ਸਵਰਾਜ ਇੰਜਣਜ਼ ਲਿਮੀਟਿਡ ਦੇ ਪਲਾਂਟ ਵਿੱਚ ਮੁਲਾਜ਼ਮਾਂ ਤੇ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਦੱਸਦੇ ਹੋਏ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਜਨਕ ਰਾਜ।
ਸਵਰਾਜ ਇੰਜਣਜ਼ ਦੇ ਪਲਾਂਟ ਵਿੱਚ ਕਰਵਾਇਆ ਜਾਗਰੂਕਤਾ ਸੈਮੀਨਾਰ
ਐਸ.ਏ.ਐਸ. ਨਗਰ, 13 ਜਨਵਰੀ 2020: ਟਰੈਫਿਕ ਐਜੂਕੇਸ਼ਨ ਸੈੱਲ ਮੁਹਾਲੀ ਵੱਲੋਂ 31ਵੇਂ ਕੌਮੀ ਸੜਕ ਸੁਰੱਖਿਆ ਹਫ਼ਤੇ ਤਹਿਤ ਅੱਜ ਇੱਥੇ ਇੰਡਸਟਰੀਅਲ ਏਰੀਆ ਫ਼ੇਜ਼-9 ਵਿਖੇ ਸਵਰਾਜ ਇੰਜਣਜ਼ ਲਿਮੀਟਿਡ ਦੇ ਪਲਾਂਟ ਵਿੱਚ ਟਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸ੍ਰੀ ਜਨਕ ਰਾਜ ਨੇ ਮੁਲਾਜ਼ਮਾਂ ਤੇ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਤੇ ਇਨਾਂ ਦੀ ਪਾਲਣਾ ਬਾਰੇ ਜਾਗਰੂਕ ਕੀਤਾ। ਉਨਾਂ ਦੱਸਿਆ ਕਿ ਓਵਰ ਸਪੀਡ ਗੱਡੀ ਚਲਾਉਣ ਨਾਲ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਗੱਡੀ ਚਲਾਉਣ ਵੇਲੇ ਰਫ਼ਤਾਰ ਹੱਦ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ‘ਤੇਜ਼ ਰਫ਼ਤਾਰੀ, ਆਤਮ ਹੱਤਿਆ ਦੀ ਤਿਆਰੀ’ ਹੈ ਅਤੇ ਸਾਵਧਾਨੀ ਵਿੱਚ ਹੀ ਬਚਾਓ ਹੈ। ਸ੍ਰੀ ਜਨਕ ਰਾਜ ਨੇ ਦੱਸਿਆ ਕਿ ਘੱਟ ਉਮਰ ਦੇ ਬੱਚਿਆਂ ਨੂੰ ਗੱਡੀ ਨਹੀਂ ਚਲਾਉਣ ਦੇਣੀ ਚਾਹੀਦੀ। ਉਨਾਂ ਵਾਤਾਵਰਨ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਾਉਣ ਦੀ ਅਪੀਲ ਕੀਤੀ ਅਤੇ ਡਰਾਈਵਰਾਂ ਤੇ ਮੁਲਾਜ਼ਮਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਆ।
ਸਿਪਾਹੀ ਹਰਜੀਤ ਕੌਰ ਨੇ ਡਰਾਈਵਰਾਂ ਤੇ ਮੁਲਾਜ਼ਮਾਂ ਨੂੰ ਵਾਹਨ ਮੋੜਨ ਸਮੇਂ ਇੰਡੀਕੇਟਰ ਦੀ ਵਰਤੋਂ ਅਤੇ ਕਮਰਸ਼ੀਅਲ ਵਾਹਨਾਂ ਉਤੇ ਰਿਫਲੈਕਟਰ ਲਾਉਣ ਬਾਰੇ ਜਾਗਰੂਕ ਕੀਤਾ। ਸੈਮੀਨਾਰ ਦੌਰਾਨ ਸਵਰਾਜ ਇੰਜਣਜ਼ ਲਿਮੀਟਿਡ ਦੇ ਪਲਾਂਟ ਹੈੱਡ ਅਜੈ ਘਈ, ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਹਾਜ਼ਰ ਸਨ।