ਰਜਨੀਸ਼ ਸਰੀਨ
- ਵਿਸ਼ਵ ਪੱਧਰ ਤੱਕ ਸਥਾਪਤ ਕੀਤੇ ਨਵੇਂ ਕੀਰਤੀਮਾਨ
ਸ਼੍ਰੀ ਅਨੰਦਪੁਰ ਸਾਹਿਬ 27 ਦਸੰਬਰ 2019 - ਸੰਸਾਰ ਭਰ ਵਿੱਚ ਮਕਬੁਲੀਅਤ ਹਾਸਲ ਕਰਨ ਵਾਲੇ 8 ਸਾਲਾਂ ਦੇ ਹੋਏ ਵਿਰਾਸਤ-ਏ-ਖਾਲਸਾ ਲਈ ਸਾਲ 2019 ਮਾਣ ਮੱਤੀਆਂ ਅਤੇ ਪ੍ਰਾਪਤੀਆਂ ਦਾ ਵਰ੍ਹਾ ਰਿਹਾ ਹੈ। ਇਸ ਮਿਊਜਿਅਮ ਨੇ ਵਿਸ਼ਵ ਪੱਧਰ ਤੱਕ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ।
ਜਿਕਰਯੌਗ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸੈਲਾਨੀਆਂ ਦੀ ਵਿਸੇਸ਼ ਖਿਚ ਦਾ ਕੇਂਦਰ ਰਹੇ ਵਿਰਾਸਤ-ਏ-ਖਾਲਸਾ ਵਿੱਚ ਪੰਜਾਬ ਦੇ 550 ਸਾਲਾਂ ਦੇ ਗੌਰਵਮਈ ਅਤੇ ਸ਼ਾਨਾ ਮੱਤੇ ਇਤਿਹਾਸ ਨੂੰ ਰੂਪਮਾਨ ਕੀਤਾ ਗਿਆ ਹੈ। ਇੱਥੇ ਅਤਿ-ਅਧੁਨਿਕ ਤਕਨੀਕਾਂ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਦਿੱਲ ਖਿਚਵੀਂ ਪੇਸ਼ਕਾਰੀ ਕੀਤੀ ਗਈ ਹੈ ਜਿਸ ਨੂੰ ਪਿਛਲੇ 8 ਸਾਲਾਂ ਵਿੱਚ ਲਗਭਗ ਇੱਕ ਕਰੋੜ 8 ਲੱਖ ਤੋਂ ਵਧੇਰੇ ਸੈਲਾਨੀ ਵੇਖ ਚੁੱਕੇ ਹਨ। ਸਾਲ 2019 ਵਿੱਚ ਇਸ ਮਿਊਜਿਅਮ ਨੂੰ 10 ਲੱਖ 54 ਹਜ਼ਾਰ ਤੋਂ ਵਧੇਰੇ ਸੈਲਾਨੀਆਂ ਨੇ ਹੁਣ ਤੱਕ ਵੇਖਿਆ ਹੈ।
24 ਜਨਵਰੀ 2109 ਨੂੰ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਪੀਕਰ ਵਿਧਾਨ ਸਭਾ ਰਾਣਾ ਕੇ ਪੀ ਸਿੰਘ ਅਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਇਥੇ ਆਏ ਸਨ ਤਾਂ ਉਹਨਾਂ ਨੇ ਵੀ ਵਿਰਾਸਤ-ਏ-ਖਾਲਸਾ ਦੀ ਸ਼ਲਾਂਘਾ ਕੀਤੀ ਅਤੇ ਇਸੇ ਬੇਹਤਰੀਨ ਰੱਖ ਰਖਾਊ ਦੀ ਭਰਭੂਰ ਪ੍ਰਸ਼ੰਸਾ ਕੀਤਾ ਸੀ।
