ਸੰਗਰੂਰ 15 ਦਸੰਬਰ 2019: ਪੰਜਾਬੀ ਸਾਹਿਤ ਸਭਾ ਸੰਗਰੂਰ ਦੀ ਵਿਸ਼ੇਸ਼ ਇੱਕਤਰਤਾ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਆਏ ਪ੍ਰਸਿੱਧ ਚਿੰਤਕ ਅਤੇ ਵਿਰਾਸਤ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਮੱਲ੍ਹੀ ਨੇ ਸੰਗਰੂਰ ਦੇ ਲੇਖਕਾਂ ਨਾਲ ਰੂ—ਬ—ਰੂ ਹੁੰਦਿਆਂ ਕਿਹਾ ਕਿ ਪੰਜਾਬ ਦੇ ਨੌਜੁਆਨਾਂ ਵਿੱਚ ਜੋ ਵਿਦੇਸ਼ਾਂ ਵਿਚ ਜਾਣ ਦੀ ਹੋੜ ਲੱਗੀ ਹੈ, ਪੰਜਾਬੀਆਂ ਲਈ ਨਾ ਪੂਰਿਆ ਜਾ ਸਕਣ ਵਾਲਾ ਖੱਪਾ ਪੈਦਾ ਕਰ ਰਹੀ ਹੈ। ਕਾਲਪਨਿਕ ਸੁਪਨਿਆਂ ਦੀ ਦੁਨੀਆਂ ਦਾ ਭਰਮ ਪਾਲਦਿਆਂ ਉਨ੍ਹਾਂ ਦੀ ਇਹ ਸਮਝ ਬੜੀ ਸਤੱਹੀ ਹੈ ਕਿ ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ ਪਰਵਾਸ ਕਰ ਜਾਣ ਨਾਲ ਉਹ ਬੜੀ ਸੌਖੀ ਜਿੰਦਗੀ ਬਤੀਤ ਕਰਨਗੇ। ਸ. ਮੱਲ੍ਹੀ ਨੇ ਜ਼ੋਰ ਦੇ ਕੇ ਕਿਹਾ ਕਿ ਸੱਚਾਈ ਇਹ ਹੈ, ਕਿ ਉਨ੍ਹਾਂ ਦੇਸ਼ਾਂ ਵਿੱਚ ਪੰਜਾਬੀਆਂ ਦੀ ਜਿੰਦਗੀ ਪੰਜਾਬ ਨਾਲੋਂ ਵੀ ਬਦੱਤਰ ਹੈ। ਉਨਾਂ ਨੇ ਜਾਗੋ ਇੰਟਰਨੈਸ਼ਨਲ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਸ਼ੇਸ਼ ਅੰਕ ਦੀ ਸ਼ਲਾਘਾ ਕਰਦੇ ਹੋਏ ਪੰਜਾਬੀ ਭਾਸ਼ਾ ਸਾਹਿਤ ਲਈ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪਾਏ ਯੋਗਦਾਨ ਨੂੰ ਸਲਾਹਿਆ। ਇਸ ਵਿਸ਼ੇਸ਼ ਇੱਕਤਰਤਾ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰਾ ਯੂਨੀਵਰਸਿਟੀ, ਸ. ਜਸਵੀਰ ਸਿੰਘ ਸਾਬਕਾ ਮੰਤਰੀ, ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸ਼ਾਮਲ ਸਨ।
ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਡਾ. ਤੇਜਵੰਤ ਮਾਨ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ, ਭਾਸ਼ਾ ਅਤੇ ਕੌਮੀਅਤ ਅੱਜ ਬੜੇ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਹੈ। ਵਿਦੇਸ਼ਾਂ ਵੱਲ ਭੱਜਣ ਦੀ ਥਾਂ ਸਾਡੀ ਨੌਜੁਆਨ ਪੀੜ੍ਹੀ ਪੰਜਾਬੀਅਤ ਨੂੰ ਬਚਾਉਣ ਲਈ ਆਪਣੀ ਵਿਰਾਸਤੀ ਧਰੋਹਰ ਨੂੰ ਸਮਝਦਿਆਂ ਪੰਜਾਬ ਵਿੱਚ ਹੀ ਕਿਰਤ ਨਾਲ ਜੁੜਨਾ ਚਾਹੀਦਾ ਹੈ। ਅੱਜ ਪੰਜਾਬ ਜਿੱਥੇ ਬੌਧਿਕ ਨਿਘਾਰ ਦਾ ਸ਼ਿਕਾਰ ਹੋ ਰਿਹਾ ਹੈ, ਉਥੇ ਦੂਜੇ ਪਾਸੇ ਹਿੰਦੂ ਰਾਸ਼ਟਰ ਦੀ ਇੱਕ ਪੱਖੀ ਨਿਰੰਕੁਸਤਾ ਦੀ ਲਪੇਟ ਵਿਚ ਵੀ ਆ ਰਿਹਾ ਹੈ, ਜਿਸ ਕਰਕੇ ਪੰਜਾਬੀ ਭਾਸ਼ਾ, ਸੱਭਿਆਚਾਰ ਦੀ ਪਹਿਚਾਣ ਖਤਮ ਹੋਣ ਦੇ ਕਿਨਾਰੇ ਆ ਗਈ ਹੈ। ਰਾਸ਼ਟਰੀਯ ਸੇਵਕ ਸੰਘ ਬੜੀ ਯੋਜਨਾ ਨਾਲ ਪੰਜਾਬੀ ਭਾਸ਼ਾ ਦਾ ਹਿੰਦੀਕਰਨ ਕਰਨ ਲਈ ਸਾਡੇ ਵਿਦਿਅਕ ਅਦਾਰਿਆਂ ਵਿਚ ਦਖਲ ਅੰਦਾਜ਼ੀ ਕਰ ਰਿਹਾ ਹੈ।
ਡਾ. ਭਗਵੰਤ ਸਿੰਘ ਨੇ ਯੂਨੀਵਰਸਿਟੀਆਂ ਦੇ ਅਕਾਦਮਿਕ ਪੱਧਰ ਵਿੱਚ ਆਈ ਗਿਰਾਵਟ ਦਾ ਮੁੱਦਾ ਉਠਾਇਆ। ਯੂਨੀਵਰਸਿਟੀਆਂ ਵਿੱਚ ਕਰਵਾਈ ਜਾ ਰਹੀ ਖੋਜ ਦੀ ਵਪਾਰੀ ਨੁਕਤੇ ਤੋਂ ਮਾਰਕੀਟਿੰਗ ਕੀਤੀ ਜਾ ਰਹੀ ਹੈ। ਧੜਾ ਧੜ ਨੀਵੀਂ ਪੱਧਰ ਦੀਆਂ ਡਿਗਰੀਆਂ ਵੇਚੀਆਂ ਖਰੀਦੀਆਂ ਜਾ ਰਹੀਆਂ ਹਨ।
ਡਾ. ਨਰਵਿੰਦਰ ਸਿੰਘ ਨੇ ਅਖੌਤੀ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਾਉਣ ਦੇ ਮਕਸਦ ਦਾ ਜਿਕਰ ਕਰਦਿਆਂ ਦੱਸਿਆ ਕਿ ਸਿਵਾਏ ਹਵਾਈ ਜਹਾਜ ਦੇ ਸਫ਼ਰ ਅਤੇ ਵਧੀਆ ਹੋਟਲਾਂ ਵਿਚ ਖਾਣਾ ਖਾਣ ਅਤੇ ਸ਼ਰਾਬ ਪੀਣ ਦੇ ਇਨ੍ਹਾਂ ਕਾਨਫਰੰਸਾਂ ਵਿੱਚ ਪੰਜਾਬੀ ਸਾਹਿਤ, ਭਾਸ਼ਾ, ਸੱਭਿਆਚਾਰ ਲਈ ਕੋਈ ਬੌਧਿਕ ਕਾਰਜ ਨਹੀਂ ਹੁੰਦਾ।
ਵਿਚਾਰ ਚਰਚਾ ਵਿੱਚ ਸ. ਕੇਵਲ ਸਿੰਘ, ਡਾ. ਦਵਿੰਦਰ ਕੌਰ, ਸ. ਜਸਵੀਰ ਸਿੰਘ, ਗੁਰਨਾਮ ਸਿੰਘ, ਗੁਰਜਿੰਦਰ ਰਸੀਆ, ਦੇਸ਼ ਭੂਸ਼ਨ, ਅਮਰੀਕ ਗਾਗਾ, ਕ੍ਰਿਸ਼ਨ ਬੇਤਾਬ, ਗੁਰਪ੍ਰੀਤ ਸਿੰਘ, ਭਾਰਤ ਭੂਸ਼ਣ, ਭੋਲਾ ਸਿੰਘ ਸੰਗਰਾਮੀ, ਸਤਿੰਦਰ ਫੱਤਾ, ਮੀਤ ਸਕਰੌਦੀ, ਚਮਕੌਰ ਸਿੰਘ, ਸੁਰਜੀਤ ਸਿੰਘ, ਸੰਦੀਪ ਸਿੰਘ, ਰਾਜਪਾਲ ਸਿੰਘ ਆਦਿ ਸ਼ਾਮਲ ਹੋਏ।
ਸਭਾ ਵੱਲੋਂ ਭੁਪਿੰਦਰ ਸਿੰਘ ਮੱਲ੍ਹੀ ਜੀ ਦਾ ਸਨਮਾਨ ਕੀਤਾ ਗਿਆ। ਸਭਾ ਦੇ ਮੈਂਬਰਾਂ ਵੱਲੋਂ ਮੱਲ੍ਹੀ ਜੀ ਨੂੰ ਆਪਣੀਆਂ ਨਵੀਆਂ ਪ੍ਰਕਾਸ਼ਤ ਪੁਸਤਕਾਂ ਭੇਂਟ ਕੀਤੀਆਂ । ਸ. ਜਸਬੀਰ ਸਿੰਘ ਸਾਬਕਾ ਮੰਤਰੀ ਨੇ ਧੰਨਵਾਦ ਕੀਤਾ, ਗੁਰਨਾਮ ਸਿੰਘ ਨੇ ਮੰਚ ਸੰਚਾਲਨਾਂ ਕਰਦੇ ਹੋਏ ਸਭਾ ਦੀਆਂ ਗਤੀਵਿਧੀਆਂ ਬਾਰੇ ਦੱਸਿਆ।