ਹਰਦਮ ਮਾਨ
ਸਰੀ, 16 ਦਸੰਬਰ 2019 - ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਪੰਜਾਬੀ ਦੇ ਪ੍ਰਸਿੱਧ ਪੱਤਰਕਾਰ ਅਤੇ ਕਈ ਅਖਬਾਰਾਂ ਦੇ ਸੰਪਾਦਕ ਰਹੇ ਸ. ਸ਼ੰਗਾਰਾ ਸਿੰਘ ਭੁੱਲਰ ਦੇ ਸਦੀਵੀ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆਂ ਸਰੀ ਵਿਚ ਇਕ ਸ਼ੋਭ ਸਭਾ ਕੀਤੀ ਗਈ ਜਿਸ ਵਿਚ ਸਥਾਨਕ ਅਖਬਾਰਾਂ ਦੇ ਕਈ ਪ੍ਰਤੀਨਿਧ ਅਤੇ ਲੇਖਕ ਸ਼ਾਮਲ ਹੋਏ।
ਇਸ ਮੌਕੇ ਬੋਲਦਿਆਂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਦੇ ਮੁਖੀ ਸ. ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਨਾਮਵਰ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਬਹੁਤ ਹੀ ਨਿੱਘੇ ਵਿਅਕਤੀ ਅਤੇ ਉਨ੍ਹਾਂ ਦੇ ਗੂੜ੍ਹੇ ਮਿੱਤਰ ਸਨ। ਉਨ੍ਹਾਂ ਦਾ ਜਨਮ ਬਟਾਲਾ ਨੇੜੇ ਪਿੰਡ ਭੁੱਲਰ ਵਿਖੇ ਹੋਇਆ ਅਦੇ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਏ. ਦੀ ਡਿਗਰੀ ਹਾਸਲ ਕੀਤੀ। ਪੰਜਾਬੀ ਪੱਤਰਕਾਰੀ ਵਿਚ ਉਨ੍ਹਾਂ ਆਪਣੀ ਸ਼ੁਰੂਆਤ ਨਵਾਂ ਜ਼ਮਾਨਾ ਜਲੰਧਰ ਤੋਂ ਕੀਤੀ, ਫਿਰ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਦੇ ਸਹਾਇਕ ਸੰਪਾਦਕ ਨਿਯੁਕਤ ਹੋਏ ਅਤੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਣੇ। ਰਿਟਾਇਰਮੈਂਟ ਉਪਰੰਤ ਉਹ ਕੁਝ ਸਮਾਂ ਦੇਸ਼ ਵਿਦੇਸ਼ ਟਾਈਮਜ਼ ਦੇ ਸੰਪਾਦਕ ਅਤੇ ਫਿਰ ਪੰਜਾਬੀ ਜਾਗਰਣ ਦੇ ਸੰਪਾਦਕ ਰਹੇ ਅਤੇ ਅੱਜ ਕੱਲ੍ਹ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸਨ। ਪੰਜਾਬੀ ਪੱਤਰਕਾਰੀ ਨੂੰ ਉਨ੍ਹਾਂ ਦੀ ਬਹੁਤ ਵੱਡੀ ਦੇਣ ਹੈ। ਉਨ੍ਹਾਂ ਸ. ਭੁੱਲਰ ਦੇ ਅਚਾਨਕ ਤੁਰ ਜਾਣ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।
ਪੰਜਾਬ ਲਿੰਕ ਦੇ ਸਾਹਿਤਕ ਸੰਪਾਦਕ ਹਰਦਮ ਸਿੰਘ ਮਾਨ ਨੇ ਸ. ਭੁੱਲਰ ਦੇ ਸਦੀਵੀ ਰੁਖ਼ਸਤ ਹੋਣ ਤੇ ਦੁੱਖ ਪ੍ਰਗਟ ਕਰਦਿਆਂ ਪੰਜਾਬੀ ਟ੍ਰਿਬਿਊਨ ਸਮੇਂ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਦੋ ਦਹਾਕਿਆਂ ਤੋਂ ਵੀ ਵੱਧ ਪੰਜਾਬੀ ਟ੍ਰਿਬਿਊਨ ਲਈ ਪੱਤਰਕਾਰੀ ਕਰਦਿਆਂ ਅਕਸਰ ਹੀ ਉਨ੍ਹਾਂ ਦਾ ਮੇਲ ਸ. ਸ਼ੰਗਾਰਾ ਸਿੰਘ ਭੁੱਲਰ ਨਾਲ ਹੁੰਦਾ ਰਹਿੰਦਾ ਸੀ, ਉਹ ਬਹੁਤ ਹੀ ਨਿਮਰ ਅਤੇ ਸੂਝਵਾਨ ਵਿਅਕਤੀ ਸਨ। ਪੰਜਾਬੀ ਟ੍ਰਿਬਿਊਨ ਨੂੰ ਲੋਕ ਪੱਖੀ ਬਣਾਉਣ ਵਿਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਪੱਤਰਕਾਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਪੰਜਾਬੀ ਹੈਰੀਟੇਜ ਦੇ ਸੰਪਾਦਕ ਲਖਵੀਰ ਸਿੰਘ ਖੰਗੂੜਾ ਨੇ ਸ. ਭੁੱਲਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਸ. ਭੁੱਲਰ ਦੇ ਕਾਲਮ ਅਕਸਰ ਹੀ ਅਖਬਾਰਾਂ ਦਾ ਸ਼ੰਗਾਰ ਬਣਦੇ ਸਨ ਅਤੇ ਉਨ੍ਹਾਂ ਦੀ ਉਸਾਰੂ ਸੋਚ ਦਾ ਪ੍ਰਗਟਾਵਾ ਕਰਦੇ ਸਨ।
ਚੜ੍ਹਦੀ ਕਲਾ ਟਾਈਮ ਟੀਵੀ ਦੇ ਸੀ.ਈ.ਓ. ਸ. ਹਰਪ੍ਰੀਤ ਸਿੰਘ ਦਰਦੀ ਨੇ ਸ. ਸ਼ੰਗਾਰਾ ਸਿੰਘ ਭੁੱਲਰ ਨਾਲ ਆਪਣੀ ਪਰਿਵਾਰਕ ਸਾਂਝ ਬਾਰੇ ਦਸਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਸ. ਜਗਜੀਤ ਸਿੰਘ ਦਰਦੀ ਦੇ ਸਮਕਾਲੀ ਸੰਪਾਦਕ ਹੋਣ ਸਦਕਾ ਉਨ੍ਹਾਂ ਵਿਚਕਾਰ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਸੀ। ਉਨ੍ਹਾਂ ਦਾ ਪੰਜਾਬੀ ਪੱਤਰਕਾਰੀ ਦੇ ਪਾਸਾਰ, ਪ੍ਰਚਾਰ ਪ੍ਰਤੀ ਬਹੁਤ ਵੱਡਾ ਰੋਲ ਰਿਹਾ ਹੈ। ਉਨ੍ਹਾਂ ਦੇ ਦਿਲ ਵਿਚ ਅਤੇ ਲਿਖਤਾਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਅਥਾਹ ਪਿਆਰ ਅਤੇ ਸਤਿਕਾਰ ਸੀ। ਅਜਿਹੀ ਸ਼ਖ਼ਸੀਅਤ ਦਾ ਅਚਾਨਕ ਚਲਾ ਜਾਣਾ ਸੱਚਮੁੱਚ ਬੇਹੱਦ ਦੁਖਦਾਈ ਹੈ। ਉਨ੍ਹਾਂ ਅਦਾਰਾ ਚੜ੍ਹਦੀ ਕਲਾ ਵੱਲੋਂ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਪ੍ਰਧਾਨ ਅਤੇ ਪ੍ਰਸਿੱਧ ਪੰਜਾਬੀ ਸ਼ਾਇਰ ਬਿੱਕਰ ਸਿੰਘ ਖੋਸਾ ਨੇ ਕਿਹਾ ਕਿ ਸ. ਭੁੱਲਰ ਦੀ ਮੌਤ ਨਾਲ ਪੰਜਾਬੀ ਪੱਤਰਕਾਰੀ ਵਿਚ ਇਕ ਖਲਾਅ ਪੈਦਾ ਹੋ ਗਿਆ। ਉਨ੍ਹਾਂ ਦੀ ਪੰਜਾਬੀ ਪੱਤਰਕਾਰੀ ਪ੍ਰਤੀ ਘਾਲਣਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਆਪਣੀ ਸੰਸਥਾ ਵੱਲੋਂ ਸ. ਭੁੱਲਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਪ੍ਰਸਿੱਧ ਕਥਾ ਵਾਚਕ ਸ. ਸੁਰਿੰਦਰ ਸਿੰਘ ਗੌਰੀ (ਡੁਬਈ ਵਾਲੇ) ਨੇ ਵੀ ਸ. ਭੁੱਲਰ ਦੀ ਮੌਤ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ।