ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 15 ਦਸੰਬਰ 2019 - ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਾਈਆਂ ਜਾ ਰਹੀਆਂ 33ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ 'ਚ ਸਮਾਜਸੇਵੀ ਸ਼ਖਸੀਅਤਾਂ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ। ਜਿੰਨ੍ਹਾਂ 'ਚ ਖੇਡ ਪ੍ਰਮੋਟਰ ਸੁਰਜਨ ਚੱਠਾ ਨੂੰ ਅਮਰਜੀਤ ਗਰੇਵਾਲ ਖੇਡ ਪ੍ਰਮੋਟਰ ਐਵਾਰਡ, ਤੈਰਾਕੀ ਦੀ ਖਿਡਾਰਨ ਅਰਸ਼ਪ੍ਰੀਤ ਕੌਰ ਗਰੇਵਾਲ ਇੰਸਪੈਕਟਰ ਪੰਜਾਬ ਪੁਲਿਸ ਨੂੰ ਮਹਿੰਦਰ ਪ੍ਰਤਾਪ ਗਰੇਵਾਲ ਐਵਾਰਡ, ਗੁਰਪ੍ਰੀਤ ਸਿੰਘ ਨੂੰ ਮਨੁੱਖਤਾ ਦੀ ਸੇਵਾ ਬਦਲੇ ਭਗਤ ਪੂਰਨ ਸਿੰਘ ਐਵਾਰਡ, ਕਬੱਡੀ ਸਟਾਰ ਗੁਰਲਾਲ ਘਨੌਰ ਨੂੰ ਪੰਜਾਬ ਦਾ ਮਾਣ ਐਵਾਰਡ, ਭਾਰਤੀ ਟੀਮ ਦੇ ਮੁੱਕੇਬਾਜ਼ ਕੋਚ ਜੀ.ਐਸ ਸੰਧੂ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਦਾ ਐਵਾਰਡ, ਚਰਚਿਤ ਗਾਇਕ ਕਰਨ ਔਜਲਾ ਨੂੰ ਜਗਦੇਵ ਸਿੰਘ ਜੱਸੋਵਾਲ ਸੱਭਿਆਚਾਰਕ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਕਬੱਡੀ ਨਿਰੋਲ ਇੱਕ ਪਿੰਡ ਓਪਨ ਯਾਦਗਾਰੀ ਕਬੱਡੀ ਕੱਪ 'ਚ ਖੇਡੇ ਮੈਚਾਂ 'ਚ ਲਸਾੜਾ ਗਿੱਲ ਪਹਿਲੇ ਸਥਾਨ 'ਤੇ ਰਹੀ ਜਦਕਿ ਕਲਸੀਆਂ ਦੀ ਟੀਮ ਦੂਜੇ ਸਥਾਨ 'ਤੇ ਰਹੀ। ਬੱਬੂ ਲਸਾੜਾ ਗਿੱਲ ਬੈਸਟ ਰੇਡਰ ਤੇ ਅਮਨਾ ਲਸਾੜਾ ਗਿੱਲ, ਲਵੂ ਲਸਾੜਾ ਗਿੱਲ ਬੈਸਟ ਜਾਫੀ ਚੁਣੇ ਗਏ। ਕਬੱਡੀ ਆਲ ਓਪਨ 'ਚ ਮੈਟਰੋ ਕਬੱਡੀ ਕਲੱਬ ਸਿਡਨੀ ਅਤੇ ਸ਼ਿੰਦਾ ਸਹੌਲੀ ਕਬੱਡੀ ਕਲੱਬ ਸਿਆਟਲ ਫਾਈਨਲ 'ਚ ਪੁੱਜੀਆਂ।
ਮੋਹਿੰਦਰਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ ਲੜਕੀਆਂ 'ਚ ਪੰਜਾਬ ਯੂਨੀਵਰਸਿਟੀ ਨੇ ਅਮਰਗੜ੍ਹ ਨੂੰ 4-0 ਨਾਲ ਹਰਾਇਆ, ਸੋਨੀਪਤ ਨੇ ਇਨਕਮ ਟੈਕਸ ਨੂੰ 5-3 ਨਾਲ ਹਰਾਇਆ। ਫਾਈਨਲ 'ਚ ਇਨਕਮ ਟੈਕਸ ਤੇ ਸੋਨੀਪਤ ਦੀਆਂ ਟੀਮਾਂ ਪੁੱਜੀਆਂ। ਜਦਕਿ ਲੜਕਿਆਂ 'ਚ ਸ਼ਾਹਬਾਦ ਤੇ ਫਰਿਜ਼ਨੋ ਹਾਕੀ ਕਲੱਬ ਫਾਈਨਲ 'ਚ ਪੁੱਜੇ। ਸੈਮੀਫਾਈਨਲ 'ਚ ਜਰਖੜ ਹਾਕੀ ਅਕੈਡਮੀ ਨੂੰ ਫਰਿਜ਼ਨੋ ਕਲੱਬ ਨੇ 4-2 ਨਾਲ ਹਰਾਇਆ।
ਇਸ ਮੌਕੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਇੰਸਪੈਕਟਰ ਬਲਬੀਰ ਸਿੰਘ ਗਰੇਵਾਲ, ਐਮਪੀ ਸਿੰਘ, ਐਚ.ਆਰ ਓਵਰਸੀਜ਼ ਟਾਟਾ ਸਟੀਲ, ਸਰਬਜੀਤ ਸਿੰਘ ਢਿੱਲੋਂ, ਪੈਨ ਸਿੰਘ ਖਡੂਰ, ਰਮੇਲ ਸਿੰਘ ਦਿਉਲ, ਜਗਦੀਪ ਸਿੰਘ ਕਾਹਲੋਂ, ਸਰਪੰਚ ਦਪਿੰਦਰ ਸਿੰਘ ਡਿੰਪੀ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਪੰਧੇਰ, ਪਰਮਜੀਤ ਸਿੰਘ ਨੀਟੂ ਆਦਿ ਹੋਰ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।