- ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਧਾਰਮਿਕ ਦਿਵਾਨ ਦੇ ਬੈਨਰ ਲਾ ਕੇ, ਚੰਦੂਮਾਜਰੇ ਨੇ ਕੱਢੀ ਰਾਜਨੀਤਕ ਭੜਾਸ, ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਕੀਤੀ ਘੋਰ ਉਲੰਘਣਾਂ : ਬੀਰ ਦਵਿੰਦਰ ਸਿੰਘ
ਪਟਿਆਲਾ, 29 ਦਸੰਬਰ 2019 - ਬੜੇ ਦੁੱਖ ਦੀ ਗੱਲ ਹੈ ਕਿ ਦਸੰਬਰ 2017 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ, ਕਿ ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਕਿਸੇ ਵੀ ਰਾਜਨੀਤਕ ਪਾਰਟੀ ਵੱਲੋਂ ਕੋਈ ਵੀ ਰਾਜਸੀ ਕਾਨਫਰੰਸ, ਫਤਿਹਗੜ੍ਹ ਸਾਹਿਬ ਨਹੀਂ ਕੀਤੀ ਜਾਵੇਗੀ, ਇਸ ਹੁਕਮਨਾਮੇ ਤੇ ਪਹਿਰਾ ਦਿੰਦਿਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੇ ਪਿਛਲੇ ਦੋ ਸਾਲ ਤੋਂ ਭਾਵ 2017 ਅਤੇ 2018 ਵਿੱਚ ਰਾਜਨੀਤਕ ਕਾਨਫਰੰਸਾਂ ਨਹੀਂ ਕੀਤੀਆਂ ਸਨ। ਕੇਵਲ ਸਿਮਰਨ ਜੀਤ ਸਿੰਘ ਮਾਨ ਹੀ ਸਨ ਜਿਨ੍ਹਾਂ ਨੇ ਇਸ ਹੁਕਮਨਾਮੇ ਦੀ ਉਲੰਘਣਾਂ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ, ਆਪਣੀ ਰਾਜਸੀ ਕਾਨਫਰੰਸ 2017 ਵਿੱਚ ਵੀ ਕੀਤੀ ਸੀ।
ਇੱਥੇ ਇਹ ਵਰਨਣ ਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ ਲੀਡਰ ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ (ਸਾਬਕਾ ਐਮ.ਪੀ ਤੇ ਸਾਬਕਾ ਕਮਿਉਨਿਸਟ) ਨੇ ਸ੍ਰੀ ਅਕਾਲ ਤਖਤ ਵੱਲੋਂ ਜਾਰੀ ਕੀਤੇ ਗਏ ਇਸ ਹੁਕਮਨਾਮੇਂ ਦੀ ਕਰੜੀ ਅਲੋਚਨਾ ਕੀਤੀ ਸੀ ਅਤੇ ਲਗਾਤਾਰਤਾ ਵਿੱਚ ਕਰਦੇ ਰਹੇ ਹਨ। ਇਸ ਵਾਰ ਦੀ ਸ਼ਹੀਦੀ ਸਿੰਘ ਸਭਾ ਵਿੱਚ, ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਧਾਰਮਿਕ ਦਿਵਾਨ ਦੇ ਬੈਨਰ ਲਾ ਕੇ, ਚੰਦੂਮਾਜਰੇ ਨੇ ਰਾਜਨੀਤਕ ਭੜਾਸ ਕੱਢੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਨਿੱਠ ਕੇ ਘੋਰ ਉਲੰਘਣਾਂ ਕੀਤੀ। ਇਸ ਕਾਨਫਰੰਸ ਵਿੱਚ ਭਾਵੇਂ ਸਿੱਖ ਸੰਗਤ ਦੀ ਹਾਜ਼ਰੀ ਤਾਂ ਨਾਮਾਤਰ ਹੀ ਸੀ ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੁੱਝ ਕੁ ਸੀਨੀਅਰ ਲ਼ੀਡਰ ਸਮੇਤ ਬਲਵਿੰਦਰ ਸਿੰਘ ਭੂੰਦੜ ਅਤੇ ਹੀਰਾ ਸਿੰਘ ਗਾਬੜੀਆ ਇਸ ਕਾਨਫਰੰਸ ਵਿੱਚ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਾਸੋ ਮੰਗ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਦਸੰਬਰ 2017 ਵਿੱਚ ਜਾਰੀ ਕੀਤੇ ਗਏ ਹੁਕਮਨਾਮੇ ਦੀ ਉਲੰਘਣਾਂ ਦੇ ਦੋਸ਼ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਹੀਰਾ ਸਿੰਘ ਗਾਬੜੀਆ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਰੀ ਤਲਬ ਕੀਤਾ ਜਾਵੇ ਅਤੇ ਸਿੱਖ ਕੌਮ ਦੀਆਂ ਧਾਰਮਿਕ ਰਵਾਇਤਾਂ ਅਨੁਸਾਰ ਦੰਡਿਤ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜੋ ਸ਼ਹੀਦੀ ਸਿੰਘ ਸਭਾ ਵਿੱਚ ਪਹਿਲਾਂ ਰਾਜਨੀਤਕ ਵਿਅਕਤੀਆਂ ਵੱਲੋਂ , ਰਾਜਸੀ ਕਾਨਫਰੰਸਾਂ ਵਿੱਚ ਆਪਸੀ ਗਾਲੀ-ਗਲੋਚ ਤੇ ਭੱਦੀ ਭਾਸ਼ਾ ਦਾ ਪ੍ਰਯੋਗ ਕਰਕੇ ਇਸ ਸ਼ਹੀਦੀ ਦਿਹਾੜੇ ਦੀ ਪਵਿੱਤਰਤਾ ਨੂੰ ਭੰਗ ਕੀਤਾ ਜਾਂਦਾ ਰਿਹਾ ਹੈ, ਉਹੋ ਵਰਤਾਰੇ ਦੁਬਾਰਾ ਸ਼ੁਰੂ ਹੋ ਸਕਦੇ ਹਨ। ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਧਾਰਮਿਕ ਜ਼ਬਤ ਨੂੰ ਭੰਗ ਕਰਨ ਦੀ ਬੱਜਰ ਗ਼ਲਤੀ ਤੇ ਪਹਿਲ ਕੀਤੀ ਹੈ ਇਸ ਲਈ ਇਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਸ਼੍ਰੌਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਇਸ ਸਬੰਧ ਵਿੱਚ ਆਪਣੀ ਸਥਿਤੀ, ਸਿੱਖ ਸੰਗਤਾਂ ਦੇ ਸਾਹਮਣੇ ਸਪੱਸ਼ਟ ਕਰਨੀ ਚਾਹੀਦੀ ਹੈ।