ਅਸ਼ੋਕ ਵਰਮਾ
ਬਠਿੰਡਾ,13 ਜਨਵਰੀ,ਆਪਣੇ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਬੇਰੁਜਗਾਰ ਅਧਿਆਪਕਾਂ ਵੱਲੋਂ 26 ਜਨਵਰੀ ਨੂੰ ਗੁਪਤ ਐਕਸ਼ਨ ਅਤੇ 28 ਨੂੰ ਸਿੱਖਿਆ ਸਕੱਤਰ ਦੇ ਘਿਰਾਓ ਦੀ ਧਮਕੀ ਦੇਮੱਦੇਨਜ਼ਰ ਪੰਜਾਬ ਪੁਲਿਸ ਦਾ ਖੁਫੀਆ ਵਿੰਗ ਅਧਿਆਪਕ ਆਗੂਆਂ ਦੇ ਪਿੱਛੇ ਹੋ ਤੁਰਿਆ ਹੈ। ਬੇਰੁਜਗਾਰ ਅਧਿਆਪਕਾਂ ਦੀ ਇਸ ਚਿਤਾਵਨੀ ਨੇ ਪੁਲਿਸ ਪ੍ਰਸ਼ਾਸ਼ਨ ਲਈ ਨਵੀਂ ਬਿਪਤਾ ਖੜੀ ਕਰ ਦਿੱਤੀ ਹੈ। ਪੁਲਿਸ ਵਿਭਾਗ ਲਈ ਵੱਡੀ ਸਮੱਸਿਆ ਮਾਲਵੇ ਦੀਆਂ ਜਨਤਕ ਧਿਰਾਂ ਵੱਲੋਂ ਬੇਰੁਜਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਦਿੱਤੀ ਹਮਾਇਤ ਹੈ। ਇਹੋ ਕਾਰਨ ਹੈ ਕਿ ਐਕਸ਼ਨ ਦੇ ਐਲਾਨ ਤੋਂ ਬਾਅਦ ਮਾਲਵੇ ’ਚ ਪੁਲਿਸ ਪੂਰੀ ਤਰਾਂ ਮੁਸਤੈਦ ਹੋ ਗਈ ਹੈ।
ਹਾਲਾਂਕਿ ਇਸ ਮੁੱਦੇ ਤੇ ਕਿਸੇ ਵੀ ਅਧਿਕਾਰੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਸੰਘਰਸ਼ੀ ਧਿਰਾਂ ਦੇ ਮਾਮਲਿਆਂ ਨਾਲ ਜੁੜੇ ਅਹਿਮ ਸੂਤਰਾਂ ਨੇ ਗੁਪਤ ਰੂਪ ’ਚ ਇਸ ਦੀ ਪੁਸ਼ਟੀ ਕੀਤੀ ਹੈ। ਉਨਾਂ ਦੱਸਿਆ ਕਿ ਐਤਕੀਂ ਵਾਰ ਸਰਕਾਰ ਵੱਲੋਂ ਵਾਅਦੇ ਮੁਤਾਬਕ ਰੁਜਗਾਰ ਦੇ ਮੋਰਚੇ ਤੇ ਢੁੱਕਵੀਂ ਕਾਰਵਾਈ ਨਾਂ ਕਰਨ ਕਰਕੇ ਫੱਟ ਖਾਈ ਬੈਠੇ ਹਜਾਰਾਂ ਬੇਰੁਜਗਾਰਾਂ ਦਾ ਜਿੱਥੇ ਸਰਕਾਰ ਨਾਲ ਸਿੱਧਾ ਮੁਕਾਬਲਾ ਹੈ ਉੱਥੇ ਹੀ ਪੰਜਾਬ ਪੁਲੀਸ ਲਈ ਵੀ ਇਹ ਚੁਣੌਤੀ ਦੀ ਘੜੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪੁਲਿਸ ਸਿਰਫ ਬੇਰੁਜਗਾਰ ਅਧਿਆਪਕ ਅਧਿਆਪਕ ਯੂਨੀਅਨ ਦੇ ਪੁਰਸ਼ ਲੀਡਰਾਂ ਦੀ ਤਾੜ ’ਚ ਹੀ ਨਹੀਂ ਬਲਕਿ ਉਨਾਂ ਨਾਲ ਸਬੰਧਤ ਮਹਿਲਾ ਆਗੂ ਵੀ ਪੁਲਿਸ ਦੇ ਨਿਸ਼ਾਨੇ ਤੇ ਹਨ ਜਿੰਨਾਂ ਨੇ ਪਹਿਲਾਂ ਵੀ ਪੁਲਿਸ ਦੇ ਨੱਕ ’ਚ ਦਮ ਕਰਕੇ ਰੱਖਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਬੇਰੁਜਗਾਰਾਂ ਦੀ ਹਰ ਨਕਲੋ ਹਰਕਤ ਨੂੰ ਧਿਆਨ ’ਚ ਰੱਖਿਆ ਜਾ ਰਿਹਾ ਹੈ। ਖਾਸ ਤੌਰ ਤੇ ਖੁਫੀਆ ਪੁਲਿਸ ਰੋਸ ਮਾਰਚ ਦੌਰਾਨ ਅਧਿਆਪਕਾਂ ਦੇ ਜੋਸ਼ ਨੂੰ ਵੀ ਦੇਖ ਰਹੀ ਹੈ ਤਾਂ ਜੋ ਉਸ ਮੁਤਾਬਕ ਰਣਨੀਤੀ ਘੜੀ ਜਾ ਸਕੇ।
ਸੂਤਰਾਂ ਮੁਤਾਬਕ ਪੁਲਿਸ ਦੇ ਮੁਕਾਬਲੇ ਭਾਵੇਂ ਬੇਰੁਜਗਾਰਾਂ ਦੀ ਗਿਣਤੀ ਘੱਟ ਹੈ ਫਿਰ ਵੀ ਆਰ ਪਾਰ ਦੇ ਰੌਂਅ ’ਚ ਦਿਖਾਈ ਦਿੰਦੀਆਂ ਬੇਰੁਜਗਾਰ ਅਧਿਆਪਕ ਲੜਕੀਆਂ ਸਰਕਾਰ ਲਈ ਸਿਰਦਰਦੀ ਪੈਦਾ ਕਰ ਸਕਦੀਆਂ ਹਨ। ਇਸ ਲਈ ਪੁਲਿਸ ਅਫਸਰ ਕੋਈ ਰਿਸਕ ਲੈਣ ਦੇ ਰੌਂਅ ’ਚ ਨਹੀਂ ਜਿਸ ਕਰਕੇ ਨਿਗਰਾਨੀ ਲਈ ਮਹਿਲਾ ਖੁਫੀਆ ਪੁਲਿਸ ਮੁਲਾਜਮਾਂ ਦੀ ਵਿਸ਼ੇਸ਼ ਤਾਇਨਾਤੀ ਵੀ ਕੀਤੀ ਜਾਣ ਲੱਗੀ ਹੈ। ਪੁਲਿਸ ਲਈ ਰਾਹਤ ਵਾਲੀ ਗੱਲ ਹੈ ਕਿ ਵਿਧਾਨ ਸਭਾ ਸੈਸ਼ਨ ਦਰਮਿਆਨ ਬੇਰੁਜਗਾਰਾਂ ਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਹੈ। ਪਤਾ ਲੱਗਿਆ ਹੈ ਕਿ ਬੇਰੁਜਗਾਰ ਅਧਿਆਪਕ ਆਗੂ ਵੱਡੀ ਪੱਧਰ ਤੇ ਲਾਮਬੰਦੀ ਮੁਹਿੰਮ ਚਲਾ ਰਹੇ ਹਨ। ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਪੁਲਿਸ ਆਪਣੀ ਤਰਫੋਂ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਸੂਤਰਾਂ ਮੁਤਾਬਕ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ’ਚ ਤਾਂ ਹੋਰਨਾ ਜਿਲਿਆਂ ਵਿੱਚੋਂ ਵੀ ਖੁਫੀਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਲ। ਦੱਸਿਆ ਜਾਂਦਾ ਹੈ ਕਿ ਖੁਫ਼ੀਆ ਤੰਤਰ ਦਾ ਸਮੁੱਚਾ ਤਾਮ ਝਾਮ ਸੰਘਰਸ਼ੀ ਧਿਰਾਂ ਦੀਆਂ ਗਤੀਵਿਧੀਆਂ ‘ਤੇ ਖਾਸ ਨਜ਼ਰ ਰੱਖ ਰਿਹਾ ਹੈ। ਸੂਤਰਾਂ ਮੁਤਾਬਕ ਸੰਘਰਸ਼ੀ ਬੇਰੁਜਗਾਰ ਆਗੂਆਂ ਦੀਆਂ ਤਸਵੀਰਾਂ ਵੀ ਹਾਸਲ ਕੀਤੀਆਂ ਗਈਆਂ ਹਨ। ਸੂਤਰ ਆਖਦੇ ਹਨ ਕਿ ਪੁਲੀਸ ਅਫਸਰਾਂ ਦੀ ਅਗਵਾਈ ਵਿੱਚ ਕਈ ਟੀਮਾਂ ਬਣਾਈਆਂ ਗਈਆਂ ਹਨ, ਜੋ ਸਾਦੇ ਕੱਪੜਿਆਂ ਵਿੱਚ ਹਰ ਸੰਘਰਸ਼ੀ ਨੇਤਾਵਾਂ ‘ਤੇ ਨਜ਼ਰ ਰੱਖਣਗੀਆਂ। ਐਕਸ਼ਨ ਦੀ ਚਿਤਾਵਨੀ ਦੇਣ ਵਾਲਿਆਂ ਵਾਸਤੇ ਵਿਸ਼ੇਸ਼ ਅਬਜ਼ਰਵੇਸ਼ਨ ਟੀਮ ਬਣਾਈ ਗਈ ਹੈ ਜਿਸ ਵੱਲੋਂ ਪੂਰੇ ਮਾਲਵੇ ‘ਤੇ ਨਜ਼ਰ ਰੱਖੀ ਜਾਣੀ ਹੈ। ਉੱਪਰੋਂ ਆਏ ਨਿਰਦੇਸ਼ਾਂ ਤੇ ਜਿਲਿਆਂ ਵਿਚਲੇ ਪੁਲਿਸ ਅਧਿਕਾਰੀਆਂ ਨੇ ਮੁੱਖ ਥਾਣਾ ਅਫਸਰਾਂ ਨੂੰ ਵੀ ਚੌਕਸੀ ਵਰਤਣ ਲਈ ਆਖ ਦਿੱਤਾ ਹੈ। ਵਿਧਾਨ ਸਭਾ ਸੈਸ਼ਨ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਪੁਲੀਸ ਅਫਸਰ ਹਰ ਪ੍ਰਕਾਰ ਦੀ ਗਤੀਵਿਧੀ ਨੂੰ ਕਾਫੀ ਗਹੁ ਨਾਲ ਦੇਖ ਰਹੇ ਹਨ। ਦੱਸਣਯੋਗ ਹੈ ਕਿ ਬਠਿੰਡਾ ਰੇਂਜ ਵਿੱਚ ਸੰਘਰਸ਼ੀ ਲੋਕਾਂ ਨੂੰ ਨੱਪਣ ਲਈ ਪੁਲੀਸ ਮੁਲਾਜ਼ਮਾਂ ਦੇ ਦਸਤੇ ਬਣਾਏ ਗਏ ਹਨ,ਜਿੰਨਾਂ ਨੂੰ ਅੰਦੋਲਨਾਂ ਵਿਚ ਭਿੜਣ ਦੀ ਸਿਖਲਾਈ ਦਿੱਤੀ ਗਈ ਹੈ। 1
ਪੁਲਿਸ ਜਬਰ ਪਿੰਡੇ ਤੇ ਹੰਢਾਇਆ:
ਬੇਰੁਜਗਾਰ ਬੀਐਡ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਰਣਣੀਪ ਸੰਗਤਪੁਰਾ ਦਾ ਕਹਿਣਾ ਸੀ ਕਿ ਪੁਲਿਸ ਜਬਰ ਉਨਾਂ ਲਈ ਕੋਈ ਨਵਾਂ ਨਹੀਂ ਬਲਕਿ ਆਪਣੇ ਪਿੰਡੇ ਤੇ ਹੰਢਾਇਆ ਵਰਤਾਰਾ ਹੈ। ਉਨਾਂ ਕੈਪਟਨ ਸਰਕਾਰ ਨੂੰ ਸਲਾਹ ਦਿੱਤੀ ਕਿ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੈ ਹਕੂਮਤ 14 ਦੀ ਕੈਬਨਿਟ ਮੀਟਿੰਗ ਵਿਚ ਉਨਾਂ ਦੀਆਂ ਮੰਗਾਂ ਮੰਨੇ ਨਹੀਂ ਤਾਂ ਹਕੂਮਤੀ ਵਾਅਦਾਖਿਲਾਫੀਆਂ ਦਾਾ ਹਿਸਾਬ ਕਿਤਾਬ ਲੈਣ ਲਈ ਬੇਰੁਜਗਾਰ ਸਰਕਾਰ ਨਾਲ ਸਿੱਧੀ ਟੱਕਰ ਲੈਣਗੇ।
ਸਰਕਾਰ ਬੇਰੁਜਗਾਰਾਂ ਦੇ ਮਸਲੇ ਹੱਲ ਕਰੇ
ਯੂਨੀਅਨ ਦੇ ਸੀਨੀਅਰ ਆਗੂ ਯੁੱਧਜੀਤ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਹੱਕ ਮੰਗਣ ਵਾਲਿਆਂ ਨੂੰ ਹੁਣ ਡਾਂਗ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ ਤਾਂ ਉਹ ਜਬਰ ਸਹਿਣ ਲਈ ਵੀ ਤਿਆਰ ਹਨ। ਉਨਾਂ ਆਖਿਆ ਕਿ ਸਰਕਾਰ ਉਨਾਂ ਦੀ ਗੱਲ ਨਾਂ ਮੰਨਕੇ ਖੁਦ ਟਕਰਾਅ ਦਾ ਮਾਹੌਲ ਬਣਾ ਰਹੀ ਹੈ ਜਦੋਂ ਕਿ ਇਹ ਧਿਆਨ ਸਰਕਾਰ ਨੂੰ ਰੁਜਗਾਰ ਮੰਗਣ ਵਾਲਿਆਂ ਦੀਆਂ ਮੁਸ਼ਕਲਾਂ ਦੂਰ ਕਰਨ ‘ਤੇ ਲਾਉਣਾ ਚਾਹੀਦਾ ਹੈ।