ਜੀ.ਐੱਸ.ਪੰਨੂ
ਪਟਿਆਲਾ, 20 ਦਸੰਬਰ 2019 - ਪਟਿਆਲਾ ਪੁਲਿਸ ਨੇ ਏਟੀਐਮ ਲੁਟੇਰਿਆਂ ਦੇ ਗਿਰੋਹ ਦਾ ਪਰਦਾਫਾਸ਼ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗਿਰੋਹ ਨੇ ਪੰਜਾਬ ਅਤੇ ਹਰਿਆਣਾ 'ਚ 20 ਏ.ਟੀ.ਐੱਮ ਚੋਰੀ / ਲੁੱਟਾਂ ਕੀਤੀਆਂ ਅਤੇ ਵਾਈਨ ਸ਼ੌਪਾਂ / ਫੈਕਟਰੀਆਂ ਵਿਚ ਲੁੱਟ ਦੇ 4 ਮਾਮਲੇ ਵੀ ਸਾਹਮਣੇ ਆਏ।
ਇਸ 'ਚ ਪੁਲਿਸ ਹੱਥ ਕੁੱਲ 8 ਲੁਟੇਰੇ ਲੱਗੇ ਹਨ ਜਿੰਨ੍ਹਾਂ ਕੋਲੋਂ ਹਥਿਆਰ, ਨਕਦੀ, ਕਾਰਾਂ, ਮੋਟਰਸਾਈਕਲਾਂ, ਗੈਸ ਸਿਲੰਡਰ ਤੇ ਬਰਨਰਜ਼, ਇਲੈਕਟ੍ਰਿਕ ਕਟਰ ਅਤੇ ਏਟੀਐਮ ਤੋੜਨ ਲਈ ਲੰਬੀਆਂ ਬੈਲਟਾਂ ਆਦਿ ਬਰਾਮਦ ਕੀਤਾ ਗਿਆ ਹੈ।
ਪਟਿਆਲਾ 'ਚ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਮਨਦੀਪ ਸਿੰਘ ਸਿੱਧੁ ਨੇ ਦੱਸਿਆ ਕਿ ਇਸ ਗਿਰੋਹ ਦੇ ਸਾਰੇ ਮੈਂਬਰ ਤਕਰੀਬਨ 22 ਸਾਲ ਤੋਂ 32 ਸਾਲ ਦੀ ਉਮਰ ਤੇ ਅਤੇ ਵਿਆਹੇ ਹੋਏ ਹਨ। ਇੰਨ੍ਹਾਂ ਵਿੱਚੋਂ ਸਾਰਿਆਂ ਨੂੰ ਲੀਡ ਕਰਨ ਵਾਲਾ ਹਰਨੇਕ ਸਿੰਘ ਉਰਫ ਸੀਰਾ ਇੱਕ ਇਲੈਕਟ੍ਰੀਸ਼ਨ ਹੈ ਜੋ ਏਟੀਐਮ ਮਸ਼ੀਨਾਂ ਦੇ ਸੈਂਸਰਾਂ ਬਾਰੇ ਸਾਰਿਆਂ ਨੂੰ ਪੂਰੀ ਜਾਣਕਾਰੀ ਦਿੰਦੀ ਸੀ। ਇਸ ਗਿਰੋਹ ਦੇ ਦੋ ਮੈਂਬਰ ਪਹਿਲਾਂ ਤੁਰ ਕੇ ਏ.ਟੀ.ਐਮ ਦੀ ਰੈਕੀ ਕਰਦੇ ਸਨ ਅਤੇ ਵਾਰਦਾਤ ਕਰਨ ਲਈ ਰਾਤ ਨੂੰ ਕਾਫੀ ਲੰਬਾ (100 ਤੋਂ 150 ਕਿਲੋਮੀਟਰ) ਲੰਬਾ ਸਫਰ ਕਰਦੇ ਸਨ ਅਤੇ ਫਿਰ ਮੌਕਾ ਪਾ ਕੇ ਏ.ਟੀ.ਐਮ ਤੇ ਵਾਰਦਾਤ ਕਰਦੇ ਸੀ।
ਐਸਐਸਪੀ ਪਟਿਆਲਾ ਦੀ ਕਮਾਂਡ ਹੇਠ ਕੰਮ ਕਰ ਰਹੀ ਪੁਲੀਸ ਟੀਮ ਦੀ ਅਣਥੱਕ ਮਿਹਨਤ ਸਦਕਾ ਡੀ.ਜੀ.ਪੀ ਪੰਜਾਬ ਵੱਲੋਂ ਪਟਿਆਲਾ ਪੁਲਿਸ ਦੀ ਇਸ ਸ਼ਲਾਘਾਯੋਗ ਕਾਰਗੁਜ਼ਾਰੀ ਸਬੰਧੀ ਇਸ ਟੀਮ ਦਾ ਹੌਸਲਾ ਅਫਜ਼ਾਈ ਲਈ 2 ਲੱਖ ਰੁਪਏ ਦਾ ਨਗਦ ਇਨਾਮ, ਇੱਕ ਸਹਾਇਕ ਥਾਣੇਦਾਰ ਨੂੰ ਲੋਕਲ ਰੈਂਕ ਥਾਣੇਦਾਰ ਦਾ, ਇੱਕ ਮੁੱਖ ਸਿਪਾਹੀ ਨੂੰ ਲੋਕਲ ਰੈਂਕ ਸਹਾਇਕ ਥਾਣੇਦਾਰ ਦਾ ਅਤੇ ਇੱਕ ਸਿਪਾਹੀ ਨੂੰ ਬਤੌਰ ਸੀ-2 ਵਜੋਂ ਤਰੱਕੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ੫ ਟੀਮ ਮੈਂਬਰਾਂ ਨੂੰ ਡੀਜੀਪੀ ਕਮਾਡੇਸ਼ਨ ਡਿਸਕ ਦੇਣ ਦਾ ਐਲਾਨ ਕੀਤਾ ਗਿਆ ਹੈ।