ਗੁਰਨਾਮ ਸਿੱਧੂ
ਫਿਰੋਜ਼ਪੁਰ, 17 ਜਨਵਰੀ 2020: ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਤੇ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਵਿੱਚ ਜਿਥੇ ਦਾਨੀ ਸੱਜਣਾਂ, ਸਮਾਜਿਕ ਭਾਈਚਾਰੇ ਤੇ ਐਨਜੀਓ ਸੰਸਥਾਵਾਂ ਦਾ ਸਹਿਯੋਗ ਮਿਲ ਰਿਹਾ ਹੈ, ਉਥੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ (ਐੱਨਆਰਆਈਜ਼) ਵੱਲੋਂ ਬਹੁਤ ਵੱਡਾ ਸਹਿਯੋਗ ਵੇਖਣ ਨੂੰ ਮਿਲ ਰਿਹਾ ਹੈ। ਇਸੇ ਤਰ੍ਹਾਂ ਐੱਨਆਰਆਈ ਮਨਜਿੰਦਰ ਸਿੰਘ ਆਸਟ੍ਰੇਲੀਆ ਨਿਵਾਸੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਲੀ ਕੇ, ਬਲਾਕ ਫਿਰੋਜ਼ਪੁਰ-2, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪਹੁੰਚ ਕੇ ਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਵਰਦੀਆਂ ਤੇ ਬਲੇਜ਼ਰ ਦਿੱਤੇ ਗਏ।
ਇਸ ਸਮੇਂ ਸਕੂਲੀ ਬੱਚਿਆਂ ਦੀ ਮਦਦ ਕਰਨ ਆਏ ਮਨਜਿੰਦਰ ਸਿੰਘ ਆਸਟ੍ਰੇਲੀਆ ਵੱਲੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਅਨਪੜ੍ਹਤਾ ਸਮਾਜ ਲਈ ਬਹੁਤ ਵੱਡਾ ਸਰਾਪ ਹੈ। ਸਿੱਖਿਆ ਦੇ ਪ੍ਰਸਾਰ ਨਾਲ ਹੀ ਦੇਸ਼ ਤਰੱਕੀ ਕਰ ਸਕਦਾ ਹੈ। ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਬੱਚਿਓ ਤੁਸੀਂ ਪੂਰੀ ਮਿਹਨਤ ਅਤੇ ਲਗਨ ਨਾਲ ਗਿਆਨ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਵਿੱਚ ਸਫਲ ਹੋਵੇ ਅਤੇ ਚੰਗੇ ਮੁਕਾਮ ਤੇ ਪੁੱਜੋ ਅਤੇ ਚੰਗੇ ਨਾਗਰਿਕ ਬਣੋ ਅਤੇ ਆਪਣੇ ਮਾਤਾ-ਪਿਤਾ, ਪਰਿਵਾਰ, ਪਿੰਡ, ਇਲਾਕੇ ਦਾ ਨਾਂ ਰੌਸ਼ਨ ਕਰੋ।
ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਕੋਈ ਵੀ ਸੇਵਾ ਸਕੂਲ ਵੱਲੋਂ ਲਾਈ ਜਾਂਦੀ ਹੈ ਤਾਂ ਉਹ ਹਰ ਵਕਤ ਤਿਆਰ ਰਹਿਣਗੇ ਇਸ ਮੌਕੇ ਮੈਂਬਰ ਪੰਚਾਇਤ ਮੈਂਬਰ ਪ੍ਰਤਾਪ ਸਿੰਘ, ਦਰਸ਼ਨ ਸਿੰਘ, ਸੂਬਾ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਸਕੂਲ ਮੁਖੀ ਮਨਜਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਅਤੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਅਤੇ ਕਿਹਾ ਉਨ੍ਹਾਂ ਵੱਲੋਂ ਦਿੱਤਾ ਦਾਨ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਵਿੱਚ ਸਹਾਈ ਹੋਵੇਗਾ। ਸਕੂਲ ਨੂੰ ਸੋਹਣਾ ਅਤੇ ਸੁੰਦਰ ਬਣਾਉਣ ਲਈ ਸਭ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਸਕੂਲ ਦਾ ਸਮੁੱਚਾ ਸਟਾਫ ਬਹੁਤ ਮਿਹਨਤੀ ਹੈ ਅਤੇ ਪੂਰੀ ਲਗਨ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਹਨ ਅਤੇ ਆਸ ਪ੍ਰਗਟਾਈ ਕਿ ਪਿੰਡ ਦੇ ਪਤਵੰਤੇ ਸੱਜਣ ਲੋੜ ਪੈਣ ਤੇ ਸਕੂਲ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ।