ਜਗਦੀਸ਼ ਥਿੰਦ
ਫਾਜ਼ਿਲਕਾ, 14 ਜਨਵਰੀ :
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਦੇ ਪ੍ਰਬੰਧਾਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਸਮੂਹ ਵਿਭਾਗੀ ਅਧਿਕਾਰੀਆਂ ਨੰੂ ਆਪਸੀ ਤਾਲਮੇਲ ਨਾਲ ਸਮਾਂ ਰਹਿੰਦੇ ਸਮੁੱਚੇ ਪ੍ਰਬੰਧਾਂ ਨੰੂ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸਮਾਗਮ ਦੌਰਾਨ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ 100 ਫ਼ੀਸਦੀ ਹਾਜਰੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਸ. ਛੱਤਵਾਲ ਨੇ ਦੱਸਿਆ ਕਿ ਫੁਲ ਡਰੈਸ ਰਿਹਰਸਲ 24 ਜਨਵਰੀ ਨੂੰ ਐਮ. ਆਰ. ਕਾਲਜ ਦੇ ਖੇਡ ਸਟੇਡੀਅਮ ਵਿਖੇ ਹੋਵੇਗੀ। ਉਨ੍ਹਾਂ ਸਮਾਗਮ ਵਾਲੇ ਦਿਨ ਦੇ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਵਿਭਾਗ ਨੂੰ ਮੁੱਖ ਮਹਿਮਾਨ ਦੀ ਸੁਰੱਖਿਆ ਦੇ ਪ੍ਰਬੰਧ ਦੇ ਨਾਲ-ਨਾਲ ਸ਼ਹਿਰ ਅੰਦਰ ਸੁਰੱਖਿਆ ਦੇ ਇੰਤਜਾਮ ਅਤੇ ਬੈਰੀਕੇਡਿੰਗ ਤੇ ਟਰੈਫਿਕ ਦੀ ਵਿਵਸਥਾ ਦੇ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸਿਵਲ ਸਰਜਨ ਨੂੰ ਸਮਾਗਮ ਵਾਲੀ ਥਾਂ ’ਤੇ ਐਂਬੂਲੈਂਸ ਤੇ ਮੈਡੀਕਲ ਟੀਮ ਤਾਇਨਾਤ ਕਰਨ ਦੀ ਹਦਾਇਤ ਕੀਤੀ ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਹਿਰ ਤੇ ਸਟੇਡੀਅਮ ਦੇ ਆਲੇ-ਦੁਆਲੇ ਅਤੇ ਸਮਾਗਮ ਵਾਲੀ ਥਾਂ ’ਤੇ ਸਾਫ਼-ਸਫ਼ਾਈ, ਸ਼ਹਿਰ ਦੇ ਚੌਂਕਾਂ ਦੀ ਸਜਾਵਟ, ਸਟੇਡੀਅਮ ਦੇ ਗਰਾਉਂਡ ਨੂੰ ਪੱਧਰ ਕਰਨ ਦੇ ਆਦੇਸ਼ ਦਿੱਤੇ।
ਸ. ਛੱਤਵਾਲ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਸਮਾਗਮ ਵਾਲੇ ਦਿਨ ਬਿਜਲੀ ਦੀ ਨਿਰਵਿਘਨ ਸਪਲਾਈ ਤੇ ਜਨਰੇਟਰ ਦਾ ਪ੍ਰਬੰਧ ਰੱਖਣ ਦੇ ਆਦੇਸ਼ ਦਿੱਤੇ। ਉਨ੍ਹਾਂ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਵਿਭਾਗ, ਜਨ ਸਿਹਤ ਅਤੇ ਸੈਨੀਟੇਸ਼ਨ, ਮਾਰਕੀਟ ਕਮੇਟੀ ਦਫ਼ਤਰ, ਮੰਡੀ ਬੋਰਡ ਫਾਜ਼ਿਲਕਾ, ਜ਼ਿਲ੍ਹਾ ਪਰਿਸ਼ਦ, ਬਾਗਬਾਨੀ ਵਿਭਾਗ ਅਤੇ ਹੋਰਨਾਂ ਵਿਭਾਗਾਂ ਨੰੂ ਸਮੁੱਚੇ ਕਾਰਜ਼ਾਂ ਨੰੂ ਸਮੇਂ ਨਾਲ ਨਜਿੱਠਣ ਲਈ ਆਦੇਸ਼ ਦਿੱਤੇ।
ਇਸ ਮੌਕੇ ਐਸ.ਡੀ.ਐਮ ਫਾਜ਼ਿਲਕਾ ਸੁਭਾਸ ਖੱਟਕ, ਐਸ.ਪੀ. ਕੁਲਦੀਪ ਸ਼ਰਮਾ, ਜਿਲ੍ਹਾ ਸਿੱਖਿਆ ਅਫਸ਼ਰ ਪਵਨ ਕੁਮਾਰ, ਸਿਵਲ ਸਰਜਨ ਚੰਦਰ ਮੋਹਨ ਕਟਾਰੀਆ, ਤਹਿਸੀਲਦਾਰ ਡੀ.ਪੀ. ਪਾਂਡੇ, ਜ਼ਿਲ੍ਹਾ ਸਿੱਖਿਆ ਕੋਆਡੀਨੇਟਰ ਪੰਮੀ ਸਿੰਘ ਤੋਂ ਇਲਾਵਾ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।