ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 14 ਜਨਵਰੀ 2020 - ਸੂਬੇ ਅੰਦਰ ਚੱਲ ਰਹੀਆਂ ਸਰਕਾਰੀ ਗਊਸ਼ਾਲਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਗਊ ਸੇਵਾ ਕਮਿਸ਼ਨ ਵੱਲੋਂ ਪਸ਼ੂਆਂ ਦੇ ਗੋਬਰ ਤੋਂ ਖਾਦ ਤਿਆਰ ਕਰਨ ਦਾ ਪ੍ਰਾਜੈਕਟ ਲਾਉਣ ਦੀ ਵਿਉਂਤ ਬਣਾਈ ਜਾ ਰਹੀ ਹੈ, ਜਿਸ ਦੀ ਮਦਦ ਨਾਲ ਗਊਸ਼ਾਲਾ 'ਚ ਆਉਂਦੀ ਕਿਸੇ ਵੀ ਵਿੱਤੀ ਸੰਕਟ ਨੂੰ ਦੂਰ ਕਰਨ ਦੇ ਯਤਨ ਕੀਤੇ ਜਾਣਗੇ।
ਇਸ ਸਬੰਧੀ ਪੰਜਾਬ ਗਊ ਸੇਵਾ ਕਮਿਸ਼ਨ ਦੇ ਡਿਪਟੀ ਸੀ.ਈ.ਓ ਡਾ. ਪਰਮਪਾਲ ਸਿੰਘ ਨੇ ਬਾਬੂਸ਼ਾਹੀ ਨਾਲ ਫੋਨ 'ਤੇ ਗੱਲ ਕਰਦਿਆਂ ਦੱਸਿਆ ਕਿ ਅੱਜ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੁਝਾਲ ਖੁਰਦ ਦੇ ਨੈਸ਼ਨਲ ਐਵਾਰਡ ਜੇਤੂ ਕਿਸਾਨ ਕਰਮਜੀਤ ਸਿੰਘ ਸ਼ੇਰਗਿੱਲ ਦੇ ਫਾਰਮ ਦਾ ਦੌਰਾ ਕੀਤਾ ਗਿਆ। ਜਿੱਥੇ ਕਿਸਾਨ ਵੱਲੋਂ ਪਸ਼ੂਆ ਦੇ ਗੋਬਰ ਤੋਂ ਗੰਡੋਇਆਂ ਦੀ ਮਦਦ ਨਾਲ ਖਾਦ ਤਿਆਰ ਕੀਤਾ ਜਾਂਦੀ ਹੈ ਅਤੇ ਇਸ ਕਾਰਜ 'ਚ ਬਾਗਬਾਨੀ ਵਿਭਾਗ ਉਨ੍ਹਾਂ ਦੀ ਮਦਦ ਕਰਦਾ ਹੈ।
ਡਾ. ਪਰਮਪਾਲ ਸਿੰਘ ਨੇ ਦੱਸਿਆ ਕਿ ਗਊ ਸੇਵਾ ਕਮਿਸ਼ਨ ਵੀ ਇਸ ਸੋਚ 'ਤੇ ਕੰਮ ਕਰੇਗਾ। ਉਨ੍ਹਾਂ ਆਖਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਪਿੰਡ ਗਾਜ਼ੀਪੁਰ 'ਚ ਚੱਲ ਰਹੀ ਸਰਕਾਰੀ ਗਊਸ਼ਾਲਾ 'ਚ ਇੱਕ ਪਾਈਲਟ ਪ੍ਰਾਜੈਕਟ ਦੇ ਤੌਰ 'ਤੇ ਗੋਬਰ ਅਤੇ ਗੰਡੋਇਆਂ ਦੀ ਮਦਦ ਨਾਲ ਖਾਦ ਬਣਾਈ ਜਾਏਗੀ ਅਤੇ ਜਿਸ 'ਚ ਬਾਗਬਾਨੀ ਵਿਭਾਗ ਨਾਲ ਬਾਕਾਇਦਾ ਸਮਝੌਤਾ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਪਾਈਲਟ ਪ੍ਰਾਜੈਕਟ ਲਈ ਕਮਿਸ਼ਨ ਵੱਲੋਂ ਸਰਕਾਰੀ ਗਊਸ਼ਾਲਾ ਤੋਂ ਇਲਾਵਾ ਆਸ ਪਾਸ ਦੀਆਂ ਹੋਰਨਾਂ ਨਿੱਜੀ ਗਊਸ਼ਾਲਾਂ ਤੋਂ ਵੀ ਮਦਦ ਲਈ ਜਾਏਗੀ ਤਾਂ ਜੋ ਖਾਦ ਬਣਾਉਣ ਲਈ ਲੋੜੀਂਦੇ ਗੋਬਰ ਦੀ ਘਾਟ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜਿਸ ਨੇ ਵੀ ਲੋੜ ਅਨੁਸਾਰ ਖਾਦ ਦੀ ਵਰਤੋਂ ਕਰਨੀ ਹੋਵੇਗੀ, ਉਸਨੂੰ ਇਹ ਖਾਦ ਵੇਚੀ ਜਾਵੇਗੀ ਅਤੇ ਉਸ ਕਮਾਈ ਤੋਂ ਉਸੇ ਗਊਸ਼ਾਲਾ 'ਚ ਸਮੇਂ ਸਮੇਂ 'ਤੇ ਲੋੜੀਂਦੇ ਸਾਧਨ ਮੁਹੱਈਆ ਕਰਾਏ ਜਾਣਗੇ।
ਡਾ. ਪਰਮਪਾਲ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਸਾਰੀਆਂ ਸਰਕਾਰੀ ਗਊਸ਼ਾਲਾਂ 'ਚ ਇਸ ਪ੍ਰਾਜੈਕਟ ਨੂੰ ਚਲਾਉਣ ਬਾਰੇ ਕਮਿਸ਼ਨ ਵਿਉਂਤ ਬਣਾ ਰਿਹਾ ਹੈ ਤਾਂ ਜੋ ਪਸ਼ੂਆਂ ਦੇ ਵੇਸਟ ਤੋਂ ਤਿਆਰ ਖਾਦ ਨੂੰ ਵੇਚ ਕੇ ਸਰਕਾਰੀ ਕੈਟਲ ਪੌਂਡਾਂ 'ਤੇ ਆਉਣ ਵਾਲੇ ਖਰਚ ਦਾ ਸਾਧਨ ਕੱਢਿਆ ਜਾਏ। ਅੱਜ ਪਿੰਡ ਮੁਝਾਲ ਖੁਰਦ 'ਚ ਕਿਸਾਨ ਕਰਮਜੀਤ ਸਿੰਘ ਸ਼ੇਰਗਿੱਲ ਦੇ ਫਾਰਮ ਦਾ ਦੌਰਾ ਕਰਨ ਪਹੁੰਚੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਦੇ ਨਾਲ ਡਾ. ਰਮੇਸ਼ ਮਾਥੁਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟਿਆਲਾ, ਡਾ. ਸਵਰਨ ਸਿੰਘ ਮਾਨ ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ, ਡਾ. ਪਰਮਪਾਲ ਸਿੰਘ ਡਿਪਟੀ ਸੀ.ਈ.ੳ ਪੰਜਾਬ ਗਊ ਸੇਵਾ ਕਮਿਸ਼ਨ ਹਾਜ਼ਰ ਸਨ।