ਸਾਲ ’ਚ ਡੇਢ ਲੱਖ ਜਾਨਾਂ ਦਾ ਸੜ੍ਹਕ ਹਾਦਸਿਆਂ ਲੇਖੇ ਲੱਗਣਾ ਚਿੰਤਾਜਨਕ
ਡੀ ਏ ਐਨ ਕਾਲਜ ਆਫ਼ ਐਜੂਕੇਸ਼ਨ ਵਿਖੇ ਜ਼ਿਲ੍ਹਾ ਪੱਧਰੀ ਕੌਮੀ ਸੜ੍ਹਕ ਸੁਰੱਖਿਆ ਸਪਤਾਹ ਸੈਮੀਨਾਰ
ਨਵਾਂਸ਼ਹਿਰ, 13 ਜਨਵਰੀ, 2020: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ 31ਵੇਂ ਕੌਮੀ ਸੜ੍ਹਕ ਸੁਰੱਖਿਆ ਸਪਤਾਹ ਮੌਕੇ ਡੀ ਏ ਐਨ ਕਾਲਜ ਆਫ਼ ਐਜੂਕੇਸ਼ਨ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੜ੍ਹਕਾਂ ’ਤੇ ਜਾਂਦੀਆਂ ਅਜਾਈਂ ਜਾਨਾਂ ਨੂੰ ਰੋਕਣ ਲਈ ਸਾਡਾ ਗੰਭੀਰ ਤੇ ਸੰਜੀਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਸਾਲ ਵਿੱਚ ਡੇਢ ਲੱਖ ਜਾਨਾਂ ਦਾ ਸੜ੍ਹਕ ਹਾਦਸਿਆਂ ’ਚ ਚਲੇ ਜਾਣਾ ਬਹੁਤ ਹੀ ਚਿੰਤਾਜਨਕ ਹੈ ਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਸੜ੍ਹਕ ’ਤੇ ਵਾਹਨ ਚਲਾਉਂਦਿਆਂ ਆਪਣੀ ਸੁਰੱਖਿਆ ਦੇ ਨਾਲ-ਨਾਲ ਦੂਸਰੇ ਵਾਹਨ ਚਾਲਕਾਂ ਦੀ ਸੁਰੱਖਿਆ ਦਾ ਵੀ ਖਿਆਲ ਰੱਖੀਏ।
ਉਨ੍ਹਾਂ ਕਿਹਾ ਕਿ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ’ਚ ਹਾਦਸੇ ਵਾਪਦੇ ਹਨ, ਉਨ੍ਹਾਂ ’ਚੋਂ ਕੁੱਝ ਖੁਸ਼ਕਿਸਮਤ ਹੁੰਦੇ ਹਨ ਕਿ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਜਾਣ ਕਾਰਨ ਜਾਨ ਤੋਂ ਹੱਥ ਧੋਣ ਤੋਂ ਬਚ ਜਾਂਦੇ ਹਨ ਪਰ ਹਜ਼ਾਰਾਂ ਉਹ ਪਰਿਵਾਰ ਵੀ ਹੁੰਦੇ ਹਨ, ਜਿਨ੍ਹਾਂ ਦੇ ਕਮਾਊ ਜੀਅ ਇਨ੍ਹਾਂ ਹਾਦਸਿਆਂ ਦੀ ਭੇਟ ਚੜ੍ਹਨ ਬਾਅਦ, ਉਨ੍ਹਾਂ ਦੀ ਜ਼ਿੰਦਗੀ ’ਚ ਹਨ੍ਹੇਰਾ ਛਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਸੰਭਵ ਹੋਵੇ ਸੜ੍ਹਕ ਹਾਦਸੇ ਦੇ ਜ਼ਖ਼ਮੀਆਂ ਦੀ ਮੱਦਦ ਕੀਤੀ ਜਾਵੇ। ਡਿਪਟੀ ਕਮਿਸ਼ਨਰ ਅਨੁਸਾਰ ਸਾਡੇ ਲਈ ਇਹ ਜ਼ਰੂਰੀ ਨਹੀਂ ਕਿ ਅਸੀਨ ਕੇਵਲ ਸਾਲ ਦੇ ਇਨ੍ਹਾਂ 7 ਦਿਨਾਂ ਦੌਰਾਨ ਹੀ ਸੜ੍ਹਕੀ ਨਿਯਮਾਂ ਅਤੇ ਸੜ੍ਹਕ ਸੁਰੱਖਿਆ ਪ੍ਰਤੀ ਗੰਭੀਰ ਹੋਈਏ ਬਲਕਿ ਸਾਨੂੰ ਹਰ ਰੋਜ਼ ਸੜ੍ਹਕਾਂ ’ਤੇ ਚਲਦਿਆਂ ਸੜ੍ਹਕੀ ਨਿਯਮਾਂ ਦੀ ਪਾਲਣਾ ਦੇ ਪਾਬੰਦ ਬਣਨਾ ਚਾਹੀਦਾ ਹੈ। ਜੇਕਰ ਅਸੀਂ ਸੜ੍ਹਕੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਤੇ ਸੜ੍ਹਕ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਆਪਣੇ ਵਾਹਨ ਚਲਾਵਾਂਗੇ ਤਾਂ ਨਿਸ਼ਚੇ ਹੀ ਹਾਦਸੇ ਘਟਣਗੇ, ਦੇਸ਼ ਦਾ ਮਾਨਵੀ ਨੁਕਸਾਨ ਘਟੇਗਾ।
ਡਿਪਟੀ ਕਮਿਸ਼ਨਰ ਨੇ ਸਮਾਗਮ ’ਚ ਮੌਜੂਦ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਨ੍ਹਾਂ ਵਿੱਚੋਨ ਬਹੁਤ ਸਾਰੇ ਗਿਆਰ੍ਹਵੀਂ ਜਾਂ ਬਾਰ੍ਹਵੀਂ ’ਚ ਬਿਨਾਂ ਗੇਅਰ ਵਾਲੇ ਦੋਪਹੀਆ ਵਾਹਨ (16 ਸਾਲ ਦੀ ਉਮਰ ਤੋਂ ਬਾਅਦ) ਚਲਾਉਣ ਦੇ ਯੋਗ ਹੋ ਜਾਂਦੇ ਹਨ ਪਰ ਇੱਥੇ ਵੀ ਮਾਪਿਆਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਬੱਚੇ ਤੇਜ਼ ਰਫ਼ਤਾਰੀ ਨਾ ਕਰਨ, ਜਲਦਬਾਜ਼ੀ ਨਾ ਕਰਨ, ਚਲਾਉਣ ਮੌਕੇ ਮੋਬਾਇਲ ਨਾ ਵਰਤਣ ਅਤੇ ਹੈਲਮੇਟ ਜ਼ਰੂਰ ਪਾਉਣ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਪੂਰਾ ਜ਼ੋਰ ਬੱਚਿਆਂ ਨੂੰ ਚੰਗੀ ਤਾਲੀਮ ਦੇ ਕੇ ਉਨ੍ਹਾਂ ਦਾ ਚੰਗਾ ਭਵਿੱਖ ਬਣਾਉਣ ’ਤੇ ਹੁੰਦਾ ਹੈ, ਜਿਸ ਨਾਲ ਕਈ ਸੁਫ਼ਨੇ ਜੁੜੇ ਹੁੰਦੇ ਹਨ ਅਤੇ ਜਦੋਂ ਕਦੀ ਬੱਚੇ ਜਲਦਬਾਜ਼ੀ ’ਚ ਆਪਣਾ ਹਾਦਸੇ ’ਚ ਨੁਕਸਾਨ ਕਰਵਾ ਬੈਠਦੇ ਹਨ ਤਾਂ ਮਾਪਿਆਂ ਦੇ ਸੁਫ਼ਨੇ ਤਾਂ ਟੁੱਟਦੇ ਹੀ ਹਨ, ਉਹ ਸਾਰੀ ਉਮਰ ਆਪਣੀ ਝੋਲੀ ਖੁਸ਼ੀਆਂ ਦੀ ਬਜਾਏ ਗ਼ਮਾਂ ਨਾਲ ਭਰ ਬੈਠਦੇ ਹਨ।
ਉਨ੍ਹਾਂ ਨੇ ਵਿਦਿਆਰਥੀਆਂ ਤੋਂ ਸੜ੍ਹਕੀ ਨਿਯਮਾਂ ਦੀ ਪਾਲਣਾ ਦਾ ਪ੍ਰਣ ਲੈਂਦਿਆਂ ਸਮਾਗਮ ’ਚ ਜੀ ਓ ਜੀਜ਼ ਸਮੇਤ ਮੌਜੂਦ ਹਰ ਇੱਕ ਵਿਅਕਤੀ ਨੂੰ ਸੜ੍ਹਕੀ ਨਿਯਮਾਂ ਦੀ ਖੁਦ ਅਤੇ ਆਪਣੇ ਆਲੇ-ਦੁਆਲੇ ਦੇ ਘੇਰੇ ’ਚ ਪਾਲਣਾ ਯਕੀਨੀ ਬਣਾਉਣ ਲਈ ਪ੍ਰੇਰਨਾ ਦੇਣ ਲਈ ਆਖਿਆ।
ਇਸ ਮੌਕੇ ਸਾਂਝ ਕੇਂਦਰ ਦੇ ਟੈਫ਼ਿਕ ਐਜੂਕੇਸ਼ਨ ਸੈੱਲ ਦੇ ਏ ਐਸ ਆਈ ਹੁਸਨ ਲਾਲ ਨੇ ਟ੍ਰੈਫ਼ਿਕ ਚਿੰਨ੍ਹਾਂ ਅਤੇ ਹੈਲਪ ਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ। ਰੋਡ ਸੇਫ਼ਟੀ ਇੰਜੀਨੀਅਰ ਇੰਦਰਪਾਲ ਸਿੰਘ ਨੇ ਪ੍ਰੈਜ਼ੈਂਟੇਸ਼ਨ ਰਾਹੀਂ ਜ਼ਿਲ੍ਹੇ ’ਚ ਸ਼ਨਾਖ਼ਤ ਕੀਤੇ ਗਏ ਹਾਦਸਾ ਪ੍ਰਭਾਵਿਤ ਥਾਂਵਾਂ, ਉਨ੍ਹਾਂ ਨੂੰ ਠੀਕ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਸਿਹਤ ਵਿਭਾਗ ਤੋਂ ਆਏ ਡਾ. ਬਲਵਿੰਦਰ ਸਿੰਘ ਮੈਡੀਕਲ ਅਫ਼ਸਰ ਨੇ ਹਾਦਸੇ ਦੀ ਸੂਰਤ ’ਚ ਜ਼ਖ਼ਮੀ ਨੂੰ ਤੁਰੰਤ ਦਿੱਤੀ ਜਾਣ ਵਾਲੀ ਮੁਢਲੀ ਸਹਾਇਤਾ ਬਾਰੇ ਵਿਸਤਾਰ ਨਾਲ ਦੱਸਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਰਾਹੀਂ ਹਾਜ਼ਰੀ ਲਵਾਉਣ ਤੋਂ ਇਲਾਵਾ ਆਵਜਾਈ ਨਿਯਮਾਂ ਪ੍ਰਤੀ ਸੁਚੇਤ ਕਰਦੀ ਸਕਿੱਟ ਦੀ ਪੇਸ਼ਕਾਰੀ ਦਿੱਤੀ। ਸਟ੍ਰਗਲਰਜ਼ ਥੀਏਟਰ ਗਰੱੁਪ ਦੇ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ‘ਅਧੂਰਾ ਸਫ਼ਰ’ ਰਾਹੀਂ ਟ੍ਰੈਫ਼ਿਕ ਨਿਯਮਾਂ ਨੂੰ ਟਿੱਚ ਜਾਣਨ ਦੇ ਅਖੀਰ ਦੇ ਦੁਖਾਂਤ ਨੂੰ ਸਾਹਮਣੇ ਰੱਖਿਆ।
ਇਸ ਮੌਕੇ ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਸਹਾਇਕ ਨਿਰਦੇਸ਼ਕ ਯੁਵਕ ਸੇਵਾਵਾਂ ਕੈਪਟਨ ਮਨਤੇਜ ਸਿੰਘ ਚੀਮਾ, ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਸਿੱਧੂ, ਕਾਲਜ ਪਿ੍ਰੰਸੀਪਲ ਗੁਰਵਿੰਦਰ ਕੌਰ, ਨਗਰ ਕੌਂਸਲ ਦੇ ਪ੍ਰਧਾਨ ਲਲਿਤ ਮੋਹਨ ਪਾਠਕ, ਆਰ ਟੀ ਏ ਅਮਰੀਕ ਸਿੰਘ, ਪਿ੍ਰੰਸੀਪਲ ਸੁਰਿੰਦਰਪਾਲ ਅਗਨੀਹੋਤਰੀ, ਜੀ ਓ ਜੀ ਦੇ ਤਹਿਸੀਲ ਮੁਖੀ ਕੈਪਟਨ ਸਤਪਾਲ ਸਿੰਘ ਵੀ ਮੌਜੂਦ ਸਨ। ਪੇਸ਼ਕਾਰੀਆਂ ਦੇਣ ਵਾਲੀਆਂ ਟੀਮਾਂ ਅਤੇ ਵਿਅਕਤੀਆਂ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੂੰ ਅਖੀਰ ’ਚ ਪੌਦੇ ਦੇ ਕੇ ਸਨਮਾਨਿਆ ਗਿਆ।