ਸਕੂਲ ਦੀ ਵਿਰਾਸਤੀ ਇਮਾਰਤ ਦੀ ਪੁਰਾਤਨ ਦਿੱਖ ਨੂੰ ਕਾਇਮ ਰੱਖਣ ਲਈ ਇੱਕ ਕਰੋੜ ਰੁਪਏ ਦੇ ਸੀ.ਐਸ.ਆਰ ਫੰਡ ਰਾਹੀਂ ਕਰਵਾਇਆ ਜਾ ਰਿਹੈ ਨਵੀਨੀਕਰਨ: ਵਿਜੈ ਇੰਦਰ ਸਿੰਗਲਾ
ਕੈਬਨਿਟ ਮੰਤਰੀ ਸਿੰਗਲਾ ਵੱਲੋਂ ਮੈਡੀਕਲ ਕੈਂਪ ਦਾ ਵੀ ਉਦਘਾਟਨ
ਸੰਗਰੂਰ, 15 ਦਸੰਬਰ: 2019: ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸੰਗਰੂਰ ਦੇ ਸਰਕਾਰੀ ਰਾਜ ਹਾਈ ਸਕੂਲ ਦੀ ਸਥਾਪਨਾ ਦੇ 100 ਵਰ੍ਹੇ ਮੁਕੰਮਲ ਹੋਣ 'ਤੇ ਸਕੂਲ ਦਾ ਲੋਗੋ ਰਸਮੀ ਤੌਰ 'ਤੇ ਜਾਰੀ ਕੀਤਾ। ਉਨ੍ਹਾਂ ਸਕੂਲ ਦੇ ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਕੂਲ ਦੀ ਇਮਾਰਤ ਨੂੰ ਬਣਿਆਂ ਸ਼ਤਾਬਦੀ ਮੁਕੰਮਲ ਹੋਣਾ ਮਾਣ ਵਾਲੀ ਗੱਲ ਹੈ ਅਤੇ ਇਸ ਵਿਰਾਸਤੀ ਧਰੋਹਰ ਨੂੰ ਭਵਿੱਖ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਕਰੀਬ ਇੱਕ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸ਼੍ਰੀ ਸਿੰਗਲਾ ਨੇ ਕਿਹਾ ਕਿ ਪਿਛਲੇ ਕਰੀਬ 6 ਮਹੀਨਿਆਂ ਤੋਂ ਇਸ ਇਮਾਰਤ ਦੇ ਨਵੀਨੀਕਰਨ ਦਾ ਪ੍ਰੋਜੈਕਟ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਆਉਂਦੇ ਤਿੰਨ-ਚਾਰ ਮਹੀਨਿਆਂ ਵਿੱਚ ਇਸ ਹੈਰੀਟੇਜ ਇਮਾਰਤ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨ ਮਗਰੋਂ ਇਸ ਇਮਾਰਤ ਵਿੱਚ ਕਲਾਸਾਂ ਨੂੰ ਆਮ ਵਾਂਗ ਸ਼ੁਰੂ ਕਰ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਸਕੂਲ ਦੀ ਇਮਾਰਤ ਦੇ ਚੱਲ ਰਹੇ ਉਸਾਰੀ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਇਸ ਸਦੀ ਪੁਰਾਣੀ ਇਮਾਰਤ ਦੀ ਪੁਰਾਤਨ ਦਿੱਖ ਨੂੰ ਬਚਾਉਣ ਲਈ ਬਾਰੀਕੀ ਨਾਲ ਤਕਨੀਕੀ ਪੱਧਰ 'ਤੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਕਰੀਬ ਇੱਕ ਕਰੋੜ ਰੁਪਏ ਦੇ ਸੀ.ਐਸ.ਆਰ ਫੰਡ ਰਾਹੀਂ ਇਸ ਸਕੂਲ ਦੀ ਵਿਰਾਸਤੀ ਇਮਾਰਤ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਜਿਸ ਵਿੱਚੋਂ ਅਨੁਮਾਨਤ 60 ਲੱਖ ਰੁਪਏ ਦੀ ਰਾਸ਼ੀ ਖਰਚੀ ਜਾ ਚੁੱਕੀ ਹੈ। ਸ਼੍ਰੀ ਸਿੰਗਲਾ ਨੇ ਦੂਜੀ ਮੰਜ਼ਿਲ 'ਤੇ ਪਾਏ ਗਏ ਨਵੇਂ ਲੈਂਟਰ ਸਮੇਤ ਹੋਰ ਮੁਰੰਮਤ ਤੇ ਉਸਾਰੀ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਅਣਸੁਰੱਖਿਅਤ ਘੋਸ਼ਿਤ ਹੋਣ ਤੋਂ ਬਾਅਦ ਇਸ ਸਕੂਲ ਦੀ ਇਮਾਰਤ ਵਿੱਚ ਕਲਾਸਾਂ ਲਗਾਉਣੀਆਂ ਬੰਦ ਹੋ ਗਈਆਂ ਸਨ ਅਤੇ ਵਿਦਿਆਰਥੀਆਂ ਨੂੰ ਆਰਜ਼ੀ ਤੌਰ 'ਤੇ ਦੂਜੇ ਕਮਰਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲੀ ਇਮਾਰਤ ਦੀ ਵਿਰਾਸਤੀ ਦਿੱਖ ਨੂੰ ਸਦੀਵੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਸਕੂਲ ਵਿਖੇ ਲੱਗੇ ਮੈਡੀਕਲ ਕੈਂਪ ਦਾ ਵੀ ਉਦਘਾਟਨ ਕੀਤਾ। ਸੰਗਰੂਰ ਸ਼ਹਿਰ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਬਿਹਤਰ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਆਪਣੇ ਪਿਤਾ ਸਵਰਗਵਾਸੀ ਸ੍ਰੀ ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਹਫ਼ਤਾਵਾਰੀ ਦੋ ਮੁਫ਼ਤ ਮੈਡੀਕਲ ਕੈਂਪ ਲਗਾਉਣ ਦੀ ਪ੍ਰਕਿਰਿਆ ਆਰੰਭ ਕੀਤੀ ਹੈ, ਜਿਸ ਤਹਿਤ ਬੀਤੇ ਦਿਨੀਂ ਗੁਰਦੁਆਰਾ ਸੁਖਸਾਗਰ ਸਾਹਿਬ ਅਤੇ ਅੱਜ ਰਾਜ ਹਾਈ ਸਕੂਲ ਵਿਖੇ ਆਯੋਜਿਤ ਮੈਡੀਕਲ ਕੈਂਪਾਂ ਦੌਰਾਨ ਸੈਂਕੜੇ ਲੋੜਵੰਦਾਂ ਨੇ ਲਾਭ ਉਠਾਇਆ।
ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਰੇਸ਼ ਗਾਬਾ, ਡਾ. ਕੇ.ਜੀ ਗੋਇਲ, ਸਕੂਲ ਪ੍ਰਿੰਸੀਪਲ ਰਜਿੰਦਰ ਕੁਮਾਰ ਸਮੇਤ ਹੋਰ ਸਟਾਫ਼ ਵੀ ਉਨ੍ਹਾਂ ਦੇ ਨਾਲ ਸਨ।