ਸਵੇਰ ਸਮੇਂ ਇੱਕ ਸਕੂਲ ਅੰਦਰ ਅੱਗ ਦਾ ਨਿੱਘ ਲੈਂਦੇ ਨਿੱਕੜੇ
ਜਗਦੀਸ਼ ਥਿੰਦ
ਫਾਜ਼ਿਲਕਾ, 14 ਜਨਵਰੀ 2020 - " ਆਪੇ ਮਰ ਜਾ , ਆਪੇ ਜਿਉਂ ਪੈ ਚਿੜੀਏ " ਦੀ ਕਹਾਵਤ ਸਿੱਖਿਆ ਵਿਭਾਗ ਅੰਦਰ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਅੱਗ ਸੇਕਣ ਦੇ " ਦੋਸ਼ " ਅਧੀਨ ਇੱਕ ਸੇਵਾਦਾਰ ਬੀਬੀ ਨੂੰ ਪਹਿਲੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਫਿਰ ਇਹੀ ਕਹਿ ਕੇ ਬਹਾਲ ਕਰ ਦਿੱਤਾ ਗਿਆ ਕਿ ਜਦੋਂ ਬਾਕੀ ਕਰਮਚਾਰੀ ਦਫਤਰ 'ਚੇ ਮੌਜੂਦ ਨਹੀਂ ਸਨ ਤਾਂ ਉਸ ਸੇਵਾਦਾਰ ਬੀਬੀ ਨੇ ਵੇਹਿਲੀ ਹੋਣ ਕਾਰਨ ਅੱਗ ਸੇਕਣ ਦਾ "ਗੁਨਾਹ" ਕੀਤਾ ।
ਇਹ ਕਰਮਚਾਰੀ ਚਾਹੇ ਆਪਣੀ ਡਿਊਟੀ ਦੌਰਾਨ ਦਫ਼ਤਰ ਵਿੱਚ ਮੌਜੂਦ ਸੀ ਪਰ ਉਸ ਨੇ ਅੱਗ ਸੇਕਣ ਦੀ ਬੱਜਰ ਗ਼ਲਤੀ ਕੀਤੀ , ਜਿਸ ਦੇ ਬਦਲੇ ਉਸ ਨੂੰ ਮੁਅੱਤਲ ਹੋਣ ਦੀ ਸਜ਼ਾ ਮਿਲੀ ।
ਨਵੇਂ ਜਾਰੀ ਕੀਤੇ ਗਏ ਹੁਕਮ ਵਿੱਚ ਲਿਖਿਆ ਗਿਆ ਹੈ ਕਿ ਜਦ ਦੂਜੇ ਕਰਮਚਾਰੀ ਦਫਤਰ ਵਿਚ ਮੌਜੂਦ ਨਹੀਂ ਸਨ ਤਾਂ ਨਿਹਾਲ ਕੌਰ ਅੱਗ ਸੇਕ ਰਹੀ ਸੀ । ਇਸ ਲਈ ਇਸ ਕਰਮਚਾਰਨ ਨੂੰ ਕਸੂਰ ਮੁਕਤ ਕੀਤਾ ਜਾਂਦਾ ਹੈ ।
ਲੳ.. ਪਹਿਲਾਂ ਪੜ੍ਹੋ ਮਹਿਕਮੇ ਵੱਲੋਂ ਜਾਰੀ ਕੀਤੀ ਆਰਡਰ ਦੀ ਕਾਪੀ
ਵਰਨਣਯੋਗ ਹੈ ਕਿ 2 ਜਨਵਰੀ ਦੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਵੱਲੋਂ ਅਚਾਨਕ ਚੈਕਿੰਗ ਕੀਤੀ ਗਈ ਸੀ ਜਿਸ ਵਿੱਚ ਅਨੇਕਾਂ ਕਰਮਚਾਰੀ ਡਿਊਟੀ ਤੋਂ ਗੈਰ ਹਾਜ਼ਰ ਪਾਏ ਗਏ ਸਨ ।
