ਅਸ਼ੋਕ ਵਰਮਾ
ਸਿੱਟ ਅਧਿਕਾਰੀਆਂ ਨੂੰ ਉਡੀਕਦੇ ਰਹੇ ਜਖਮੀ ਅਤੇ ਪੀੜਿਤ ਪਰਿਵਾਰ।
ਬਠਿੰਡਾ, 15 ਜਨਵਰੀ 2020 - ਮੌੜ ਬੰਬ ਕਾਂਡ ਦੀ ਜਾਂਚ ਲਈ ਹਾਈਕੋਰਟ ਵੱਲੋਂ ਬਣਾਈ ਨਵੀਂ ਵਿਸ਼ੇਸ਼ ਜਾਂਚ ਟੀਮ ਦੀ ਅੱਜ ਦੀ ਕਾਰਵਾਈ ਅੱਜ ਪੀੜਤ ਪ੍ਰੀਵਾਰਾਂ ਦੇ ਬਿਆਨ ਦਰਜ ਕਰਨ ਤੱਕ ਹੀ ਸੀਮਤ ਰਹੀ। ਹਾਲਾਂਕਿ ਅੱਜ ਸਾਰਾ ਦਿਨ ਚਰਚਾ ਰਹੀ ਕਿ ਡੇਰੇ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਾਸਨਾਂ ਇੰਸਾਂ ਸਿੱਟ ਕੋਲ ਪੇਸ਼ ਹੋਣਗੇ ਪ੍ਰੰਤੂ ਇਹ ਅਫਵਾਹ ਹੀ ਸਾਬਤ ਹੋਈ। ਸਿੱਟ ਅਧਿਕਾਰੀਆਂ ਨੇ ਤਾਂ ਉਨਾਂ ਨੂੰ ਕੋਈ ਨੋਟਿਸ ਭੇਜਣ ਦੀ ਗੱਲ ਦਾ ਹੀ ਖੰਡਨ ਕੀਤਾ ਹੈ।
ਅੱਜ ਸਪੈਸ਼ਲ ਜਾਂਚ ਟੀਮ ਮੈਂਬਰਾਂ ਵੱਲੋਂ ਪੀੜਿਤ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਮੋੜ ਥਾਣੇ ਵਿਖੇ ਬੁਲਾਇਆ ਗਿਆ। ਪੀੜਿਤ ਪਰਿਵਾਰਾਂ ਨੂੰ ਜਾਂਚ ਟੀਮ ਨੂੰ ਲਗਭਗ ਤਿੰਨ ਘੰਟੇ ਉਡੀਕਣਾ ਪਿਆ। ਦੱਸਣਯੋਗ ਹੈ ਕਿ ਬੰਬ ਕਾਂਡ ਵਿੱਚ ਜ਼ਖਮੀ ਹੋਏ ਲਗਭਗ 25 ਤੋ 30 ਵਿਆਕਤੀਆਂ ਸਮੇਤ ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਸਥਾਨਕ ਥਾਣੇ ਦੁਪਿਹਰ 1 ਵਜੇ ਤੱਕ ਅਧਿਕਾਰੀਆਂ ਨੂੰ ਮਿਲਣ ਲਈ ਪੁੱਜਣ ਦਾ ਸੁਨੇਹਾ ਲਾਇਆ ਗਿਆ ਸੀ।
ਲਗਭਗ ਸਾਢੇ ਬਾਰਾਂ ਵਜੇ ਤੋ ਹੀ ਪੀੜਿਤ ਪਰਿਵਾਰ,ਬੰਬ ਕਾਂਡ ਸੰਘਰਸ਼ ਕਮੇਟੀ ਦੇ ਸਾਰੇ ਆਗੂ ਅਤੇ ਲਗਭਗ 12 ਜ਼ਖਮੀ ਥਾਣੇ ਪੁੱਜ ਗਏ । ਜਦੋ ਕਿ ਐਸ.ਟੀ. ਵਿੱਚ ਸ਼ਾਮਲ ਡਾ. ਨਾਨਕ ਸਿੰਘ ਐਸ.ਐਸ.ਪੀ ਬਠਿੰਡਾ ਅਤੇ ਐਸ.ਟੀ ਦੇ ਮੈਂਬਰ ਅਰੁਣ ਕੁਮਾਰ ਆਈ .ਜੀ ਬਠਿੰਡਾ ਤਿੰਨ ਵਜੇ ਦੇ ਕਰੀਬ ਥਾਣੇ ਪੱਜੇ। ਇਸ ਮੌਕੇ ਜਦੋ ਹਾਜ਼ਰ ਜ਼ਖਮੀਆਂ ਨੂੰ ਦੋ -ਚਾਰ ਦੀ ਗਿਣਤੀ ਵਿੱਚ ਅੰਦਰ ਬੁਲਾਇਆ ਜਾਣ ਲੱਗਾ ਤਾਂ ਸੰਘਰਸ਼ ਕਮੇਟੀ ਆਗੂਆਂ ਨੇ ਕਿਸੇ ਵੀ ਜ਼ਖਮੀ ਜਾਂ ਗਵਾਹ ਦੇ ਅੰਦਰ ਜਾਣ ਤੋ ਮਨਾਂ ਕਰ ਦਿੱਤਾ ।
ਇਸ ਮੌਕੇ ਸੰਘਰਸ਼ ਕਮੇਟੀ ਆਗੂ ਨਵੀਨ ਸਟਾਰ ਨੇ ਕਿਹਾ ਕਿ ਮੌਕੇ ਤੇ ਮੌਜੂਦ ਸਾਰੇ ਜ਼ਖਮੀਆਂ ਜਾਂ ਪੀੜਿਤਾਂ ਨੂੰ ਇਕੱਠਾ ਮਿਲਿਆ ਜਾਵੇ । ਵਿਰੋਧ ਹੋਣ ਦੇ ਡਰੋ ਪੁਲਸ ਅਧਿਕਾਰੀਆਂ ਨੇ ਸੰਘਰਸ਼ ਕਮੇਟੀ ਨਾਲ ਗੱਲਬਾਤ ਕੀਤੀ । ਇਸ ਮੌਕੇ ਸਮੂਹ ਆਗੂਆਂ ਨੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਪੀੜਿਤ ਪਰਿਵਾਰਾਂ ਨੂੰ ਇਨਸਾਫ ਉਡੀਕਦਿਆਂ ਤਿੰਨ ਸਾਲ ਬੀਤ ਚੁੱਕੇ ਹਨ ਪਰ ਪੁਲਸ ਦੋ ਵਾਰ ਸ਼ੱਕੀਆਂ ਦੇ ਇਸ਼ਤਿਹਾਰ ਜਾਰੀ ਕਰਨ ਤੱਕ ਹੀ ਸੀਮਤ ਰਹੀ ਹੈ। ਇਸ ਮੌਕੇ ਐਡਵੋਕੇਟ ਰਵਿੰਦਰ ਸਿੰਘ ਨੇ ਕਿਹਾ ਕਿ ਬੀਤੀ 18 ਅਕਤੂਬਰ 2019 ਨੂੰ ਹਾਈਕੋਰਟ ਵੱਲੋ ਪੰਜਾਬ ਸਰਕਾਰ ਨੂੰ ਇੱਕ ਹਫਤੇ ਦੇ ਅੰਦਰ ਨਵੀ ਸਿੱਟ ਕਾਇਮ ਕਰਕੇ ਤਿੰਨ ਮਹੀਨਿਆਂ ਵਿੱਚ ਆਪਣੀ ਜਾਂਚ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ । ਉਹਨਾਂ ਕਿਹਾ ਕਿ ਹਾਈਕੋਰਟ ਵਿਖੇ ਆਉਣ ਵਾਲੀ 30 ਜਨਵਰੀ ਨੂੰ ਆਪਣੀ ਜਵਾਬ ਤਲਬੀ ਲਈ ਸਿਰਫ ਰਸਮੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਬੰਬ ਕਾਂਡ ਸੰਘਰਸ਼ ਕਮੇਟੀ ਆਗੂ ਗੁਰਮੇਲ ਸਿੰਘ ਗੇਲਾ, ਜਗਦੀਸ਼ ਸ਼ਰਮਾਂ, ਸ਼ੁਸ਼ੀਲ ਕੁਮਾਰ ਸ਼ੀਲੀ, ਪੀੜਿਤ ਪਰਿਵਰਾਂ ਵਿੱਚੋ ਡਾ.ਬਲਬੀਰ ਸਿੰਘ , ਕੀਰਤਨ ਸਿੰਘ , ਹੇਮ ਰਾਜ , ਗਿਆਨ ਚੰਦ , ਬੰਬ ਕਾਂਡ ਜ਼ਖਮੀ ਜਸਕਰਨ ਸਿੰਘ ਮੌੜ ਕਲਾਂ ਤੋ ਇਲਾਵਾ ਬੰਬ ਕਾਂਡ ਸੰਬੰਧਿਤ ਪੀੜਿਤ ਪਰਿਵਾਰ ਅਤੇ ਜ਼ਖਮੀ ਹਾਜ਼ਰ ਸਨ। ਸੀਨੀਆਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਅੱਜ ਪੀੜਤ ਪ੍ਰੀਵਾਰਾਂ ਦੇ ਬਿਆਨ ਦਰਜ ਕੀਤੇ ਗਏ ਹਨ। ਉਨਾਂ ਕੋਈ ਹੋਰ ਟਿਪਣੀ ਤੋਂ ਇਨਕਾਰ ਕੀਤਾ ਪਰ ਏਨਾ ਆਖਿਆ ਕਿ ਜਾਂਚ ਟੀਮ ਪੂਰੀ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹ ਹੈ।