ਹਰਦਮ ਮਾਨ
ਸਰੀ, 14 ਦਸੰਬਰ 2019 -ਡੈਲਟਾ ਪੁਲਿਸ ਨੇ ਜਨਵਰੀ 2019 ਵਿਚ ਇਕ ਬੱਚੀ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਸਰੀ ਦੇ 69 ਸਾਲਾ ਗੁਰਚੇਤਨ ਸਿੰਘ ਸਮਰਾ ਨੂੰ ਕੁਝ ਸ਼ਰਤਾਂ ਤਹਿਤ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਹੈ। ਅਪ੍ਰੈਲ 2019 ਵਿਚ ਉਸ ਉੱਪਰ ਜਿਨਸੀ ਦਖ਼ਲ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਸਨ।
ਸਮਰਾ ਨੂੰ ਜਿਹੜੀਆਂ ਸ਼ਰਤਾਂ ਅਧੀਨ ਛੱਡਿਆ ਗਿਆ ਹੈ, ਉਨ੍ਹਾਂ ਅਨੁਸਾਰ ਸਮਰਾ ਨੂੰ ਕਿਸੇ ਵੀ ਪਬਲਿਕ ਪਾਰਕ, ਜਨਤਕ ਤੈਰਾਕੀ ਵਾਲੇ ਖੇਤਰ, ਕਮਿਊਨਿਟੀ ਸੈਂਟਰ, ਡੇਅ ਕੇਅਰ ਸੈਂਟਰ, ਸਕੂਲ ਦੇ ਮੈਦਾਨ ਜਾਂ ਖੇਡ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਨਹੀਂ ਜਿੱਥੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਮੌਜੂਦ ਹੋਣ ਜਾਂ ਮੌਜੂਦ ਰਹਿਣ ਦੀ ਸੰਭਾਵਨਾ ਹੋਵੇ ਅਤੇ ਨਾ ਹੀ ਉਹ 16 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਕੋਈ ਸੰਪਰਕ ਜਾਂ ਸੰਚਾਰ ਕਰ ਸਕਦਾ ਹੈ। ਸਮਰਾ ਨੂੰ ਅਜਿਹੇ ਕਾਰਜਾਂ, ਸਵੈ-ਸੇਵੀ ਕੰਮਾਂ ਜਾਂ ਰੁਜ਼ਗਾਰ ਵਿਚ ਸ਼ਾਮਲ ਹੋਣ ਦੀ ਵੀ ਮਨਾਹੀ ਕੀਤੀ ਗਈ ਹੈ ਜਿੱਥੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਉਸ ਦਾ ਸੰਪਰਕ ਹੋ ਸਕੇ।
ਡੈਲਟਾ ਪੁਲਿਸ ਵੱਲੋਂ ਸਮਰਾ ਦੀ ਜ਼ਮਾਨਤ ਦੀਆਂ ਸ਼ਰਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਜੇ ਕੋਈ ਵਿਅਕਤੀ ਸਮਰਾ ਨੂੰ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਦਾ ਵੇਖਦਾ ਹੈ, ਜਾਂ ਜੇ ਉਸ ਕੋਲ ਸਮਰਾ ਖ਼ਿਲਾਫ਼ ਮੌਜੂਦਾ ਦੋਸ਼ਾਂ ਨਾਲ ਸਬੰਧਿਤ ਕੋਈ ਜਾਣਕਾਰੀ ਹੈ ਅਤੇ ਹਾਲੇ ਤੱਕ ਉਸ ਨੇ ਪੁਲਿਸ ਨਾਲ ਗੱਲ ਨਹੀਂ ਕੀਤੀ ਹੈ, ਤਾਂ ਉਹ ਫ਼ੋਨ ਨੰਬਰ 604-946-4411‘ ਤੇ ਡੈਲਟਾ ਪੁਲਿਸ ਦੀ ਜਿਨਸੀ ਅਪਰਾਧ ਸ਼ਾਖਾ ਨਾਲ ਸੰਪਰਕ ਕਰੇ।