ਇੱਕ ਚੌਥਾ ਦਰਜਾ ਸੇਵਾਦਾਰ ਬੀਬੀ ਅਤੇ ਬਲਾਕ ਪ੍ਰਾਇਮਰੀ ਅਫ਼ਸਰ ਦਫ਼ਤਰ ਵਿੱਚ ਤਾਂ ਮੌਜੂਦ ਸਨ ਪਰ ਉਹ ਅੱਗ ਸੇਕ ਰਹੇ ਸਨ। ਸੇਵਾਦਾਰ ਨੂੰ ਅੱਗ ਸੇਕਣ ਦੇ " ਕਸੂਰ " ਅਧੀਨ ਮੁਅੱਤਲ ਕਰਕੇ ਹਾਜ਼ਰੀ ਜ਼ਿਲ੍ਹਾ ਹੈੱਡਕੁਆਰਟਰ ਤੇ ਦੇਣ ਦੇ ਫਰਮਾਨ ਜਾਰੀ ਕੀਤੇ ਗਏ ਸਨ ।
ਇਸ ਸਬੰਧੀ ਦੱਸਿਆ ਗਿਆ ਕਿ ਬਲਾਕ ਦਫਤਰ ਜਲਾਲਾਬਾਦ-1, ਜਲਾਲਾਬਾਦ-2 ਅਤੇ ਗੁਰੂਹਰਸਹਾਏ-3 ਐਟ ਜਲਾਲਾਬਾਦ ਦੀ ਬਾਅਦ ਦੁਪਹਿਰ ਅਚਨਚੇਤ ਚੈਕਿੰਗ ਕੀਤੀ ਗਈ। ਦੱਸਿਆ ਗਿਆ ਕਿ ਚੈਕਿੰਗ ਦੌਰਾਨ ਜੋਗਿੰਦਰ ਸਿੰਘ ਬੀ.ਪੀ.ਈ.ਓ ਜਲਾਲਾਬਾਦ-1 ਅਤੇ ਸੇਵਾਦਾਰ ਨਿਹਾਲ ਕੌਰ ਬਲਾਕ ਗੁਰਹਰਸਹਾਏ-3 ਦਫ਼ਤਰ ਦੇ ਬਾਹਰ ਬਰਾਂਡੇ ਵਿੱਚ ਅੱਗ ਸੇਕਦੇ ਪਾਏ ਗਏ।
ਡੀ ਈ ਓ ਫਾਜ਼ਿਲਕਾ ਪਵਨ ਕੁਮਾਰ ਨੇ ਦੱਸਿਆ ਕਿ ਜਲਾਲਾਬਾਦ –1 ਬਲਾਕ ਦੇ ਸਟਾਫ ਹਾਜ਼ਰੀ ਰਜਿਸਟਰ ਦੀ ਪੇਜ਼ ਨੰਬਰਿੰਗ ਨਹੀ ਹੋਈ ਸੀ ਅਤੇ ਨਾ ਹੀ ਇਸ ਵਿੱਚ ਕਰਮਚਾਰੀਆਂ ਦੇ ਨਾਮ ਲਿਖੇ ਹੋਏ ਸਨ ਪਰੰਤੂ ਕਰਮਚਾਰੀਆਂ ਦੀ ਹਾਜ਼ਰੀ ਰਜਿਸਟਰ ਵਿੱਚ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਸਟਾਫ ਵਿੱਚ ਰਾਕੇਸ ਕੁਮਾਰ ਲੇਖਾਕਾਰ , ਵੈਸਾਲੀ ਸੇਠੀ ਦਫ਼ਤਰੀ ਸਹਾਇਕ ਮੌਕੇ ਤੇ ਗੈਰ ਹਾਜ਼ਰ ਪਾਏ ਗਏ ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਲਾਕ ਜਲਾਲਾਬਾਦ-2 ਦੇ ਕਰਮਚਾਰੀ ਸੀਮਾ ਰਾਣੀ ਦਫ਼ਤਰੀ ਸਹਾਇਕ , ਪੂਜਾ ਰਾਣੀ ਲੇਖਾਕਾਰ , ਕਮਲ ਪ੍ਰਭਾ ਲੇਖਾਕਾਰ ਅਤੇ ਬਲਾਕ ਗੁਰੂਹਰਸਹਾਏ-3 ਦੀ ਲੇਖਾਕਾਰ ਸੋਨੂੰ ਬਾਲਾ ਵੀ ਡਿਊਟੀ ਸਮੇਂ ਦੌਰਾਨ ਦਫ਼ਤਰ ਵਿੱਚ ਹਾਜ਼ਰ ਨਹੀ ਸਨ।
