ਜੀ ਐੱਸ ਪੰਨੂ
ਪਟਿਆਲਾ, 15 ਜਨਵਰੀ 2020 - 31ਵੇਂ ਸੜਕ ਸੁਰੱਖਿਆ ਹਫ਼ਤੇ ਦੇ ਸਬੰਧ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ . ਮਨਦੀਪ ਸਿੰਘ ਸਿੱਧੂ ਨੇ ਸੜਕ ਸੁਰੱਖਿਆ ਚੇਤਨਾ ਰੈਲੀ ਪੁਲਿਸ ਲਾਈਨ ਪਟਿਆਲਾ ਤੋਂ ਰਵਾਨਾ ਕੀਤੀ। ਚੇਤਨਾ ਰੈਲੀ ਦੌਰਾਨ ਡੀ.ਐਸ.ਪੀ. (ਟਰੈਫਿਕ) ਅੱਛਰੂ ਰਾਮ ਸ਼ਰਮਾ, ਇੰਸਪੈਕਟਰ ਪੁਸ਼ਪਾ ਦੇਵੀ, ਸੜਕ ਸੁਰੱਖਿਆ ਇੰਜ. ਸ਼ਵਿੰਦਰ ਕੌਰ ਬਰਾੜ, ਸਬ ਇੰਸਪੈਕਟਰ ਸੁਖਵਿੰਦਰ ਕੌਰ ਤੇ ਕਾਕਾ ਰਾਮ ਵਰਮਾ ਦੀ ਅਗਵਾਈ 'ਚ ਇਸ ਰੈਲੀ 'ਚ ਸ਼ਾਮਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਐਨ.ਸੀ.ਸੀ. ਕੈਡੇਟਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਮਾਰਚ ਕਰਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਦੌਰ 'ਚ ਨਵੀਂ ਪੀੜ੍ਹੀ ਦੀ ਹਰ ਖੇਤਰ 'ਚ ਅਹਿਮ ਭੂਮਿਕਾ ਹੋ ਗਈ ਹੈ। ਵਿਦਿਆਰਥੀਆਂ ਰਾਹੀਂ ਅਸੀਂ ਕਿਸੇ ਵੀ ਪ੍ਰਕਾਰ ਦੀ ਚੇਤਨਾ ਜਲਦੀ ਨਾਲ ਫੈਲਾਅ ਸਕਦੇ ਹਾਂ ਇਸੇ ਕਰਕੇ ਸੜਕ ਸੁਰੱਖਿਆ ਲਈ ਸਮਾਜ ਨੂੰ ਜਾਗਰੂਕ ਕਰਨ 'ਚ ਵਿਦਿਆਰਥੀ ਵੱਡੀ ਭੂਮਿਕਾ ਨਿਭਾ ਸਕਦੇ ਹਨ। . ਸਿੱਧੂ ਨੇ ਕਿਹਾ ਕਿ ਵਿਦਿਆਰਥੀ ਨੂੰ ਸੜਕ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਵਿਦਿਅਕ ਸੰਸਥਾਵਾਂ 'ਚ ਜਾਗਰੂਕਤਾ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਵਿਦਿਆਰਥੀ ਵੀ ਵੱਧ ਚੜਕੇ ਇੰਨਾ ਜਾਗਰੂਕਤਾ ਸਮਾਗਮਾਂ 'ਚ ਹਿੱਸਾ ਲੈ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਟਰੈਫਿਕ ਦੇ ਨਿਯਮਾਂ ਦਾ ਪਾਲਣ ਕਰਨ ਅਤੇ ਆਪਣੇ ਪਰਿਵਾਰ ਤੇ ਆਲੇ-ਦੁਆਲੇ ਨੂੰ ਵੀ ਜਾਗਰੂਕ ਕਰਨ।
ਇਸ ਮੌਕੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੇ ਵਿਦਿਆਰਥੀਆਂ ਨੇ ਡਾ. ਸੁਖਦਰਸ਼ਨ ਸਿੰਘ ਚਹਿਲ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਟਰੈਫਿਕ ਸਬੰਧੀ ਨਾਟਕ ਮੇਰੀ ਅਵਾਜ਼ ਸੁਣੋ ਪੇਸ਼ ਕੀਤਾ। ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਲੈਕਚਰਾਰ ਹਰਪ੍ਰੀਤ ਸਿੰਘ ਹੈਪੀ ਤੇ ਮਹਿੰਦਰਪਾਲ ਸਿੰਘ ਦੀ ਅਗਵਾਈ 'ਚ ਟਰੈਫਿਕ ਸਿੰਗਲਨਜ਼ ਬਾਰੇ ਬੱਚਿਆਂ ਰਾਹੀਂ ਵਧੀਆ ਸੰਦੇਸ਼ ਦਿੱਤਾ। ਗਰੀਨ ਵੈਲੀ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾ ਰਾਹੀਂ ਟਰੈਫਿਕ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਪਲੇਅ ਵੇਅ ਸਕੂਲ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।