ਪਟਿਆਲਾ, 15 ਜਨਵਰੀ 2020 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਵਿਰਾਸਤੀ ਦਿੱਖ ਬਦਲਣ ਦੇ ਫੈਸਲੇ ਦਾ ਗੰਭੀਰ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਦੇ ਰੇਲਵੇ ਵਿਭਾਗ ਦੇ ਇਸ ਕਦਮ ਨੂੰ ਮੰਦਭਾਗਾ ਕਰਾਰ ਦਿੱਤਾ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੰਮ੍ਰਿਤਸਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਹੈ, ਜਿਸ ਨੂੰ ਗੁਰੂ ਦੀ ਨਗਰੀ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉਸ ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਅਤੇ ਇਮਾਰਤਸਾਜ਼ੀ ਦੇ ਨਾਂ 'ਤੇ ਵਿਰਾਸਤੀ ਦਿੱਖ ਨੂੰ ਵਿਗਾੜਨਾ ਕਦਾਚਿਤ ਬਰਦਾਸ਼ਤਯੋਗ ਨਹੀਂ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੁਨੀਆ ਦਾ ਅਜਿਹਾ ਅਲੌਕਿਕ ਧਾਰਮਕ ਅਸਥਾਨ ਹੈ, ਜਿਥੇ ਸਮੁੱਚੀ ਦੁਨੀਆ ਨੂੰ ਸਰਬੱਤ ਦਾ ਭਲਾ, ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਮਿਲਦਾ ਹੈ ਅਜਿਹੇ ਅਸਥਾਨ ਦੀ ਪੁਰਾਣੀ ਤੇ ਵਿਰਾਸਤੀ ਇਮਾਰਤੀ ਦਿੱਖ ਨੂੰ ਬਦਲਣ ਤੋਂ ਪਹਿਲਾਂ ਰੇਲਵੇ ਅਥਾਰਿਟੀ ਨੂੰ ਸਾਰੇ ਪੱਖਾਂ ਤੋਂ ਸਮੀਖਿਆ ਕਰ ਲੈਣੀ ਚਾਹੀਦੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੀ ਦਿੱਖ ਵਿਗਾੜਨ ਦਾ ਇਰਾਦਾ ਰੱਖਣ ਵਾਲੀ ਰੇਲਵੇ ਅਥਾਰਿਟੀ ਨੂੰ ਸਪੱਸ਼ਟ ਕੀਤਾ ਕਿ ਪੁਰਾਣੀ ਤੇ ਵਿਰਾਸਤੀ ਦਿੱਖ ਨੂੰ ਪੁਰਾਤਨ ਰੂਪ 'ਚ ਬਹਾਲ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਸਾਡੀ ਵਿਰਾਸਤੀ ਦਿੱਖ ਕਾਇਮ ਰਹਿਣੀ ਚਾਹੀਦੀ ਹੈ ਅਤੇ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇ ਨਾਂ 'ਤੇ ਵਿਰਾਸਤੀ ਦਿੱਖ ਬਦਲਣ ਦਾ ਫੈਸਲਾ ਵਾਪਸ ਲਿਆ ਜਾਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਤਿੰ੍ਰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਨਿਰਮੈਲ ਸਿੰਘ ਜੌਲਾ, ਐਡੀਸ਼ਨਲ ਸਕੱਤਰ ਸੁਖਮਿੰਦਰ ਸਿੰਘ, ਮੀਤ ਸਕੱਤਰ ਸਿਮਰਜੀਤ ਸਿੰਘ ਕੰਗ, ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਆਦਿ ਹਾਜ਼ਰ ਸਨ।