2 ਪੜਾਵਾਂ ਅਧੀਨ ਕੀਤੀ ਜਾਵੇਗੀ ਜਨਗਣਨਾ 2021
15 ਮਈ ਤੋਂ 29 ਜੂਨ 2020 ਤੱਕ ਐਨ.ਪੀ.ਆਰ. ਤੇ ਹਾਉਸਿੰਗ ਲਿਸਟ ਅਤੇ 9 ਫਰਵਰੀ ਤੋਂ 28 ਫਰਵਰੀ 2021 ਤੱਕ ਮਰਦਮਸ਼ੁਮਾਰੀ ਕੀਤੀ ਜਾਵੇਗੀ ਮੁਕੰਮਲ
ਮਾਨਸਾ, 13 ਜਨਵਰੀ 2020: ਮਰਦਮਸ਼ੁਮਾਰੀ (ਜਨਗਣਨਾ)-2021 ਸਬੰਧੀ ਤੁਰੰਤ ਫੀਲਡ ਟ੍ਰੇਨਰਾਂ ਦੀਆਂ ਲਿਸਟਾਂ ਮੁਹੱਈਆ ਕਰਵਾਈਆਂ ਜਾਣ ਅਤੇ ਉਨ੍ਹਾਂ ਨੂੰ ਮਰਦਮਸ਼ੁਮਾਰੀ ਸਬੰਧੀ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਸਥਾਨਕ ਬੱਚਤ ਭਵਨ ਵਿਖੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਕਿਹਾ ਕਿ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ 27 ਫੀਲਡ ਅਫ਼ਸਰ ਲਗਾਏ ਜਾਣਗੇ, ਜਿਨ੍ਹਾਂ ਨੂੰ ਮਾਸਟਰ ਟ੍ਰੇਨਰ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਫੀਲਡ ਟ੍ਰੇਨਰ ਮਰਦਮਸ਼ੁਮਾਰੀ 2021 ਲਈ ਨਿਯੁਕਤ ਕੀਤੇ ਜਾਣ ਵਾਲੇ ਅਮਲੇ ਨੂੰ ਵਿਸਥਾਰ ਨਾਲ ਟ੍ਰੇਨਿੰਗ ਦੇਣਗੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਹਲਕੇ ਦਾ ਮੁਕੰਮਲ ਨਕਸ਼ਾ ਜ਼ਿਲ੍ਹਾ ਉਪ ਤੇ ਅਰਥ ਅੰਕੜਾ ਦਫ਼ਤਰ ਵਿਖੇ ਤੁਰੰਤ ਜਮ੍ਹਾ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਰਦਮਸ਼ੁਮਾਰੀ ਦੌਰਾਨ ਅਮਲੇ ਵੱਲੋਂ ਮੋਬਾਇਲ ਐਪ ਦੀ ਵੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ 2021 ਦਾ ਕੰਮ ਦੋ ਪੜਾਵਾਂ ਅਧੀਨ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 15 ਮਈ ਤੋਂ 29 ਜੂਨ 2020 ਤੱਕ ਐਨ.ਪੀ.ਆਰ. (ਨੈਸ਼ਨਲ ਪਾਪੁਲੇਸ਼ਨ ਰਜਿਸਟਰ) ਅਤੇ ਹਾਉਸਿੰਗ ਲਿਸਟ ਦਾ ਕੰਮ ਅਪਡੇਟ ਕੀਤਾ ਜਾਵੇਗਾ ਅਤੇ 9 ਫਰਵਰੀ ਤੋਂ 28 ਫਰਵਰੀ 2021 ਤੱਕ ਮਰਦਮਸ਼ੁਮਾਰੀ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਮਰਦਮਸ਼ੁਮਾਰੀ ਦਾ ਕੰਮ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ. ਮਾਨਸਾ ਸ਼੍ਰੀਮਤੀ ਸਰਬਜੀਤ ਕੌਰ, ਉਪ ਅਰਥ ਤੇ ਅੰਕੜਾ ਸਲਾਹਕਾਰ ਸ਼੍ਰੀ ਬਹਾਦਰ ਸਿੰਘ, ਤਹਿਸੀਲਦਾਰ ਸ਼੍ਰੀ ਅਮਰਜੀਤ ਸਿੰਘ, ਜਨਗਣਨਾ ਵਿਭਾਗ ਚੰਡੀਗੜ੍ਹ ਤੋਂ ਐਸ.ਆਈ. ਗਰੇਡ 2 ਸ਼੍ਰੀ ਵਰਿੰਦਰ ਕੁਮਾਰ ਅਤੇ ਮਾਸਟਰ ਟ੍ਰੇਨਰ ਸ਼੍ਰੀ ਰਜਿੰਦਰ ਸਿੰਘ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ, ਬੀ.ਡੀ.ਪੀ.ਓਜ਼ ਅਤੇ ਹੋਰ ਅਧਿਕਾਰੀ ਮੌਜੂਦ ਸਨ।