ਅਸ਼ੋਕ ਵਰਮਾ
ਕਿਸਾਨਾਂ ਨੂੰ ਜਾਗਰੂਕ ਕਰਨ ਲਈ 8 ਟੀਮਾਂ ਦਾ ਕੀਤਾ ਗਠਨ
ਬਠਿੰਡਾ, 17 ਜਨਵਰੀ 2020 - ਟਿੱਡੀ ਦਲ ਦੇ ਮਾਮਲੇ ’ਚ ਕਿਸਾਨ ਧਿਰਾਂ ਵੱਲੋਂ ਗਰਮੀ ਦਿਖਾਉਣ ਉਪਰੰਤ ਬਠਿੰਡਾ ਪ੍ਰਸ਼ਾਸ਼ਨ ਦੀ ਜਾਗ ਖੁੱਲ ਗਈ ਹੈ। ‘ਬਾਬੂਸ਼ਾਹੀ’ ਵੱਲੋਂ ‘ਬਠਿੰਡਾ ਪੱਟੀ ’ਚ ਟਿੱਡੀ ਦਲ ਦੇ ਟਾਕਰੇ ਲਈ ਨਹੀਂ ਦਿਖਿਆ ਅਲਰਟ ਦਾ ਅਸਰ’ ਰਾਹੀਂ ਇਸ ਮਸਲੇ ਦੀ ਗੰਭੀਰਤਾ ਨੂੰ ਉਠਾਇਆ ਗਿਆ ਸੀ। ਇਹ ਵੀ ਦੱਸਿਆ ਸੀ ਕਿ ਕਿਸ ਤਰਾਂ ਟਿੱਡੀ ਦਲ ਦੀ ਚਰਚਾ ਉਪਰੰਤ ਬਠਿੰਡਾ ਪੱਟੀ ’ਚ ਕਿਸਾਨਾਂ ’ਚ ਚਿੰਤਾ ਦਾ ਮਹੌਲ ਹੈ ਕਿਉਂਕਿ ਜਿਆਦਾਤਰ ਕਿਸਾਨਾਂ ਦੀ ਫਸਲ ਚਿੱਟੀ ਮੱਖੀ ਨੇ ਨਰਮੇ ਦੀ ਫਸਲ ਤਬਾਹ ਕਰ ਦਿੱਤੀ ਸੀ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਸੇ ਨੁਕਾਸਨ ਦੀ ਸੂਰਤ ’ਚ ਸਰਕਾਰ ਜਿੰਮੇਵਾਰ ਹੋਣ ਦੀ ਗੱਲ ਆਖਦਿਆਂ ਤਿੱਖੇ ਤੇਵਰ ਦਿਖਾਏ ਸਨ। ਜਿਲਾ ਪ੍ਰਸ਼ਾਸ਼ਨ ਦਾ ਪੱਖ ਜਾਨਣ ਲਈ ਸੰਪਰਕ ਕਰਨ ਤੇ ਡਿਪਟੀ ਕਮਿਸ਼ਨਰ ਅਤੇ ਮੁੱਖ ਖੇਤੀਬਾੜੀ ਅਫਸਰ ਨੇ ਫੋਨ ਨਹੀਂ ਚੁੱਕੇ ਸਨ ਜਦੋਂਕਿ ਅੱਜ ਖੇਤੀ ਵਿਭਾਗ ਨੇ ਜਿਲੇ ’ਚ 8 ਟੀਮਾਂ ਤਾਇਨਾਤ ਕਰਨ ਦਾ ਦਾਅਵਾ ਕੀਤਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਗੁਰਾਂਦਿੱਤਾ ਸਿੰਘ ਨੇ ਦੱਸਿਆ ਕਿ ਫ਼ਸਲਾਂ ’ਤੇ ਕਿਸੇ ਤਰਾਂ ਦੇ ਟਿੱਡੀ ਦਲ ਵਲੋਂ ਕੀਤੇ ਜਾਣ ਵਾਲੇ ਕਿਸੇ ਤਰਾਂ ਦੇ ਹਮਲੇ ਨੂੰ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ 8 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨਾਂ ਕਿਹਾ ਕਿ 7 ਟੀਮਾਂ ਬਲਾਕ ਪੱਧਰ ’ਤੇ, ਇਕ ਟੀਮ ਜ਼ਿਲਾ ਪੱਧਰ ’ਤੇ ਬਣਾਈ ਗਈ। ਹਰੇਕ ਟੀਮ ਵਿੱਚ ਤਿੰਨ ਮੈਂਬਰ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹੋਣਗੇ। ਉਨਾਂ ਕਿਹਾ ਕਿ ਤਾਇਨਾਤ ਟੀਮਾਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਗੀਆਂ ਅਤੇ ਗੁਰੂ ਘਰਾਂ ਰਾਹੀਂ ਮੁਨਿਆਦੀ ਵੀ ਕਰਵਾਈ ਜਾਏਗੀ। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਟਿੱਡੀ ਦਲ ਦੇ ਕੰਟਰੋਲ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਦਵਾਈਆਂ ਖ਼ਰੀਦਣ ਲਈ ਕੰਪਨੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲਾ ਬਠਿੰਡਾ ਵਿਖੇ ਜੋ ਵਿਭਾਗ ਦਾ ਸਟਾਫ ਹੈ, ਉਹ ਸਾਰੇ ਹੀ ਇਸ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਨਗੇ।
ਇਹ ਹੈ ਟਿੱਡੀਆਂ ਦੀ ਪਛਾਣ....
ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਾਂਦਿੱਤਾ ਸਿੰਘ ਨੇ ਦੱਸਿਆ ਕਿ ਬਾਲਗ ਟਿੱਡਿਆਂ ਦੀ ਪਹਿਚਾਣ ਪੀਲੇ ਰੰਗ ਦੇ ਸਰੀਰ ਉਪਰ ਕਾਲੇ ਰੰਗ ਦੇ ਨਿਸ਼ਾਨ ਤੇ ਜਬਾੜੇ ਗੂੜੇ ਜਾਮਣੀ ਕਾਲੇ ਰੰਗ ਤੋਂ ਹੁੰਦੀ ਹੈ। ਜੇਕਰ ਟਿੱਡਿਆਂ ਦਾ ਸੰਭਾਵੀ ਹਮਲਾ ਹੁੰਦਾ ਹੈ ਤਾਂ ਕਿਸਾਨਾਂ ਵੱਲੋਂ ਖਾਲੀ ਪੀਪੇ ਖੜਕਾ ਕੇ, ਅੱਗ ਦੀਆਂ ਮਸ਼ਾਲਾਂ ਆਦਿ ਰਾਹੀਂ ਉਸ ਨੂੰ ਹੇਠਾਂ ਜ਼ਮੀਨ ਤੋਂ ਉਤਰਣ ਤੋਂ ਰੋਕਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਟਿੱਡੀ ਦਲ ਝਾੜੀਆਂ ਆਦਿ ’ਤੇ ਉਤਰਦਾ ਹੈ ਤਾਂ ਉਸ ਨੂੰ ਅੱਗ ਲਗਾ ਕੇ ਖ਼ਤਮ ਕਰ ਦੇਣਾ ਚਾਹੀਦਾ ਹੈ।
ਟਿੱਡੀ ਦਲ ਤੋਂ ਚੌਕਸ ਰਹਿਣ ਕਿਸਾਨ : ਡੀਸੀ....
ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਟਿੱਡੀ ਦਲ ਦੇ ਫ਼ਸਲਾਂ ’ਤੇ ਹੋਣ ਵਾਲੇ ਕਿਸੇ ਤਰਾਂ ਦੇ ਸੰਭਾਵੀ ਹਮਲੇ ਤੋਂ ਜ਼ਿਲੇ ਦੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨਾਂ ਦੱਸਿਆ ਕਿ ਟਿੱਡੀਆਂ ਦੇ ਝੁੰਡ ਵਲੋਂ ਕਿਸੇ ਤਰਾਂ ਦੇ ਹਮਲੇ ਤੋਂ ਬਚਾਅ ਲਈ ਖੇਤੀਬਾੜੀ ਵਿਭਾਗ ਨੂੰ ਮੁਸਤੈਦ ਰਹਿਣ ਲਈ ਆਖ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਬੀਤੇ ਦਿਨੀਂ ਗੁਆਂਢੀ ਸੂਬੇ ਰਾਜਸਥਾਨ ’ਚ ਟਿੱਡੀਆਂ ਦੇ ਝੁੰਡ ਵਲੋਂ ਫ਼ਸਲਾਂ ’ਤੇ ਹਮਲਾ ਕਰਨ ਦੀਆਂ ਰਿਪੋਰਟਾਂ ਮਿਲੀਆਂ ਸਨ, ਪਰੰਤੂ ਜ਼ਿਲੇ ਦੇ ਸਾਰੇ ਬਲਾਕ ਖੇਤੀਬਾੜੀ ਅਫ਼ਸਰ ਕੋਲੋਂ ਪ੍ਰਾਪਤ ਰਿਪੋਰਟ ਅਨੁਸਾਰ ਜ਼ਿਲੇ ’ਚ ਅਜੇ ਤੱਕ ਕਿਤੇ ਵੀ ਟਿੱਡੀ ਦਲ ਦਾ ਹਮਲਾ ਵੇਖਣ ਨੂੰ ਨਹੀਂ ਮਿਲਿਆ ਹੈ।
ਖਾਲੀ ਪੀਪਿਆਂ ਦੀ ਵੁੱਕਤ ਪਈ....
ਬਠਿੰਡਾ ਜਿਲੇ ’ਚ ਟਿੱਡੀ ਦਲ ਦੀ ਆਮਦ ਦੀਆਂ ਰਿਪੋਰਟਾਂ ਉਪਰੰਤ ਕਿਸਾਨਾਂ ਨੇ ਖਾਲੀ ਪੀਪਿਆਂ ਦਾ ਇੰਤਜਾਮ ਕਰਨੇ ਸ਼ੁਰੂ ਕਰ ਦਿੱਤੇ ਹਨ। ਪਤਾ ਲੱਗਿਆ ਹੈ ਕਿ ਪੁਰਾਣੇ ਪੀਪਿਆਂ ਦਾ ਮਿਲਣਾ ਮੁਸ਼ਕਲ ਹੋਇਆ ਪਿਆ ਹੈ। ਬਠਿੰਡਾ ’ਚ ਪੁਰਾਣੇ ਸਮਾਨ ਦਾ ਕੰਮ ਕਰਦੇ ਗੁੱਡੂ ਕਬਾੜੀਏ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਦਿਨਾਂ ਦੌਰਾਨ ਪੁਰਾਣੇ ਕਾਫੀ ਲੋਕ ਪੀਪੇ ਖਰੀਦਣ ਆਏ ਹਨ। ਉਨਾਂ ਦੱਸਿਆ ਕਿ ਪਲਾਸਟਿਕ ਦੀਆਂ ਕੇਨੀਆਂ ’ਚ ਘਿਓ ਵਗੈਰਾ ਵਿਕਣ ਕਰਕੇ ਪੀਪੇ ਦੀ ਆਮਦ ਘਟੀ ਹੈ। ਦੱਸਣਯੋਗ ਹੈ ਕਿ ਟਿੱਡੀ ਦਲ, ਜਿਸ ਫਸਲ ’ਤੇ ਬੈਠ ਜਾਂਦਾ ਹੈ, ਪੂਰੇ ਦੇ ਪੂਰੇ ਖੇਤ ਇੱਥੋਂ ਤੱਕ ਦਰਖਤਾਂ ਤੱਕ ’ਚ ’ਚ ਤਬਾਹੀ ਮਚਾ ਦਿੰਦਾ ਹੈ। ਟਿੱਡੀਆਂ ਨੂੰ ਡਰਾਉਣ ਲਈ ਪੀਪੇ ਖੜਕਾਉਣੇ ਪੈਂਦੇ ਹਨ ਕਿਉਂਕਿ ਖੜਕੇ ਨਾਲ ਇਹ ਟਿੱਡੀਆਂ ਫਸਲ ’ਤੇ ਨਹੀਂ ਬੈਠਦੀਆਂ ਹਨ।