ਗੁਰਨਾਮ ਸਿੱਧੂ
ਫਿਰੋਜ਼ਪੁਰ 14 ਜਨਵਰੀ 2020 : 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਵਿੱਚ ਵਾਪਰੇ ਖੂਨੀ ਸਾਕਾ ਦਾ ਬਦਲਾ ਲੈਣ ਵਾਲੇ ਸੂਰਬੀਰ ਯੋਧੇ ਸ਼ਹੀਦ ਊਧਮ ਸਿੰਘ ਦਾ ਬੁੱਤ ਜਲਿਆਂਵਾਲਾ ਬਾਗ (ਅਮ੍ਰਿਤਸਰ ਸਾਹਿਬ) ਵਿਖੇ ਸਥਾਪਿਤ ਕੀਤਾ ਗਿਆ ਸੀ। ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਘੁੰਡ ਚੁਕਾਈ ਸਮੇਂ ਦੇਸ਼ ਦੀਆਂ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਨੇ ਸ਼ਿਰਕਤ ਕੀਤੀ ਸੀ ਅਤੇ ਸ਼ਹੀਦ ਦੀ ਬਹਾਦਰੀ ਦੇ ਸੋਹਲੇ ਗਾਏ ਸਨ ਅਤੇ ਨੇਤਾਵਾਂ ਵਲੋਂ ਸ਼ਹੀਦ ਦੀ ਯਾਦਗਾਰ ਸਥਾਪਿਤ ਕਰਨ ਵਿਚ ਹੋਈ ਦੇਰੀ ਲਈ ਵੀ ਇਕ ਦੂਜੇ ਨੂੰ ਕੋਸਿਆ ਗਿਆ ਸੀ। ਪਰ ਪਿਛਲੇ 10 ਕੁ ਦਿਨ ਪਹਿਲਾਂ ਜਲਿਆਂਵਾਲਾ ਬਾਗ ਦੇ ਟਰੱਸਟ ਵਲੋੰ ਇਕ 'ਟਿਕਟ ਘਰ' ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਸਾਹਮਣੇ ਰਾਤੋ ਰਾਤ ਖੜ੍ਹਾ ਕਰ ਦਿਤਾ ਗਿਆ ਹੈ।ਇਹਨਾਂ ਟਿਕਟ ਕਮਰਿਆਂ ਨਾਲ ਸ਼ਹੀਦ ਦਾ ਬੁੱਤ ਪੂਰੀ ਤਰ੍ਹਾਂ ਲੁੱਕ ਗਿਆ ਹੈ ਜਿਸ ਨਾਲ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਸ਼ਹੀਦ ਊਧਮ ਸਿੰਘ ਸੁਨਾਮੀ ਦਾ ਬੁੱਤ ਕਈ ਨੌਜਵਾਨਾਂ ਖਾਸਕਰ ਕੰਬੋਜ ਸਭਾ ਵਲੋਂ ਕੀਤੇ ਗਏ ਉਪਰਾਲੇ ਤੋਂ ਬਾਅਦ ਇਸ ਜਗ੍ਹਾ ਤੇ ਸਥਾਪਿਤ ਕੀਤਾ ਗਿਆ ਸੀ। ਸ਼ਰਧਾ ਨਾਲ ਸਥਾਪਿਤ ਕੀਤੇ ਗਏ ਬੁੱਤ ਨੂੰ ਇਸ ਟਿਕਟ ਘਰ ਨੁਮਾ ਕਮਰਿਆਂ ਨੇ ਢਕ ਕੇ ਰੱਖ ਦਿੱਤਾ ਹੈ ਅਤੇ ਬੁੱਤ ਸਾਹਮਣੇ ਤੋਂ ਦਿਖਣੋ ਹੱਟ ਗਿਆ ਹੈ। ਸਮਾਜ ਸੇਵੀ ਸੰਸਥਾਵਾਂ ਅਨੁਸਾਰ ਅਜਿਹਾ ਜਾਣ ਬੁਝ ਕੇ ਕੀਤਾ ਗਿਆ ਹੈ ਜਿਸ ਨਾਲ ਸ਼ਹੀਦ ਦਾ ਅਪਮਾਨ ਹੋ ਰਿਹਾ ਹੈ।
