ਅਸ਼ੋਕ ਵਰਮਾ
- ਸਾਬਕਾ ਮੰਤਰੀ ਮਲੂਕਾ ਵਲੋਂ ਬੱਚਿਆਂ ਅਤੇ ਸਟਾਫ਼ ਨੂੰ ਵਧਾਈ
ਮਲੂਕਾ, 15 ਜਨਵਰੀ 2020 - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਲੂਕਾ ਦੀਆਂ ਪੰਜ ਵਿਦਿਆਰਥਣਾਂ ਪ੍ਰਧਾਨਮੰਤਰੀ ਵਲੋਂ ਆਰੰਭ ਕੀਤੇ ਗਏ ਪ੍ਰੋਗਰਾਮ ਪ੍ਰੀਖਿਆ ਸਬੰਧੀ ਚਰਚਾ ਵਿਚ ਹਿੱਸਾ ਲੈਣ ਲਈ ਚੁਣੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਬੱਚਿਆਂ ਨੂੰ ਪ੍ਰੀਖਿਆ ਵਿਚ ਵਧੀਆ ਪ੍ਰਦਰਸ਼ਨ ਕਰਨ ਸਬੰਧੀ ਦੇਸ਼ ਭਰ ਦੇ ਬੱਚਿਆਂ ਲਈ ਇਕ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਪ੍ਰੋਗਰਾਮ 20 ਜਨਵਰੀ ਨੂੰ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਦੇਸ਼ ਭਰ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚੋਂ ਟੈਸਟ ਦੇ ਅਧਾਰ ‘ਤੇ ਚੋਣ ਕੀਤੀ ਗਈ ਹੈ। ਇਸ ਬਾਰੇ ਮਲੂਕਾ ਸਕੂਲ ਦੀ ਅਧਿਆਪਕਾ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿਖੇ ਕੁੱਝ ਦਿਨ ਪਹਿਲਾਂ ਕੁੱਝ ਸਰਕਾਰੀ ਨੁਮਾਇੰਦਿਆਂ ਅਤੇ ਪੱਤਰਕਾਰਾਂ ਵਲੋਂ ਵਿਦਿਆਰਥਣਾਂ ਦੇ ਟੈਸਟ ਲਏ ਗਏ, ਜਿਸ ਰਾਹੀਂ ਉਨ੍ਹਾ ਦੇ ਸਕੂਲ ਦੀਆਂ ਵਿਦਿਆਰਥਣਾਂ ਰਵਨੀਤ ਕੌਰ, ਅਰਦੀਪ ਕੌਰ, ਰਿਪਨਦੀਪ ਕੌਰ, ਸੁਮਨਪ੍ਰੀਤ ਕੌਰ ਅਤੇ ਮਨਵੀਰ ਕੌਰ ਦੀ ਚੋਣ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਸਮੁੱਚੇ ਸਟਾਫ਼ ਦੀ ਪ੍ਰਸ਼ੰਸਾ ਕੀਤੀ। ਮਲੂਕਾ ਨੇ ਦੱਸਿਆ ਕਿ ਪੰਜਾਬ ਵਿਚੋਂ ਕੁੱਲ੍ਹ 26 ਬੱਚੇ ਇਸ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਮਲੂਕਾ ਤੋਂ ਇਲਾਵਾ ਸਰਕਾਰੀ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦੇ ਬੱਚੇ ਵੀ ਚੁਣੇ ਗਏ ਹਨ।