ਉਨ੍ਹਾਂ ਦਫ਼ਤਰੀ ਸਟਾਫ ਦੀ ਡਿਊਟੀ ਦੌਰਾਨ ਗੈਰ ਹਾਜ਼ਰ ਰਹਿਣ ਅਤੇ ਡਿਊਟੀ 'ਚ ਅਣਗਹਿਲੀ ਵਰਤਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦਫ਼ਤਰ ਅੰਦਰ ਹਾਜ਼ਰ ਸਮੂਹ ਕਰਮਚਾਰੀਆਂ ਨੂੰ ਨਿਯਮਾਂ ਅਨੁਸਾਰ ਡਿਊਟੀ ਕਰਨ ਦੀ ਹਦਾਇਤ ਕੀਤੀ ।
ਸੇਵਾਦਾਰ ਨਿਹਾਲ ਕੌਰ ਨੂੰ ਮੌਕੇ 'ਤੇ ਹੀ ਮੁਅੱਤਲ ਕਰ ਦਿੱਤਾ ਗਿਆ ਅਤੇ ਬਾਕੀ ਗੈਰ ਹਾਜ਼ਰ ਪਾਏ ਗਏ ਸਮੂਹ ਕਰਮਚਾਰੀਆਂ ਤੇ ਵਿਭਾਗੀ ਕਾਰਵਾਈ ਲਈ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਮੋਹਾਲੀ ਨੂੰ ਲਿਖਤੀ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਅੱਤਲੀ ਸਮੇਂ ਦੌਰਾਨ ਕਰਮਚਾਰਣ ਦਾ ਹੈਡ ਕੁਆਟਰ ਦਫ਼ਤਰ ਜਿਲ੍ਹਾ ਸਿੱਖਿਆ ਅਫ਼ਸਰ (ਐ:ਸਿ) ਫਾਜ਼ਿਲਕਾ ਰਹੇਗਾ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸੇਵਾਦਾਰ ਨਿਹਾਲ ਕੌਰ ਨੂੰ ਬਹਾਲ ਕਰ ਦਿੱਤਾ ਗਿਆ ਹੈ ਕਿਉਂਕਿ ਦਫ਼ਤਰ ਵਿੱਚ ਕਰਮਚਾਰੀ ਨਹੀਂ ਸਨ ਤਾਂ ਉਸ ਨੇ ਅੱਗ ਹੀ ਸੇਕਣੀ ਸੀ ।
ਦੂਜੇ ਗੈਰ ਹਾਜ਼ਰ ਪਾਏ ਗਏ ਕਰਮਚਾਰੀਆਂ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਉਹਨਾਂ ਵਿਰੁੱਧ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਾ ਹੋਣ ਕਾਰਨ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਮੁਹਾਲੀ ਨੂੰ ਲਿਖਿਆ ਗਿਆ ਹੈ , ਜਿੱਥੇ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਜਲਦ ਹੀ ਹੋਣ ਜਾ ਰਹੀ ਹੈ । ਨਿਹਾਲ ਕੌਰ ਸਬੰਧੀ ਉਨ੍ਹਾਂ ਦੱਸਿਆ ਕਿ ਹੁਣ ਉਸ ਨੂੰ ਬਹਾਲ ਕਰ ਦਿੱਤਾ ਗਿਆ ਹੈ ।