ਜੇਕਰ ਵਿਰਾਸਤ-ਏ-ਖਾਲਸਾ ਨੂੰ ਸਾਲ 2019 ਵਿੱਚ ਮਿਲੇ ਵਿਸੇਸ਼ ਸਨਮਾਨ ਅਤੇ ਇਸਦੀਆਂ ਵੱਡਮੁੱਲੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ ਜਾਵੇ ਤਾਂ ਵਿਰਾਸਤ-ਏ-ਖਾਲਸਾ ਸੰਸਾਰ ਭਰ ਵਿੱਚ ਤੇਜੀ ਨਾਲ ਵੇਖੇ ਜਾਣ ਵਾਲੇ ਮਿਊਜਿਅਮ ਦੀ ਕਤਾਰ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਹੈ। ਵਿਰਾਸਤ-ਏ-ਖਾਲਸਾ ਦਾ ਨਾਮ ਫਰਵਰੀ 2019 ਵਿੱਚ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਇਆ। ਇਸੇ ਸਾਲ ਮਈ 2019 ਵਿੱਚ ਇੰਡੀਆਂ ਬੁੱਕ ਆਫ ਰਿਕਾਰਡ ਵਿੱਚ ਵਿਰਾਸਤ-ਏ-ਖਾਲਸਾ ਆਪਣਾ ਨਾਮ ਦਰਜ ਕਰਵਾਉਣ ਵਿੱਚ ਸਫਲ ਹੋਇਆ। ਇਸੇ ਸਾਲ 2019 ਅਗਸਤ ਵਿੱਚ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਵਿਰਾਸਤ-ਏ-ਖਾਲਸਾ ਨੇ ਆਪਣਾ ਨਾਮ ਦਰਜ ਕਰਵਾਇਆ, ਵਿਰਾਸਤ-ਏ-ਖਾਲਸਾ ਦੀਆਂ ਪ੍ਰਾਪਤੀਆਂ ਦੀ ਰਫਤਾਰ ਉਸ ਸਮੇਂ ਪੂਰੀ ਗਤੀ ਵਿੱਚ ਆਈ ਜਦੋਂ ਨਵੰਬਰ 2019 ਵਿੱਚ ਵਰਲਡ ਬੁੱਕ ਆਫ ਰਿਕਾਰਡ ਵਿੱਚ ਇਸਦਾ ਨਾਮ ਦਰਜ ਹੋਇਆ। ਵਿਰਾਸਤ-ਏ-ਖਾਲਸਾ ਨੇ ਜਿਕਰਯੋਗ ਪੁਲਾਂਘ ਪੁੱਟਦੇ ਹੋਏ ਦਸੰਬਰ 2019 ਵਿੱਚ ਊਰਜਾ ਦੇ ਖੇਤਰ ਵਿੱਚ ਪੰਜਾਬ ਐਨਰਜੀ ਕੰਜਰਵੇਸ਼ਨ ਅਵਾਰਡ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਪੰਜਾਬ ਦੇ ਸਿਰ ਤੇ ਇਹ ਮਿਊਜਿਅਮ ਤਾਜ ਦੇ ਰੂਪ ਵਿੱਚ ਚਮਕਣ ਲੱਗਾ।
ਦੱਸਣਯੋਗ ਹੈ ਕਿ ਵਿਰਾਸਤ-ਏ-ਖਾਲਸਾ ਨੇ 2019 ਵਿੱਚ ਜੋ ਇਹ ਸਾਰੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਉਸਦੇ ਨਾਲ ਇਸ ਖੇਤਰ ਦੇ ਸੈਰ-ਸਪਾਟਾ ਸਨਅਤ ਨੂੰ ਵੀ ਵੱਡਾ ਹੁਲਾਰਾ ਮਿਲਿਆ ਹੈ। ਇਥੇ ਆਉਣ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਦੀ ਆਮਦ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਵਪਾਰ ਤੇ ਕਾਰੋਬਾਰ ਵੀ ਪ੍ਰਫੁੱਲਤ ਹੋ ਰਹੇ ਹਨ।