ਡਿਪਟੀ ਮੁੱਖ ਮੰਤਰੀ ਬਣਾਉਣ ਜਾਨ ਵਜ਼ਾਰਤੀ ਵਾਧੇ ਦੀ ਕੋਈ ਤਜਵੀਜ਼ ਨਹੀਂ -ਆਸ਼ਾ ਕੁਮਾਰੀ
ਨਵੀਂ ਦਿੱਲੀ , 15 ਦਸੰਬਰ , 2019 : ਪੰਜਾਬ ਵਿਚ ਨਵਜੋਤ ਸਿੱਧੂ ਜਾਂ ਕਿਸੇ ਹੋਰ ਨੂੰ ਡਿਪਟੀ ਸੀ ਐਮ ਬਣਾਏ ਜਾਣ ਜਾਂ ਵਜ਼ਾਰਤੀ ਰੱਦੋ-ਬਦਲ ਦੀ ਫ਼ਿਲਹਾਲ ਕੋਈ ਤਜਵੀਜ਼ ਨਹੀਂ ਹੈ . ਹਾਈ ਕਮਾਂਡ ਪੱਧਰ ਤੇ ਅਜਿਹੀ ਕੋਈ ਚਰਚਾ ਨਹੀਂ ਹੈ .ਇਹ ਸਪਸ਼ਟੀਕਰਨ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਸ਼੍ਰੀਮਤੀ ਆਸ਼ਾ ਕੁਮਾਰੀ ਨੇ ਦਿੱਤਾ ਹੈ . ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੱਧੂ ਨੂੰ ਡਿਪਟੀ ਸੀ ਐਮ ਬਣਾਏ ਜਾਣ ਅਤੇ ਦਲਿਤ ਡਿਪਟੀ ਸੀ ਐਮ ਬਣਾਏ ਜਾਣ ਦੀ ਉੱਠੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਅਜਿਹਾ ਵਿਚਾਰ ਨਹੀਂ ਹੋ ਰਿਹਾ .ਕਿਸੇ ਦੇ ਮੰਗ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ .
ਸ਼੍ਰੀਮਤੀ ਆਸ਼ਾ ਕੁਮਾਰੀ
ਨਿਊਜ਼ 18 ਨਾਲ ਗੱਲਬਾਤ ਕਰਦੇ ਹੋਏ ਆਸ਼ਾ ਕੁਮਾਰੀ ਨੇ ਕਿਹਾ ਕਿ ਡਿਪਟੀ ਸੀ ਐਮ ਬਣਾਉਣ ਅਤੇ ਵਜ਼ਾਰਤੀ ਵਾਧੇ ਦਾ ਅੰਤਿਮ ਅਧਿਕਾਰ ਪਾਰਟੀ ਹਾਈ ਕਮਾਂਡ ਭਾਵ ਸੋਨੀਆ ਗਾਂਧੀ ਕੋਲ ਹੈ ਅਤੇ ਹਾਈ ਕਮਾਂਡ ਪੱਧਰ ਤੇ ਇਸ ਸਬੰਧੀ ਕੋਈ ਵਿਚਾਰ-ਚਰਚਾ ਹੀ ਨਹੀਂ ਹੋਈ .ਉਨ੍ਹਾਂ ਕਿਹਾ ਕਿ ਪੰਜਾਬ ਵਜ਼ਾਰਤ ਵਿਚ ਇੱਕ ਜਗਾ ਖ਼ਾਲੀ ਹੈ , ਇਸ ਨੂੰ ਪੁਰ ਕਰਨ ਲਈ ਜਦੋਂ ਸੋਨੀਆ ਗਾਂਧੀ ਅਤੇ ਕੈਪਟਨ ਅਮਰਿੰਦਰ ਮਿਲ ਕੇ ਵਿਚਾਰ ਕਰਨਗੇ ਤਾਂ ਇਸ ਬਾਰੇ ਕੋਈ ਨਿਰਨਾ ਲਿਆ ਜਾਵੇਗਾ ਪਰ ਹਾਲ ਦੀ ਘੜੀ ਇਸ ਬਾਰੇ ਵੀ ਕੋਈ ਚਰਚਾ ਨਹੀਂ ਹੋਈ .
ਇੱਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਤਾਬਿਕ ਤਾਂ ਪੰਜਾਬ ਦੇ ਕਾਂਗਰਸੀ ਵਿਧਾਇਕ ਬਹੁਤ ਸੰਤੁਸ਼ਟ ਹਨ .