ਸੁਨਾਮ ਸ਼ਹਿਰ ਦੇ ਨਿਵਾਸੀ ਰਾਜਿੰਦਰ ਸਿੰਘ ਕੈਫ਼ੀ ਨੇ ਜਲਿਆਂਵਾਲਾ ਬਾਗ ਵਿਚ ਪੁੱਜ ਕੇ ਇਕ ਭਾਵੁਕ ਵੀਡੀਓ ਪਾਈ ਹੈ ਜੋ ਤੇਜੀ ਨਾਲ ਵਾਇਰਲ ਹੋ ਰਹੀ ਹੈ ਅਤੇ ਸ਼ਹੀਦ ਦੇ ਕੀਤੇ ਜਾ ਰਹੇ ਅਪਮਾਨ ਕਾਰਨ ਰੋਸ ਦੀ ਲਹਿਰ ਫੈਲਦੀ ਜਾ ਰਹੀ ਹੈ।
ਓਧਰ ਕੰਬੋਜ ਮਹਾਂ ਸਭਾ ਦੇ ਆਗੂ ਗੁਰਭੇਜ ਸਿੰਘ ਟਿੱਬੀ, ਸੁਭਾਸ਼ ਕੰਬੋਜ, ਪਾਲਾ ਬੱਟੀ ਨੇ ਆਖਿਆ ਕਿ ਅਗਰ ਸ਼ਹੀਦ ਦੇ ਬੁੱਤ ਦੇ ਸਾਮ੍ਹਣੇ ਬਣਾਇਆ ਇਹ ਟਿਕਟ ਘਰ ਨਾ ਹਟਾਇਆ ਗਿਆ ਤਾਂ ਇਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਲ੍ਹਿਆਂਵਾਲੇ ਬਾਗ ਵਿੱਚ ਸਥਾਪਿਤ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਅਪਮਾਨ ਇੱਕ ਸੋਚੀ ਸਮਝੀ ਸਾਜਿਸ਼ ਹੈ ।
ਆਗੂਆਂ ਨੇ ਕਿਹਾ ਕਿ ਜਲ੍ਹਿਆਂ ਵਾਲੇ ਬਾਗ ਵਿੱਚ ਸ਼ਹੀਦ ਉੱਧਮ ਸਿੰਘ ਸੁਨਾਮੀ ਦੇ ਬੁੱਤ ਨੂੰ ਸਥਾਪਿਤ ਕਰਨ ਲਈ ਸੁਨਾਮ ਅਤੇ ਵੱਖ ਵੱਖ ਸੂਬੇ ਦੇ ਲੋਕਾਂ ਅਤੇ ਕਲੱਬਾਂ ਨੇ ਦਿਨ ਰਾਤ ਮੇਹਨਤ ਕੀਤੀ ਸੀ, ਪਰ ਅਫਸੋਸ ਕੁਝ ਲੋਕਾਂ ਦੀ ਮਾੜੀ ਨੀਅਤ ਨੇ ਇਸ ਬੁੱਤ ਨੂੰ ਅੱਖੋਂ ਓਹਲੇ ਕਰ ਦਿੱਤਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਇਸ ਮੰਦਭਾਗੇ ਕਦਮ ਨਾਲ ਸ਼ਹੀਦਾਂ ਦੇ ਬੁੱਤ ਦਾ ਜੋ ਅਪਮਾਨ ਹੋਇਆ ਹੈ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹਨਾਂ ਲੀਡਰਾਂ ਨੂੰ ਦੇਸ਼ ਦੇ ਮਹਾਨ ਸ਼ਹੀਦ ਸਿਰਫ ਚੋਣਾਂ ਵੇਲੇ ਹੀ ਯਾਦ ਆਉਂਦੇ ਹਨ, ਇਹਨਾਂ ਦੇ ਦਿਲ ਵਿੱਚ ਸ਼ਹੀਦਾਂ ਲਈ ਰੱਤੀ ਭਰ ਜਗ੍ਹਾ ਨਹੀਂ ਹੈ। ਉਹਨਾਂ ਕਿਹਾ ਕਿ ਸ਼ਹੀਦ ਦੇ ਬੁੱਤ ਮੂਹਰੇ ਖੜ੍ਹੇ ਕੀਤੇ ਟਿਕਟ ਕਮਰਿਆਂ ਖ਼ਿਲਾਫ਼ ਉਹ ਅਵਾਜ਼ ਬੁਲੰਦ ਕਰਨਗੇ। ਕੰਬੋਜ ਸਭਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਲਦੀ ਦਖਲ ਦੇਣ ਦੀ ਬੇਨਤੀ ਕਰਨ ਦੇ ਨਾਲ - ਨਾਲ ਸ਼ਹੀਦ ਦਾ ਅਪਮਾਨ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਗੁਹਾਰ ਲਗਾਈ।