ਜੀ ਐਸ ਪੰਨੂ
ਪਟਿਆਲਾ, 11 ਜਨਵਰੀ 2020 - ਪਟਿਆਲਾ 'ਤੋਂ ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇੱਕ ਪੱਤਰ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਖੋਟੀ ਨੀਅਤ ਅਤੇ ਪਾੜਾ ਪਾਉਣ ਵਾਲੇ ਨਾਗ਼ਰਿਕਤਾ ਸੋਧ ਬਿੱਲ/ਨਾਗ਼ਰਿਕਾਂ ਦੇ ਕੌਮੀ ਰਜਿਸਟਰ/ ਕੌਮੀ ਅਬਾਦੀ ਰਜਿਸਟਰ ਵਿਰੁੱਧ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਮਤਾ ਲਿਆਂਦਾ ਜਾਵੇ ਕਿਉਂਕਿ ਇਹ ਸਭ ਰਲ ਕੇ ਸਾਡੇ ਸੰਵਿਧਾਨ ਦੀ ਭੂਮਿਕਾ ਵਿੱਚ ਦਰਜ ਮੂਲ ਭਾਵਨਾ ਦਾ ਉਲੰਘਣ ਕਰਦੇ ਹਨ।
"ਬੇਸ਼ੱਕ ਰਾਜ ਦਾ ਪ੍ਰਸ਼ਾਸਨ ਚਲਾਉਣ ਦੇ ਮਾਮਲਿਆਂ ਬਾਰੇ ਮੇਰੇ ਡੂੰਘੇ ਮੱਤਭੇਦ ਹਨ" ਡਾ ਗਾਂਧੀ ਨੇ ਕਿਹਾ," ਮੈਂ ਆਪ ਜੀ ਦੇ ਕੌਮੀ ਅਬਾਦੀ ਰਜਿਸਟਰ/ਨਾਗ਼ਰਿਕਾਂ ਦੇ ਕੌਮੀ ਰਜਿਸਟਰ/ ਨਾਗ਼ਰਿਕਤਾ ਸੋਧ ਬਿੱਲ ਨੂੰ ਪੰਜਾਬ ਵਿਚ ਲਾਗੂ ਨਾ ਕਰਨ ਦੇ ਫ਼ੈਡਰਲਵਾਦੀ, ਜਮੂਹਰੀ ਅਤੇ ਅਸੂਲੀ ਪੈਂਤੜੇ ਦੀ ਸਰਾਹਨਾ ਕਰਦਾ ਹਾਂ।" ਉਨ੍ਹਾਂ ਅੱਗੇ ਕਿਹਾ ਕਿ ,"ਇਹ ਪੈਂਤੜਾ ਪੰਜਾਬ ਦੇ ਲੋਕਾਂ ਦੇ ਸ਼ਾਨਾਮੱਤੇ ਇਤਹਾਸ, ਉਸਦੀ ਰੂਹ ਅਤੇ ਪੰਜਾਬੀਆਂ ਦੀਆਂ ਉਮੰਗਾਂ ਦੀ ਤਰਜਮਾਨੀ ਕਰਦਾ ਹੈ।"
ਫ਼ੈਦਰਲਵਾਦ, ਰਾਜਾਂ ਨੂੰ ਖੁਦਮੁਖਤਿਆਰੀ, ਜਮੂਹਰੀਅਤ, ਬਹੁਲਵਾਦ ਅਤੇ ਧਰਮ-ਨਿਰਪੱਖਤਾ ਦਾ ਉਪਾਸ਼ਕ ਹੋਣ ਦੀ ਆਪਣੀ ਹੋਂਦ ਨੂੰ ਜਤਾਉਂਦਿਆਂ ਡਾ ਗਾਂਧੀ ਨੇ ਅੱਗੇ ਲਿਖਿਆ," ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਪ ਪੰਜਾਬ ਵਿਧਾਨ ਸਭਾ ਵਿੱਚ ਕੇਰਲ ਦੀ ਤਰਜ਼ 'ਤੇ ਮਤਾ ਲੈਕੇ ਆਉ ਅਤੇ ਪਾਸ ਕਰਾਉ" " ਪੰਜਾਬੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਇਆਂ ਸਾਨੂੰ ਕੇਂਦਰ ਸਰਕਾਰ ਨੂੰ ਇਹੋ ਕਿਹੇ ਅਖ਼ਤਿਆਰੀ ਫ਼ੈਸਲਿਆਂ ਨੂੰ ਮੁੜ-ਵਿਚਾਰਣ ਅਤੇ ਵਾਪਸ ਲੈਣ ਲਈ ਕਹਿਣਾ ਚਾਹੀਦਾ ਹੈ, ਤਾਂ ਕਿ ਸਾਡੇ ਸੰਵਿਧਾਨ ਦੇ ਮੱਤ ਸੰਭਾਲੇ ਅਤੇ ਬੁਲੰਦ ਕੀਤੇ ਜਾ ਸਕਣ।
"ਭਾਰਤ" ਦੇ ਵਿਚਾਰ ਵਿੱਚ ਆਪਣੇ ਡੂੰਘੇ ਵਿਸ਼ਵਾਸ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕਿਹਾ," ਮੈਨੂੰ ਯਕੀਨ ਹੈ, ਸ਼੍ਰੀਮਾਨ ਜੀ, ਕਿ ਵਿਧਾਨ ਸਭਾ ਅੰਦਰ ਬੈਠੀਆਂ ਸਾਰੀਆਂ ਪਾਰਟੀਆਂ ਜੋ ਸੰਵਿਧਾਨ ਵਿੱਚ ਦਰਜ "ਭਾਰਤ" ਦੇ ਵਿਚਾਰ ਨੂੰ ਪ੍ਰਣਾਈਆਂ ਹੋਈਆਂ ਹਨ, ਜਮੂਹਰੀਅਤ ਅਤੇ ਵਿਸ਼ਵਾਸ/ ਧਰਮ/ ਨਸਲ 'ਤੋਂ ਉਪਰ ਉੱਠ ਕੇ ਲੋਕਾਂ ਦੇ ਏਕੇ ਨੂੰ ਮਜ਼ਬੂਤ ਕਰਨ ਵਾਸਤੇ ਅਜੇਹੇ ਮਤੇ ਦੀ ਹਮਾਇਤ ਕਰਨਗੀਆਂ।
ਚਾਰ ਹੋਰ ਕੌਮੀ ਪਾਰਟੀਆਂ ਦੀ ਤਰਫ਼ੋਂ ਡਾ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੋਂ ਵਿਧਾਨ ਸਭਾ ਦੇ ਸਰਦ ਰੁੱਤ ਦੇ ਸੈਸ਼ਨ 'ਤੋਂ ਪਹਿਲਾਂ ਇਨ੍ਹਾਂ ਪਾਟਕ ਪਾਉਣ ਵਾਲੇ ਕਾਨੂੰਨਾਂ 'ਤੇ ਵਿਚਾਰ ਅਤੇ ਭਾਵਨਾਵਾਂ ਸਾਝੀਆਂ ਕਰਨ ਲਈ ਮੁਲਾਕਾਤ ਦਾ ਸਮਾਂ ਮੰਗਿਆ ਹੈ।