- ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਜੋਸ਼ੀ ਫਾਊਂਡੇਸ਼ਨ ਦਾ ਵੱਡਾ ਉੱਦਮ: ਰਾਜਪਾਲ
- ਅਗਲੇ ਸਾਲ ਤੋਂ ਹੋਵੇਗਾ ਦੋ ਦਿਨਾਂ ਦਾ ਮੈਡੀਕਲ ਕੈਂਪ: ਵਿਨੀਤ ਜੋਸ਼ੀ
- ਜੋਸ਼ੀ ਫਾਊਂਡੇਸ਼ਨ ਦੇ ਚੌਥੇ ਮੁਫਤ ਮੈਗਾ ਮੈਡੀਕਲ ਕੈਂਪ ਤੋਂ ਹਜ਼ਾਰਾਂ ਲੋਕਾਂ ਲਿਆ ਲਾਭ
ਚੰਡੀਗੜ੍ਹ, 15 ਦਸੰਬਰ 2019 - ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਜੋਸ਼ੀ ਫਾਊਂਡੇਸ਼ਨ ਮੁਫ਼ਤ ਮੈਡੀਕਲ ਕੈਂਪਾਂ ਰਾਹੀਂ ਮਨੁੱਖਤਾ ਦੀ ਵੱਡੀ ਸੇਵਾ ਕਰ ਰਿਹਾ ਹੈ। ਉਹ ਅੱਜ ਸਥਾਨਕ ਸੈਕਟਰ 15 ਡੀ ਵਿਖੇ ਫਾਊਂਡੇਸ਼ਨ ਵੱਲੋਂ ਲਗਾਏ ਚੌਥੇ ਮੁਫਤ ਮੈਗਾ ਮੈਡੀਕਲ ਚੈਕਅਪ ਕੈਂਪ ਦੇ ਉਦਘਾਟਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਵੱਡਾ ਉੱਦਮ ਹੈ।
ਜਿਸ ਸਦਕਾ ਲੋਕਾਂ ਨੂੰ ਆਪਣੀ ਸਿਹਤ ਸੰਭਾਲ ਲਈ ਸਹਾਇਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਇੱਕ ਹੀ ਕੈਂਪ ਵਿੱਚ ਜਿੱਥੇ ਐਲੋਪੈਥੀ, ਆਯੂਰਵੈਦਿਕ ਅਤੇ ਹੋਮਿਓਪੈਥੀ ਇਲਾਜ਼ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਉੱਥੇ ਹੀ ਯੋਗਾ, ਧਿਆਨ ਅਤੇ ਜੋਤਿਸ਼ ਦੀ ਸਹੂਲਤ ਵੀ ਇਸ ਕੈਂਪ ਵਿੱਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਰਗੈਨਿਕ ਖੁਰਾਕ ਖਾਣ ਦਾ ਸੁਨੇਹਾ ਦੇਣਾ ਵੀ ਜੋਸ਼ੀ ਫਾਊਂਡੇਸ਼ਨ ਦਾ ਚੰਗਾ ਯਤਨ ਹੈ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਬਕਾ ਮੀਡਿਆ ਸਲਾਹਕਾਰ ਵਿਨੀਤ ਜੋਸ਼ੀ ਨੇ ਕਿਹਾ ਕਿ ਲੋਕਾਂ ਵੱਲੋਂ ਮਿਲਦੇ ਸਹਿਯੋਗ ਨੂੰ ਦੇਖਦਿਆਂ ਉਨ੍ਹਾਂ ਫੈਸਲਾ ਕੀਤਾ ਹੈ ਕਿ ਅਗਲੇ ਸਾਲ ਤੋਂ ਇਹ ਕੈਂਪ ਦੋ ਦਿਨਾਂ ਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਤਾ ਸਵ: ਜੈ ਰਾਮ ਜੋਸ਼ੀ ਅਤੇ ਭਰਾ ਸਵ: ਨਵਨੀਤ ਜੋਸ਼ੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪਰਿਵਾਰ ਦੇ ਸਹਿਯੋਗ ਨਾਲ ਇਸ ਕੈਂਪ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਜਿੱਥੇ ਲੋਕ ਵੱਡਾ ਲਾਹਾ ਲੈ ਰਹੇ ਹਨ,
ਵੱਖ-ਵੱਖ ਸੰਸਥਾਵਾਂ ਵੱਲੋਂ ਇੰਨ੍ਹਾਂ ਕੈਂਪਾਂ ਦੀ ਸਫਲਤਾ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਰਟ ਫਾਊਂਡੇਸ਼ਨ ਸਮੇਤ ਹੋਰ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਸਦਕਾ ਹੀ ਇਹ ਕੈਂਪ ਸਫ਼ਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਅੱਠ ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਨੇ ਇਸ ਕੈਂਪ ਤੋਂ ਲਾਭ ਲਿਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਹਨ। ਉਨ੍ਹਾਂ ਦੱਸਿਆ ਕਿ 3 ਦਸੰਬਰ ਤੋਂ ਰਜਿਸਟਰਡ ਮਰੀਜਾਂ ਦੇ ਖੂਨ ਸਮੇਤ ਹੱਡੀਆਂ ਅਤੇ ਛਾਤੀ ਆਦਿ ਦੀ ਜਾਂਚ ਕੀਤੀ ਜਾ ਰਹੀ ਸੀ, ਜਿੰਨ੍ਹਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਵੀ ਟੱਪ ਗਈ ਹੈ।
ਆਪਣੇ ਸੰਬੋਧਨ ਵਿੱਚ ਫਾਊਂਂਡੇਸ਼ਨ ਦੇ ਪ੍ਰਧਾਨ ਸੌਰਭ ਜੋਸ਼ੀ ਨੇ ਕਿਹਾ ਕਿ ਲੋਕਾਂ ਨੂੰ ਡਾਕਟਰੀ ਸਹੂਲਤਾਂ ਮੁਫ਼ਤ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਵਿੱਛੜੇ ਮੈਂਬਰਾਂ ਨੂੰ ਇਹ ਇੱਕ ਵੱਡੀ ਸ਼ਰਧਾਂਜਲੀ ਹੈ। ਕੈਂਪ ਦੌਰਾਨ ਪੀ.ਜੀ.ਆਈ. ਤੋਂ ਆਈ ਨਾਟ ਮੰਡਲੀ ਉਤਸਵ ਕਲਾ ਮੰਚ ਵੱਲੋਂ ਅੰਗਦਾਨ ਨਾਮਕ ਨਾਟਕ ਖੇਡਿਆ ਗਿਆ ਜਦਕਿ ਅਭਿਨੈ ਥੀਏਟਰ ਦੀ ਟੀਮ ਵੱਲੋਂ ਨਰ ਸੇਵਾ ਨਰਾਇਣ ਸੇਵਾ ਨਾਟਕ ਪੇਸ਼ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਧਪੁਰ ਦੇ ਰਾਜਪਾਲ ਕਲਿਆਣ ਸਿੰਘ, ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮੀਤ ਪ੍ਰਧਾਨ ਅਤੇ ਰੈਡਕਰਾਸ ਦੇ ਵਾਇਸ ਚੇਅਰਮੈਨ ਅਵਿਨਾਸ਼ ਰਾਏ ਖੰਨਾ, ਯੋਗ ਅਚਾਰਿਆ ਪਦਮ ਸ਼੍ਰੀ ਐਚ.ਆਰ. ਨਗਿੰਦਰਾ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਘੱਟ ਗਿਣਤੀ ਕਮਿਸ਼ਨ ਦੇ ਵਾਇਸ ਚੇਅਰਮੈਨ ਮਨਜੀਤ ਸਿੰਘ ਰਾਏ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਅਬੋਹਰ ਦੇ ਵਿਧਾਇਕ ਅਰੁਣ ਨਾਰੰਗ, ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ, ਪੀ.ਜੀ.ਆਈ. ਦੇ ਡਿਪਟੀ ਡਾਇਰੈਕਟਰ ਕੁਮਾਰ ਗੌਰਵ, ਪ੍ਰਸਿੱਧ ਜੋਤਿਸ਼ ਗੁਰੂ ਡਾਕਟਰ ਅਰਚਨਾ, ਚੰਡੀਗੜ੍ਹ ਦੇ ਮਿਊਸੀਪਲ ਕਮਿਸ਼ਨਰ ਕੇ.ਕੇ. ਯਾਦਵ, ਪ੍ਰਸਿੱਧ ਵਾਤਾਵਰਨ ਪ੍ਰੇਮੀ ਉਮੇਂਦਰ ਦੱਤ, ਹਾਰਟ ਐਸੋਸੀਏਸ਼ਨ ਦੇ ਚੇਅਰਮੈਨ ਡਾ: ਐਚ.ਕੇ. ਬਾਲੀ, ਧਨਵੰਤਰੀ ਆਯੂਰਵੈਦਿਕ ਕਾਲਜ ਦੇ ਨਰੇਸ਼ ਮਿੱਤਲ, ਵਿਜੈ ਕੌਸ਼ਲ, ਧਰਮਪਾਲ ਗੁਪਤਾ, ਰਾਕੇਸ਼ ਸ਼ਰਮਾ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਡਾਇਰੈਕਟਰ ਹੈਲਥ ਡਾ: ਦੀਵਾਨ, ਪ੍ਰਵੀਨ ਮਿੱਤਲ, ਰਾਜੇਸ਼ ਮਹਾਜਨ, ਅਵਨੀਸ਼ ਬਾਂਸਲ, ਐਮ.ਪੀ. ਅਗਨੀਹੋਤਰੀ, ਸੂਚਨਾ ਅਫ਼ਸਰ ਪਵਨ ਸਿੰਗਲਾ, ਹਰਿਆਣਾ ਦੇ ਸਾਬਕਾ ਮੰਤਰੀ ਓਮ ਪ੍ਰਕਾਸ਼ ਧਨਖੜ, ਧਰਮਪਾਲ ਗੁਪਤਾ, ਸੰਤੋਸ਼ ਸ਼ਰਮਾ ਅਤੇ ਵਿਕਰਾਂਤ ਖੰਡੇਵਾਲ ਆਦਿ ਹਾਜ਼ਰ ਸਨ।