ਪਟਿਆਲਾ, 08 ਜਨਵਰੀ 2020 - ਸੂਬੇ ਦੇ ਵੱਖ-ਵੱਖ ਬਿਜਲੀ ਦਫਤਰਾਂ ਅੱਗੇ ਬਿਜਲੀ ਕਾਮਿਆਂ ਵੱਲੋਂ ਮੁਕੰਮਲ ਹੜਤਾਲ ਕਰਕੇ ਰੋਸ ਰੈਲੀਆਂ ਤੇ ਵਿਖਾਵੇ ਕੀਤੇ ਗਏ। ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ (ਫਲਜੀਤ), ਵਰਕਰਜ਼ ਫੈਡਰੇਸ਼ਨ (ਇੰਟਕ), ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਅਤੇ ਥਰਮਲਜ਼ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ ਦੇ ਟੈਕਨੀਕਲ ਅਤੇ ਕਲੈਰੀਕਲ ਕਾਮੇ ਇਸ ਹੜਤਾਲ ਵਿੱਚ ਸ਼ਾਮਲ ਹੋਏ। ਇਸ ਮੌਕੇ ਸਮੂਹ ਇੰਜੀਨੀਅਰ ਅਤੇ ਅਫਸਰਾਂ ਨੇ ਵੀ ਹੜਤਾਲ ਦਾ ਭਰਪੂਰ ਸਮਰਥਨ ਕੀਤਾ।
ਇਹ ਹੜਤਾਲ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ, ਦੇਸ਼ ਵਿਰੋਧੀ, ਲੋਕਤੰਤਰ ਤੇ ਸੰਵਿਧਾਨ ਵਿਰੋਧੀ ਕਾਰਵਾਈਆਂ ਵਿਰੁੱਧ ਅਤੇ ਕਿਸਾਨ, ਮਜਦੂਰ, ਮੁਲਾਜਮਾਂ, ਵਿਰੋਧੀ ਨੀਤੀਆਂ ਅਤੇ ਦੇਸ਼ ਨੂੰ ਧਰਮ, ਜਾਤ ਤੇ ਵੰਡਣ ਵਿਰੁੱਧ ਕੀਤੀ ਗਈ। ਜੁਆਇੰਟ ਫੋਰਮ ਦੇ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬ੍ਰਿਜ ਲਾਲ, ਹਰਪਾਲ ਸਿੰਘ, ਸੁਖਵਿੰਦਰ ਸਿੰਘ, ਕਵਲਜੀਤ ਸਿੰਘ ਅਤੇ ਜਗਜੀਤ ਸਿੰਘ ਨੇ ਵੱਖ-ਵੱਖ ਥਾਵਾਂ ਤੇ ਹੋਈਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ, ਸਨਅਤੀ ਅਤੇ ਰਾਜਨੀਤਕ ਨੀਤੀਆਂ ਵਿਰੁੱਧ ਲੋਕਾਂ ਵਿੱਚ ਜਬਰਦਸਤ ਰੋਸ ਹੈ। ਉਨਾਂ ਕਿਹਾ ਕਿ ਸਰਕਾਰੀ ਅਦਾਰਿਆਂ ਨੂੰ ਤੋੜ ਕੇ ਨਿਜੀਕਰਨ ਕੀਤਾ ਜਾ ਰਿਹਾ ਹੈ। ਬਿਜਲੀ ਐਕਟ ਵਿੱਚ ਸੋਧ ਕਰਕੇ ਨਿਜੀਕਰਨ ਲਈ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕਰਕੇ ਕਾਨੂੰਨ ਅਮਲ ਵਿੱਚ ਲਿਆ ਰਹੀ ਹੈ। ਨਿੱਜੀ ਬਿਜਲੀ ਕੰਪਨੀਆਂ ਨਾਲ ਲੋਕ ਵਿਰੋਧੀ ਪਾਵਰ ਪ੍ਰਚੇਜ਼ ਐਗਰੀਮੈਂਟ ਕਰਕੇ ਖਪਤਕਾਰਾਂ ਨੂੰ ਮਹਿੰਗੀ ਬਿਜਲੀ ਦੇ ਕੇ ਲੁੱਟ ਕੀਤੀ ਜਾ ਰਹੀ ਹੈ। ਜਿਸ ਦੇ ਵਿਰੋਧ ਵਿੱਚ ਜਨਤਾ ਵਿੱਚ ਸਖਤ ਰੋਸ ਹੈ। ਸਾਥੀ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਸੂਬਾ ਦਫਤਰ ਵਿੱਚ ਪਹੁੰਚੀਆਂ ਰਿਪੋਰਟਾਂ ਅਨੁਸਾਰ ਸੰਗਰੂਰ, ਬਠਿੰਡਾ, ਮੁਕਤਸਰ, ਫਿਰੋਜਪੁਰ, ਫਰੀਦਕੋਟ, ਮੁਕਤਸਰ, ਪਟਿਆਲਾ, ਲੁਧਿਆਣਾ, ਰੋਪੜ, ਮੁਹਾਲੀ, ਬਰਨਾਲਾ, ਖੰਨਾ, ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਥਰਮਲ ਲਹਿਰਾ, ਰੋਪੜ ਅਤੇ ਹਾਈਡਲ ਪ੍ਰੋਜੈਕਟਾਂ ਤੇ ਮੁਕੰਮਲ ਹੜਤਾਲ ਕਰਕੇ ਮੁਲਾਜਮਾਂ ਨੇ ਰੋਸ ਪ੍ਰਦਰਸ਼ਨ ਕੀਤਾ।
ਮੁਲਾਜਮਾਂ ਨੇ ਜੇ.ਐਨ.ਯੂ. ਯੂਨੀਵਰਸਿਟੀ ਵਿਖੇ ਨਿਹੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੇ ਗੁੰਡਿਆਂ ਵੱਲੋਂ ਕੀਤੇ ਫਾਸ਼ੀ ਤੇ ਅਣਮਨੁੱਖੀ ਤਸੱਦਦ ਦੀ ਸਖਤ ਨਿੰਦਾ ਕਰਦਿਆਂ ਏ.ਬੀ.ਵੀ.ਪੀ. ਦੇ ਕਾਰਕੁੰਨਾ ਤੇ ਗੁੰਡਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕੇਂਦਰ ਸਰਕਾਰ ਪੁਲਿਸ ਪ੍ਰਸ਼ਾਸ਼ਨ ਤੇ ਜੇ.ਐਨ.ਯੂ. ਦੇ ਪ੍ਰਬੰਧਕਾਂ ਦੀ ਸਮੇਂ ਸਿਰ ਯੋਗ ਕਾਰਵਾਈ ਨਾ ਕਰਨ ਦੀ ਵੀ ਸਖਤ ਨਿੰਦਾ ਕੀਤੀ।