ਅਸ਼ੋਕ ਵਰਮਾ
ਬਠਿੰਡਾ,14 ਜਨਵਰੀ 2020: ਭਾਜਪਾ ਹਕੂਮਤ ਦੇ ਨਾਗਰਿਕਤਾ ਸਬੰਧੀ ਫਿਰਕੂ-ਫਾਸ਼ੀ ਅਤੇ ਪੁਲਸ ਹੱਥੋਂ ਸਿਰ ਪੜਵਾ ਕੇ ਦਿੱਲੀ,ਯੂ.ਪੀ.ਦੀਆਂ ਯੂਨੀਵਰਸਿਟੀਆਂ, ਕਾਲਜਾਂ ਦੇ ਜੂਝ ਰਹੇ ਵਿਦਿਆਰਥੀਆਂ ਅਤੇ ਸ਼ਾਹੀਨ ਬਾਗ 'ਚ ਮੋਰਚਾ ਲਾਈ ਬੈਠੀਆਂ ਔਰਤਾਂ ਨੂੰ ਨੈਤਿਕ ਹਮਾਇਤ ਦੇਣ ਲਈ ਲੋਕ ਮੋਰਚਾ ਪੰਜਾਬ ਦਾ ਇੱਕ ਜਨਤਕ ਵਫਦ ਦਿੱਲੀ ਜਾ ਰਿਹਾ ਹੈ।
ਮੋਰਚੇ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਮੋਰਚੇ ਵੱਲੋਂ ਪੰਜਾਬ ਅੰਦਰ ਏਸੇ ਮਸਲੇ 'ਤੇ ਸਰਗਰਮ ਮੁਹਿੰਮ ਹੱਥ ਲਈ ਹੋਈ ਹੈ। ਇਥੇ ਸੂਬੇ ਅੰਦਰ ਜਿਥੇ, ਸੂਬਾ ਪੱਧਰ 'ਤੇ ਦੋ ਵੱਡੀਆਂ ਜਨਤਕ ਇਕੱਤਰਤਾਵਾਂ ਕਰਨ ਉਪਰੰਤ ਹੁਣ ਪੰਜਾਬ ਦੇ ਪਿੰਡਾਂ, ਕਸਬਿਆਂ ਅੰਦਰ ਇਕੱਤਰਤਾਵਾਂ ਕਰਕੇ ਲੋਕਾਂ ਨੂੰ ਇਹ ਕਾਨੂੰਨ ਮੜੇ ਜਾਣ ਪਿੱਛੇ ਹਾਕਮਾਂ ਦੀਆਂ ਲੋਕ-ਦੋਖੀ ਚਾਲਾਂ , ਮੁਸਲਿਮ ਭਾਈਚਾਰੇ ਅਤੇ ਦਬਾ ਕੇ ਰੱਖੀਆਂ ਕੌਮਾਂ ਤੋਂ ਅਗਾਂਹ ਕਿਰਤੀਆਂ-ਕਿਸਾਨਾਂ 'ਤੇ ਹਮਲਾ ਵਧਾਉਣਾ ਤੇ ਤੇਜ਼ ਕਰਨਾ, ਲੋਕਾਂ ਦਾ ਅਸਲ ਮੰਗਾਂ ਤੋਂ ਧਿਆਨ ਤਿਲਕਾਉਣਾ, ਆਰਥਿਕ ਹੱਲਾ ਤੇਜ਼ ਕਰਨਾ, ਜਾਬਰ ਫੌਜੀ ਹੱਲੇ ਨੂੰ ਓਹਲਾ ਦੇਣਾ, ਫਿਰਕੂ ਵੰਡੀਆਂ ਪਾਉਣਾ, ਵੋਟ ਬੈਂਕ ਪੱਕਾ ਕਰਨਾ ਤੇ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਵਧਣਾ ਦੱਸਣ ਦੇ ਨਾਲ ਨਾਲ ਇਹਨਾਂ ਖਿਲਾਫ਼ ਵਿਰੋਧ ਜਾਰੀ ਰੱਖਦਿਆਂ ਜਿੰਦਗੀ ਦੀ ਬੇਹਤਰੀ ਲਈ ਬੇਰੁਜ਼ਗਾਰੀ, ਗਰੀਬੀ, ਕਰਜ਼ੇ ਆਦਿ ਦੀਆਂ ਅਹਿਮ ਬੁਨਿਆਦੀ ਮੰਗਾਂ ਨੂੰ ਬਣਦਾ ਵਜ਼ਨ ਦੇਣ ਹਿੱਤ ਸਾਂਝੇ ਸੰਘਰਸ਼ਾਂ ਨੂੰ ਜਥੇਬੰਦ ਕਰਨ ਦਾ ਹੋਕਾ ਦਿੱਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਪੰਜਾਬ ਲੋਕ ਮੋਰਚੇ ਦਾ ਵਫਦ ਹੁਣ 15 ਜਨਵਰੀ ਨੂੰ ਦਿੱਲੀ ਜਾ ਰਿਹਾ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਮੜੇ ਜਾਣ ਵੇਲੇ ਆਰਥਿਕ ਸੁਧਾਰਾਂ ਦੇ ਰੋਲਰ ਦੀ ਮੌਜੂਦਾ ਭਾਜਪਾ ਹਕੂਮਤ ਵੱਲੋਂ ਤੇਜ਼ ਕੀਤੀ ਸਪੀਡ ਅਤੇ ਵਧਾਏ ਘੇਰੇ ਨਾਂਲ ਚਾਰੇ ਪਾਸੇ ਫੈਲਰੀ ਆਰਥਿਕ ਮੰਦੀ ਨੇ ਲੋਕਾਂ ਲਈ ਗਰੀਬੀ, ਬੇਰੁਜ਼ਗਾਰੀ, ਕਰਜ਼ੇ, ਬੀਮਾਰੀਆਂ ਤੇ ਖੁਦਕੁਸ਼ੀਆਂ ਵਿਚ ਵੱਡਾ ਵਾਧਾ ਕੀਤਾ ਹੈ ਜਿਸ ਕਾਰਨ ਹਾਕਮਾਂ ਖਿਲਾਫ਼ ਲੋਕ ਘੋਲ ਉੱਠ ਰਹੇ ਹਨ ਪਰ ਚੱਲ ਰਹੇ ਘੋਲ ਲੋਕਾਂ ਦੀ ਜੂਨ ਨਹੀਂ ਸੁਧਾਰਦੇ। ਜੂਨ ਸੁਧਾਰਨ ਲਈ ਮੁਲਕ ਦੇ ਮੌਜੂਦਾ ਆਰਥਿਕ-ਸਮਾਜਿਕ ਪ੍ਰਬੰਧ ਨੂੰ ਮੁੱਢੋਂ ਤਬਦੀਲ ਕਰਨ ਦੀ ਲੋੜ ਹੈ।
ਉਨ•ਾਂ ਕਿਹਾ ਕਿ ਫੌਰੀ ਮੰਗਾਂ ਦੇ ਨਾਲੋ ਨਾਲ ਕਿਸਾਨਾਂ,ਮਜ਼ਦੂਰਾਂ ਪੱਖੀ ਤਿੱਖੇ ਜ਼ਮੀਨੀ ਸੁਧਾਰ ਕਰਨ,,ਵਿਦੇਸ਼ੀ ਕੰਪਨੀਆਂ ਨੂੰ ਦੇਸੋਂ ਬਾਹਰ ਕੱਢਣ, ਪੂੰਜੀਪਤੀਆਂ ਦੇ ਮੁਨਾਫ਼ਿਆਂ 'ਤੇ ਕੰਟਰੋਲ ਦਾ ਕੁੰਡਾ ਲਾਉਣ, ਸਰਕਾਰੀ ਖਜ਼ਾਨੇ ਦਾ ਮੂੰਹ ਜ਼ੋਕਾਂ ਦੀ ਥਾਂ ਲੋਕਾਂ ਵੱਲ ਖੋਲਣ, ਨਰੇਗਾ ਵਿਚ ਕੰਮ ਦੇ ਦਿਨ ਅਤੇ ਫੰਡ ਵਧਾਵਾਉਣ, ਸ਼ਾਮਲਾਟਾਂ ਕਾਰਪੇਰੇਟਾਂ ਤੋਂ ਬਚਾਉਣ, ਵੱਡੀਆਂ ਕਿਰਤ-ਕਾਨੂੰਨ ਸਨੱਅਤੀ ਕਾਮਿਆਂ ਪੱਖੀ ਬਣਵਾਉਣ, ਨਿੱਜੀਕਰਨ ਰੋਕਣ, ਠੇਕਾ-ਨੌਕਰੀ ਰੈਗੂਲਰ ਕਰਵਾਉਣ, ਮੁਲਾਜ਼ਮਾਂ ਦੇ ਨਾਲ ਨਾਲ ਸਮੂਹ ਲੋਕਾਂ ਦੀ ਆਰਥਿਕ-ਸਮਾਜਿਕ ਸੁਰੱਖਿਆ ਯਕੀਨੀ ਕਰਵਾਉਣ, ਹਰ ਵੇਹਲੇ ਹੱਥ ਨੂੰ ਰੁਜ਼ਗਾਰ ਦਿਵਾਉਣ ਦੀਆਂ ਮੰਗਾਂ ਨੂੰ ਮੰਗ ਪੱਤਰਾਂ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।ਇਹਨਾਂ ਮੰਗਾਂ ਦੀ ਸਾਂਝੀ ਤੰਦ ਨੂੰ ਫੜ ਕੇ ਸਾਂਝੇ ਸੰਘਰਸ਼ਾਂ ਦਾ ਬਿਗਲ ਵਜਾਉਣ ਦੀ ਲੋੜ ਹੈ। ਲੋਕ ਮੋਰਚੇ ਨੇ ਜਨਵਰੀ ਦੇ ਪਹਿਲੇ ਹਫਤੇ ਲੁਧਿਆਣਾ, ਰੋਪੜ, ਗੁਰਦਾਸਪੁਰ ਦੇ ਇਲਾਕਿਆਂ 'ਚ, ਬਠਿੰਡਾ ਦੇ ਭੂੰਦੜ, ਲਹਿਰਾ ਧੂਰਕੋਟ, ਪਿੱਥੋ, ਜਿਉਂਦ ਤੇ ਮੁਕਤਸਰ ਦੇ ਦੋਦਾ, ਲੰਬੀ ਵਿਖੇ ਮੀਟਿੰਗਾਂ ਕਰਵਾਈਆਂ ਜਾ ਚੁੱਕੀਆਂ ਹਨ। ਅਗਲੇ ਦਿਨਾਂ ਵਿਚ ਬਰਨਾਲਾ, ਮਾਨਸਾ, ਮੋਗਾ, ਪਟਿਆਲਾ ਜਿਲਿ•ਆਂ ਅੰਦਰ ਮੀਟਿੰਗਾਂ ਕਰਵਾਈਆਂ ਜਾਣਗੀਆਂ।