ਪਟਿਆਲਾ, 21 ਦਸੰਬਰ 2019 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਦੇ ਬਿਲਾਂ ਦੀ ਵਸੂਲੀ ਲਈ ਸ਼ੁਰੂ ਕੀਤੀ ਮੁਹਿੰਮ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਉਨ੍ਹਾਂ ਕੁੱਝ ਬਿਜਲੀ ਮੁਲਾਜਮਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ, ਜਿਨ੍ਹਾਂ ਦੇ ਬਿਜਲੀ ਦੇ ਬਿਲਾਂ ਦੀ ਅਦਾਇਗੀ ਪੈਡਿੰਗ ਸੀ। ਕਾਰਪੋਰੇਸ਼ਨ ਦੇ ਬੁਲਾਰੇ ਨੇ ਦੋਵੇਂ ਕਾਰਪੋਰੇਸ਼ਨ ਦੇ ਉਨ੍ਹਾਂ ਮੁਲਾਜਮਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੋ ਦਿਨਾਂ ਵਿੱਚ ਆਪਣੇ ਪੈਡਿੰਗ ਰਹਿੰਦੇ ਬਿਜਲੀ ਦੀ ਅਦਾਇਗੀ ਕਰ ਦੇਣ ਨਹੀਂ ਤਾਂ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਸੋਮਵਾਰ ਨੂੰ ਕੱਟ ਦਿੱਤੇ ਜਾਣਗੇ।
ਕਾਰਪੋਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਗਰਮੀਆਂ ਵਿਚ ਜਦੋਂ ਬਿਜਲੀ ਚੋਰੀ ਦੀ ਮਿਹੰਮ ਉਲੀਕੀ ਗਈ ਸੀ ਤਾਂ ਸਭ ਤੋਂ ਪਹਿਲਾਂ ਕਾਰਪੋਰੇਸ਼ਨ ਨੇ ਆਪਣੇ ਉਚ ਅਫਸਰਾਂ ਜਿਨ੍ਹਾਂ ਵਿਚ ਡਾਇਰੈਕਟਰ, ਮੁੱਖ ਇੰਜੀਨੀਅਰ, ਨਿਗਰਾਨ ਇੰਜੀਨੀਅਰ ਅਤੇ ਐਕਸੀਅਨ ਸ਼ਾਮਿਲ ਸਨ, ਦੇ ਮੀਟਰਾਂ ਦੀਆਂ ਸੀਲਾਂ ਫਿਕਸਡ ਗਈਆਂ ਅਤੇ ਬਿਜਲੀ ਦੇ ਮੀਟਰ ਬਾਹਰ ਕੱਢੇ ਗਏ।
ਕਾਰਪੋਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਬਿਜਲੀ ਬਿਲਾਂ ਦੀ ਵਸੂਲੀ ਲਈ ਵੀ ਕਾਰਪੋਰੇਸ਼ਨ ਨੇ ਆਪਣੇ ਅਫਸਰਾਂ ਤੇ ਕਰਮਚਾਰੀਆਂ ਨਾਲ ਇਹ ਮੁਹਿੰਮ ਸ਼ੁਰੂ ਕਰਕੇ ਇਕ ਉਦਾਹਰਨ ਬਣਾਈ ਹੈ| ਕਾਰਪੋਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਕਿਸੇ ਵੀ ਅਦਾਰੇ ਲਈ ਉਸਦੇ ਮਾਲੀਏ ਦਾ ਵੱਡੀ ਮਾਤਰਾ ਵਿਚ ਜਰੂਰੀ ਹੁੰਦਾ ਹੈ ਅਜਿਹਾ ਨਾ ਹੋਣ ਦੀ ਸੂਰਤ ਵਿਚ ਅਦਾਰੇ ਦਾ ਕੰਮ-ਕਾਜ ਪ੍ਰਭਾਵਿਤ ਹੁੰਦਾ ਹੈ।
