ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 16 ਦਸੰਬਰ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੀਨੀਅਰ ਅਕਾਲੀ ਲੀਡਰ ਸ੍ਰ ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸ੍ਰ ਰਵੀਇੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਅਹੁਦੇਦਾਰਾਂ ਅਤੇ ਸਮਰਥਕਾ ਦਾ ਜੋਰਦਾਰ ਧੰਨਵਾਦ ਕੀਤਾ ਹੈ , ਜਿੰਨਾ ਨੇ ਸ਼੍ਰੋਮਣੀ ਅਕਾਲੀ ਦਲ ਦੇ 99 ਵੇਂ ਸਥਾਪਨਾ ਦਿਵਸ ਮੌਕੇ ਹਰਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਪਹੁੰਚ ਕੇ ਜਥੇਬੰਦੀ ਦੀ ਚੜਦੀਕਲਾ ਲਈ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ ।
ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਹੈਡਕੁਆਰਟਰ ਕੈਪ ਅਫਿਸ ਹਰਿਰਾਏ ਐਵੀਨਿਊ ਤੋਂ ਉਪਰੋਕਤ ਨੇਤਾਵਾਂ ਦਾ ਸਾਂਝਾ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ, ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ, ਜਥੇਦਾਰ ਮਨਮੋਹਨ ਸਿੰਘ ਸਠਿਆਲਾ, ਸ੍ਰ ਅਮਰਪਾਲ ਸਿੰਘ ਬੋਨੀ , ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ, ਸ੍ਰ ਤੇਜਿੰਦਰ ਸਿੰਘ ਪੰਨੂ ਨੇ ਕਿਹਾ ਹੈ ਕਿ ਇਸ ਇਤਿਹਾਸਕ ਇਕੱਠ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ਤੇ ਪਹਿਰਾ ਦੇਣ ਲਈ ਸਮੂਹ ਲੀਡਰਸ਼ਿਪ ਤੱਤਪਰ ਰਹੇਗੀ ।
ਉਹਨਾਂ ਕਿਹਾ ਕਿ ਬਹੁਤ ਜਲਦੀ ਸ੍ਰੌਮਣੀ ਅਕਾਲੀ ਦਲ ਦੀ ਉਪਰੋਕਤ ਲੀਡਰਸ਼ਿੱਪ ਮੀਟਿੰਗ ਕਰੇਗੀ ਜਿਸ ਵਿੱਚ ਕੋਈ ਤਾਲਮੇਲ ਕਮੇਟੀ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ ।
ਉਹਨਾਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਅਤੇ ਐਜੂਕੇਸ਼ਨ ਕਮੇਟੀ ਦੇ ਚੇਅਰਮੈਨ ਸ੍ਰ ਭਾਗ ਸਿੰਘ ਅਣਖੀ ਸਮੇਤ ਸਮੁੱਚੇ ਅਹੁਦੇਦਾਰਾਂ ਦਾ ਵੀ ਧੰਨਵਾਦ ਕੀਤਾ।