭਾਲ ਕਰਨੀ ਸ਼ੁਰੂ ਕੀਤੀ ਗਈ ਸੀ। ਇਹ ਟੀਮਾਂ ਕਰੀਬ ਦੋ ਦਿਨ ਤੱਕ ਥਾਣਾ ਬਖਸ਼ੀਵਾਲਾ ਵਿਖੇ ਹਾਜਰ ਰਹਿ ਕੇ ਟੈਕਨੀਕਲ ਤਰੀਕੇ ਨਾਲ ਵੱਖ-2 ਪਹਿਲੂਆਂ 'ਤੇ ਪੜਤਾਲ ਕਰਦੀਆਂ ਰਹੀਆਂ। ਪੜਤਾਲ ਦੌਰਾਨ ਵਿਆਹ ਸਮਾਗਮ ਦੀ ਪੂਰੀ ਵੀਡੀਓ ਦੇਖਦਿਆਂ ਹੋਇਆਂ, ਵਿਆਹ ਸਮਾਗਮ ਵਿੱਚ ਸ਼ਾਮਿਲ ਮਹਿਮਾਨਾਂ, ਕੈਟਰਿੰਗ ਕਰਨ ਵਾਲੇ, ਡੀ.ਜੇ ਵਾਲੇ, ਵੀਡੀਓਗ੍ਰਾਫਰਾਂ ਸਮੇਤ ਹੋਰ ਵਿਅਕਤੀਆਂ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਨਾਲ ਹੀ ਭਾਖੜਾ ਨਹਿਰ
ਦੇ ਆਸ-ਪਾਸ ਅਤੇ ਖਨੌਰੀ ਹੈਡ ਤੱਕ ਗੋਤਾਖੋਰ ਟੀਮਾਂ ਰਾਹੀਂ ਬੱਚੇ ਦੀ ਭਾਲ ਲਈ ਸਰਚ ਆਪ੍ਰੇਸਨ ਚਲਾਇਆ ਗਿਆ।
ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਬੱਚੇ ਦੇ ਵੱਡੇ ਲੜਕੇ ਨੇ ਦੱਸਿਆ ਕਿ ਰਾਤ ਨੂੰ ਵਿਆਹ ਦੀ ਪਾਰਟੀ ਵਿੱਚ ਲਖਵਿੰਦਰ ਸਿੰਘ (ਡੀ.ਜੇ ਵਾਲੇ ਅੰਕਲ) ਨੇ ਉਸ ਨੂੰ ਅਤੇ ਉਸ ਦੇ ਛੋਟੇ ਭਰਾ ਨੂੰ ਵਿਆਹ ਵਿੱਚੋਂ ਪੈਸੇ ਚੁੱਕਣ ਤੋਂ ਮਨਾਂ ਕਰਦਿਆਂ ਉਨ੍ਹਾਂ ਨੂੰ ਸਾਈਡ ਤੇ ਬੈਠਣ ਲਈ ਕਿਹਾ। ਲਖਵਿੰਦਰ ਸਿੰਘ ਡੀ.ਜੇ ਵਾਲੇ ਨੇ ਵੱਡੇ ਲੜਕੇ ਨੂੰ ਉਸ ਪਾਸ ਮੌਜੂਦ ਮੋਬਾਇਲ ਨੂੰ ਘਰ ਰੱਖਕੇ ਆਉਣ ਲਈ ਕਿਹਾ ਤੇ ਜਦੋਂ ਉਹ ਮੋਬਾਇਲ ਰੱਖਕੇ ਦੁਬਾਰਾ ਰਾਤ ਨੂੰ ਵਿਆਹ ਸਮਾਗਮ ਵਿੱਚ ਗਿਆ ਤਾਂ ਦੇਖਿਆ ਕਿ ਉਸ ਦਾ ਛੋਟਾ ਭਰਾ ਉੱਥੇ ਨਹੀ ਸੀ।
ਅੱਗੇ ਦੱਸਿਆ ਕਿ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਬੱਚੇ ਨੂੰ 100/-ਰੁਪਏ ਦਾ ਲਾਲਚ ਦੇ ਕੇ ਆਪਣੇ ਨਾਲ ਮੋਟਰਸਾਈਕਲ 'ਤੇ ਨਾਲ ਲੈ ਗਿਆ ਅਤੇ ਉਸੇ ਰਾਤ ਭਾਖੜਾ ਨਹਿਰ ਨੇੜੇ ਬੱਚੇ ਨੂੰ ਲਿਜਾ ਕੇ ਪਹਿਲਾਂ ਉਸ ਨਾਲ ਬਦਫੈਲੀ ਕੀਤੀ ਅਤੇ ਫਿਰ ਉਸ ਨੂੰ ਲੱਗਾ ਕਿ ਬੱਚਾ ਵਾਪਸ ਘਰ ਜਾ ਕੇ ਇਸ ਬਾਰੇ ਕਿਸੇ ਨੂੰ ਦੱਸ ਨਾ ਦੇਵੇ ਤਾਂ ਉਸ ਨੇ ਫੜੇ ਜਾਣ ਦੇ ਡਰ ਤੋਂ ਬੱਚੇ ਦਾ ਗਲਾ ਘੁੱਟ ਕੇ ਉਸ ਦੀ ਲਾਸ਼ ਨੂੰ ਨਾਲ ਹੀ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ, ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਦੀ ਭਾਲ ਲਈ ਪੁਲਿਸ ਦੀਆਂ ਵੱਖ-2 ਟੀਮਾਂ ਭਾਖੜਾ ਨਹਿਰ ਅਤੇ ਹੋਰ ਹੈੱਡਾਂ 'ਤੇ ਭੇਜੀਆਂ ਗਈਆ ਹਨ।