ਬੁਲਾਰੇ ਨੇ ਦੱਸਿਆ ਕਿ ਰਾਜ ਵਿਚ 3591 ਮੁਲਾਜਮਾਂ ਤੋਂ 56 ਲੱਖ ਰੁਪਏ ਤੋਂ ਵੱਧ ਬਿਜਲੀ ਬਿਲਾਂ ਦੀ ਪੈਡਿੰਗ ਵਸੂਲੀ ਕੀਤੀ ਗਈ। ਅੰਮ੍ਰਿਤਸਰ ਬਾਰਡਰ ਜ਼ੋਨ ਵਿਚ 3620 ਮੁਲਾਜਮਾਂ ਵੱਲ 67 ਲੱਖ ਰੁਪਏ ਤੋਂ ਵੱਧ ਮਾਲੀਆ ਪੈਡਿੰਗ ਸੀ ਜਿਨ੍ਹਾਂ ਵਿਚੋਂ 3327 ਮੁਲਾਜਮਾਂ ਤੋਂ 45 ਲੱਖ ਰੁਪਏ ਤੋਂ ਵੱਧ ਬਿਜਲੀ ਬਿਲਾਂ ਦੀ ਵਸੂਲੀ ਕੀਤੀ ਗਈ ਹੈ। ਜਦੋਂ ਕਿ 277 ਮੁਲਾਜਮਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਲੁਧਿਆਣਾ ਸੈਂਟਰਲ ਜ਼ੋਨ ਵਿੱਚ 160 ਮੁਲਾਜਮਾਂ ਵਿਰੁੱਧ 12,61,000 ਰੁਪਏ ਦੀ ਬਿਜਲੀ ਬਿਲਾਂ ਦੀ ਅਦਾਇਗੀ ਪੈਡਿੰਗ ਹੈ। ਇਸ ਤੋਂ ਇਲਾਵਾ ਪਟਿਆਲਾ ਸਾਊਥ ਜ਼ੋਨ ਵਿੱਚ 622 ਮੁਲਾਜਮਾਂ ਤੋਂ ਕਾਰਪੋਰੇਸ਼ਨ ਨੇ 45 ਲੱਖ ਰੁਪਏ ਤੋਂ ਵੱਧ ਬਿਜਲੀ ਬਿਲਾਂ ਦੀ ਅਦਾਇਗੀ ਲੈਣੀ ਸੀ ਜਿਸ ਵਿਚੋਂ 274 ਮੁਲਾਜਮਾਂ ਤੋਂ ਇਕ ਤੋਂ 19 ਦਸੰਬਰ ਤੱਕ 11.36 ਲੱਖ ਰੁਪਏ ਵਸੂਲੀ ਕੀਤੀ ਗਈ। 102 ਮੁਲਾਜਮਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਸੇ ਤਰ੍ਹਾਂ ਵੈਸਟ ਜ਼ੋਨ ਵਿੱਚ 330 ਮੁਲਾਜਮਾਂ ਕੋਲੋਂ 48.81 ਲੱਖ ਰੁਪਏ ਬਿਜਲੀ ਬਿਲਾਂ ਦੀ ਵਸੂਲੀ ਪੈਡਿੰਗ ਸੀ। ਜਿਨ੍ਹਾਂ ਵਿੱਚੋਂ 135 ਮੁਲਾਜਮਾਂ ਕੋਲੋਂ 12.81 ਲੱਖ ਰੁਪਏ ਵਸੂਲੇ ਗਏ ਹਨ, ਜਦੋਂ ਕਿ 135 ਮੁਲਾਜਮਾਂ ਦੇ ਬਿਜਲੀ ਕੂਨੈਕਸ਼ਨ ਕੱਟ ਦਿੱਤੇ ਗਏ ਹਨ। ਨੌਰਥ ਜ਼ੋਨ ਵਿੱਚ 21 ਮੁਲਾਜਮਾਂ ਕੋਲੋਂ 1,95,710 ਰੁਪਏ ਬਿਜਲੀ ਬਿਲਾਂ ਦੀ ਵਸੂਲੀ ਪੈਡਿੰਗ ਹੈ। ਇੱਕ ਮੁਲਾਜਮ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ।
ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ ਇੰਜ. ਬਲਦੇਵ ਸਿੰਘ ਸਰ੍ਹਾਂ ਨੇ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਦੇ ਮੁਲਾਜਮਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਬਿਜਲੀ ਬਿਲਾਂ ਦੀ ਅਦਾਇਗੀ ਸਮੇਂ ਸਿਰ ਕਰਕੇ ਇਕ ਉਦਾਹਰਨ ਕਾਇਮ ਕਰਨ। ਉਨ੍ਹਾਂ ਪੰਜਾਬ ਦੇ ਦੂਜੇ ਮੁਲਾਜਮਾਂ ਦੇ ਅਫਸਰਾਂ ਤੇ ਕਰਮਚਾਰੀਆਂ ਨੂੰ ਵੀ ਬਿਜਲੀ ਦੇ ਬਿਲਾਂ ਦੀ ਅਦਾਇਗੀ ਸਮੇਂ ਸਿਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਬਿਜਲੀ ਕੁਨੈਕਸ਼ਨ ਕੱਟਣ ਦੀ ਨੌਬਤ ਦਾ ਸਾਹਮਣਾ ਨਾ ਕਰਨਾ ਪਵੇ।