ਮੈਨੂੰ ਪੰਜਾਬ 'ਚ ਕਿਧਰੇ ਖਾਲਿਸਤਾਨ ਨਹੀਂ ਦਿਸਿਆ : ਰਿਪੁਦਮਨ ਮਲਿਕ
ਚੰਡੀਗੜ, 15 ਦਸੰਬਰ, 2019 : ਏਅਰ ਇੰਡੀਆ ਦੀ ਫਲਾਈਟ 182 ਨੂੰ ਬੰਬ ਨਾਲ ਉਡਾਉਣ ਜਿਸ ਵਿਚ 329 ਵਿਅਕਤੀ ਮਾਰੇ ਗਏ ਸਨ, ਦੇ ਕੇਸ ਵਿਚ ਦੋਸ਼ੀ ਰਹੇ ਰਿਪੁਦਮਨ ਸਿੰਘ ਮਲਿਕ ਨੇ ਆਖਿਆ ਹੈ ਕਿ ਪੰਜਾਬ ਵਿਚ ਹੁਣ ਖਾਲਿਸਤਾਨ ਕਿਧਰੇ ਨਹੀਂ ਦਿੱਸਦਾ।
ਇਕ ਭਾਰਤੀ ਟੀ ਵੀ ਚੈਨਲ ਨਾਲ ਗੱਲਬਾਤ ਕਰਦਿਆਂ ਰਿਪੁਦਮਨ ਮਲਿਕ ਨੇ ਕਿਹਾ ਕਿ ਖਾਲਿਸਤਾਨ ਪਾਕਿਸਤਾਨ ਵਿਚ ਹੈ ਜਾਂ ਨਹੀਂ ਮੈਂ ਨਹੀਂ ਜਾਣਦਾ ਪਰ ਕਿਉਂਕਿ ਮੈਂ ਪੰਜਾਬ ਵਿਚ ਦੋ ਹਫਤੇ ਬਿਤਾਏ ਹਨ, ਮੈਨੂੰ ਪੰਜਾਬ ਵਿਚ ਕਿਧਰੇ ਵੀ ਖਾਲਿਸਤਾਨ ਨਹੀਂ ਦਿਸਿਆ।
ਉਹਨਾਂ ਨੇ ਰੈਫਰੈਂਡਮ 2020 ਨੂੰ ਵੀ ਦਰਕਿਨਾਰ ਕਰ ਦਿੱਤਾ ਅਤੇ ਕਿਹਾ ਕਿ ਅਮਰੀਕਾ, ਕੈਨੇਡਾ ਤੇ ਯੂ. ਕੇ. ਵਰਗੇ ਮੁਲਕਾਂ ਵਿਚ 2020 ਰੈਫਰੈਂਡਮ ਕਰਨ ਦਾ ਕੀ ਮਤਲਬ ? ਮੈਂ ਇਸਦੇ ਹੱਕ ਵਿਚ ਨਹੀਂ। ਜੇਕਰ ਪੰਜਾਬ ਵਿਚ ਇਹ ਕੀਤਾ ਗਿਆ ਤਾਂ ਇਸਦਾ ਕੋਈ ਅਸਰ ਨਹੀਂ ਹੋਣ ਵਾਲਾ। ਉਹਨਾਂ ਕਿਹਾ ਕਿ ਇਹ ਉਥੇ ਕੀਤਾ ਜਾਣਾ ਚਾਹੀਦਾ ਹੈ ਜਿਥੇ ਲੋਕਾਂ 'ਤੇ ਅਸਰ ਹੋਵੇ ਤੇ ਇਸ ਲਈ ਮੇਰਾ ਰੈਫਰੈਂਡਮ 2020 ਨਾਲ ਕੋਈ ਸਰੋਕਾਰ ਨਹੀਂ।
ਮਲਿਕ ਨੇ ਕਿਹਾ ਕਿ ਇਕ ਸਿੱਖ ਹੋਣ ਦੇ ਨਾਅਤੇ ਉਹ ਪਾਕਿਸਤਾਨ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹੈ ਜਿਹਨਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਬਣਾਇਆ ਅਤੇ ਸਿਰਫ ਪਾਕਿਸਤਾਨ ਸਰਕਾਰ ਨੇ ਇਕੱਲਿਆਂ ਹੀ ਇਸਦਾ ਨਿਰਮਾਣ ਨਹੀਂ ਕੀਤਾ। ਉਹਨਾਂ ਆਸ ਪ੍ਰਗਟ ਕੀਤੀ ਕਿ ਦੋਵੇਂ ਦੇਸ਼ ਆਪਸ ਵਿਚ ਮਿੱਤਰ ਬਣ ਜਾਣ ਅਤੇ ਖਿੱਤੇ ਦੇ ਲੋਕ ਤਰੱਕੀ ਕਰਨ ਤੇ ਖੁਸ਼ਹਾਲੀ ਦਾ ਆਨੰਦ ਮਾਨਣ। ਉਹਨਾਂ ਕਿਹਾ ਕਿ ਮੈਂ ਕਦੇ ਪਾਕਿਸਤਾਨ ਨਹੀਂ ਗਿਆ ਅਤੇ ਮੈਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਰਾਜਨੀਤੀ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਪਰ ਦੋਵਾਂ ਦੇਸ਼ਾਂ ਦੇ ਸਬੰਧ ਅਮਰੀਕਾ ਤੇ ਕੈਨੇਡਾ ਵਰਗੇ ਹੋਣੇ ਚਾਹੀਦੇ ਹਨ।
ਜਦੋਂ ਪੁੱਛਿਆ ਗਿਆ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੇ ਕੇਸ ਮੁੜ ਖੋਲੇ ਜਾਣੇ ਚਾਹੀਦੇ ਹਨ ਤਾਂ ਮਲਿਕ ਨੇ ਕਿਹਾ ਕਿ ਉਹ ਬਹੁਤ ਹੀ ਮੰਦਭਾਗਾ ਸਮਾਂ ਸੀ ਜਿਸਨੇ ਬਹੁਤ ਪੀੜਾ ਦਿੱਤੀ। ਉਹਨਾਂ ਕਿਹਾ ਕਿ ਭਾਵੇਂ 35 ਸਾਲ ਬੀਤ ਚੁੱਕੇ ਹਨ ਪਰ ਸਾਨੂੰ ਅੱਗੇ ਦੀ ਗੱਲ ਕਰਨੀ ਚਾਹੀਦੀ ਹੈ ਤੇ ਜੇਕਰ ਮੋਦੀ ਸਰਕਾਰ ਜੋ ਕੁਝ ਵੀ ਹੋਇਆ, ਉਸਦੀ ਲਈ ਮੁਆਫੀ ਮੰਗਦੀ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ। ਉਹਨਾਂ ਕਿਹਾ ਕਿ ਹੁਣ ਵੀ ਜੋ ਵੀ ਸਿੱਖ ਕੈਦੀ ਆਪਣੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲਾਂ ਵਿਚ ਬੰਦ ਹਨ, ਉਹ ਤੁਰੰਤ ਰਿਹਾਅ ਕੀਤੇ ਜਾਣੇ ਚਾਹੀਦੇ ਹਨ।
ਆਪਣੇ ਬਾਰੇ ਗੱਲ ਕਰਦਿਆਂ ਮਲਿਕ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਪਿਛਲੇ ਸਮੇਂ ਦੌਰਾਨ ਮੇਰੀਆਂ ਗਤੀਵਿਧੀਆਂ ਨਾਲ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਪਰ ਮੈਂ ਆਪਣੇ ਅਨੁਸਾਰ ਸੇਵਾ ਕੀਤੀ ਹੈ ਤੇ ਹੁਣ ਪੈਰੋਲ 'ਤੇ ਬਾਹਰ ਹਾਂ। ਜਿਹਨਾਂ ਨੇ ਵੀ ਸੇਵਾ ਕੀਤੀ ਉਹ ਆਪਣੇ ਕੰਮ ਦੇ ਆਪ ਜ਼ਿੰਮੇਵਾਰ ਹਾਂ।
ਦੱਸਣਯੋਗ ਹੈ ਕਿ 23 ਜੂਨ 1985 ਨੂੰ ਏਅਰ ਇੰਡੀਆ ਦੀ ਫਲਾਈਟ ਨੰਬਰ 182 ਨੂੰ ਹਵਾ ਵਿਚ ਹੀ ਬੰਬ ਨਾਲ ਉਡਾ ਦਿੱਤਾ ਗਿਆ ਸੀ ਜਿਸ ਵਿਚ 329 ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਅਤਿਵਾਦੀ ਕਾਰੇ ਲਈ ਮਲਿਕ ਫਾਈਨਾਂਸਰ ਸੀ ਪਰ ਸਬੂਤਾਂ ਦੀ ਘਾਟ ਕਾਰਨ 2005 ਵਿਚ ਮਲਿਕ ਨੂੰ ਬਰੀ ਕਰ ਦਿੱਤਾ ਗਿਆ ਸੀ।
ਰਿਪੁਦਮਨ ਸਿੰਘ ਮਲਿਕ ਦੀ ਟੀ ਵੀ ਇੰਟਰਵਿਊ ਦੇਖਣ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