ਅੰਮ੍ਰਿਤਸਰ,13 ਜਨਵਰੀ 2020 - ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਜਸ਼ੀਲ ਹਵਾਰਾ ਕਮੇਟੀ ਨੇ ਮਾਘੀ ਮੌਕੇ ਪ੍ਰੈਸ ਨੋਟ ਰਾਹੀਂ ਕੌਮ ਨੂੰ ਦਿੱਤੇ ਸੁਨੇਹੇ ਵਿੱਚ ਕਿਹਾ ਕਿ ਅੱਜ ਦੁਨਿਆਵੀ ਸ਼ੋਹਰਤ, ਪਦਵੀਆਂ ਦੀ ਲਾਲਸਾ ਅਤੇ ਰਾਜਸੀ ਅਗੂਆਂ ਦੀ ਚਾਪਲੂਸੀ ਕਾਰਣ ਗੁਰੂ ਤੋਂ ਬੇਮੁਖ ਹੋ ਕੇ ਬੇਦਾਵਾ ਦੇਣ ਵਾਲੇ ਸਿੱਖਾਂ ਅਤੇ ਧਾਰਮਿਕ ਆਗੂਆਂ ਦੀ ਗਿਣਤੀ ਵਿੱਚ ਹਰ ਰੋਜ਼ ਵੱਡਾ ਵਾਧਾ ਹੋ ਰਿਹਾ ਹੈ ਜੋ ਕਿ ਕੌਮੀ ਭਵਿੱਖ ਲਈ ਸਾਡੇ ਸਾਰਿਆਂ ਵਾਸਤੇ ਚਿੰਤਾ ਦਾ ਵਿਸ਼ਾ ਹੈ। ਗੁਰੂ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ 40 ਸਿੰਘਾਂ ਨੂੰ ਪੰਥਕ ਸਫ਼ਾ ਵਿੱਚ ਇਤਿਹਾਸਕ ਤੌਰ ਤੇ ਸਦੀਵੀ ਸਥਾਨ ਦਵਾਉਣ ਵਾਲੀ ਸਾਹਸ, ਦਲੇਰ ਅਤੇ ਜੰਗਬਾਜ ਮਾਈ ਭਾਗੋ (ਮਾਤਾ ਭਾਗ ਕੌਰ) ਦੀ ਅੱਜ ਹਰ ਸਿੱਖ ਪਰਿਵਾਰ ਨੂੰ ਲੋੜ ਹੈ ਤਾਂ ਜੋ ਬੇਦਾਵਾ ਦੇਣ ਵਾਲ਼ਿਆਂ ਦੀ ਆਤਮਾ ਨੂੰ ਝੰਜੋੜਿਆ ਜਾ ਸਕੇ। ਇਹ ਵਿਚਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ, ਮਾਸਟਰ ਸੰਤੋਖ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਅਤੇ ਮਹਾਂਬੀਰ ਸਿੰਘ ਸੁਲਤਾਨਵਿੰਡ ਨੇ ਸਾਂਝੇ ਤੌਰ ਤੇ ਦਿੱਤੇ ।
ਕਮੇਟੀ ਆਗੁਆਂ ਨੇ ਕਿਹਾ ਕਿ ਪੰਥਕ ਜਥੇਬੰਦੀਆਂ, ਵਿਦਿਆਰਥੀ ਫੈਡਰੇਸ਼ਨਾਂ, ਸਿੱਖ ਸਕੂਲਾਂ, ਕਾਲਜਾਂ ਦੀਆ ਪ੍ਰਬੰਧਕ ਕਮੇਟੀਆਂ ਦਾ ਇਹ ਕੌਮੀ ਫਰਜ ਬਣਦਾ ਹੈ ਕਿ ਉਹ ਨੌਜਵਾਨ ਲੜਕੇ ਲੜਕੀਆਂ ਲਈ ਗੁਰਮਤਿ ਕੈਂਪ ਲਗਵਾ ਕੇ ਉਨ੍ਹਾ ਨੂੰ ਸਾਹਿਬਜ਼ਾਦਿਆਂ ਦੇ ਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਉਨ੍ਹਾ ਵਿੱਚ ਖਾਲਸਾਈ ਜਜ਼ਬਾ ਭਰਨ ਸਮੇ ਦੀ ਮੰਗ ਹੈ ਕਿ ਲੜਕੀਆਂ ਨੂੰ ਮਾਈ ਭਾਗ ਕੌਰ ਤੋਂ ਇਲਾਵਾ ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਗੁਜ਼ਰ ਕੋਰ ਜੀ, ਮਾਤਾ ਸਾਹਿਬ ਕੌਰ ਜੀ, ਬੀਬੀ ਹਰਸ਼ਰਨ ਕੌਰ ਜੀ ਆਦਿ ਦੇ ਜੀਵਨ ਨੂੰ ਆਦਰਸ਼ ਬਣਾਕੇ ਗੁਰਸਿੱਖੀ ਦੇ ਮਾਰਗ ਦਾ ਪਾਥੀਂ ਬਣਾਇਆ ਜਾਵੇ।
ਉਨ੍ਹਾ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਚਾਹੁੰਦੇ ਹਨ ਕਿ ਆਉਣ ਵਾਲੇ 20 ਸਾਲਾ ਦੀ ਯੋਜਨਾ ਬਣਾਕੇ ਅਸੀਂ ਆਪਣੇ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜੀਏ। ਇਸ ਮਕਸਦ ਦੀ ਪ੍ਰਾਪਤੀ ਲਈ ਕਮੇਟੀ ਮੈਂਬਰ ਪੈਦਲ ਚੱਲ ਕੇ ਹਰ ਇਕ ਕੋਲ ਜਾਣ ਲਈ ਤਿਆਰ ਹਨ।