ਅਸ਼ੋਕ ਵਰਮਾ
ਬਠਿੰਡਾ, 17 ਜਨਵਰੀ 2020 - ਲੰਘੇ ਵਰੇ 4 ਸਤੰਬਰ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਪੱਕਾ-ਮੋਰਚਾ ਲਾ ਕੇ ਬੈਠੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਤੇ ਈਟੀਟੀ ਅਧਿਆਪਕਾਂ ਦੇ ਸੱਦੇ ਤੇ ਅੱਜ ਬਠਿੰਡਾ ਵਿਖੇ ਬੇਰੁਜਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਵੱਲੋਂ ਭਰਤੀ ਲਈ ਕੱਢੀਆਂ ਅਸਾਮੀਆਂ ਰੱਦ ਕਰਦਿਆਂ ਬਰੋਸ ਮਾਰਚ ਕਰਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਭੜਕੇ ਅਧਿਆਪਕਾਂ ਨੇ ਸੋਰਕਾਰ ਖਿਲਾਫ ਨਾਅਰੇਬੁਾਜੀ ਕਰਕੇ ਆਪਣੀ ਭੜਾਸ ਕੱਢੀ। ਦੱਸਣਯੋਗ ਹੈ ਕਿ ਲੰਘੀ 12 ਜਨਵਰੀ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਦਿਆਂ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਦੀ ਲੋਹੜੀ ਮੰਗੀ ਸੀ। ਇਸ ਸੰਘਰਸ਼ ਦੇ ਦਬਾਅ ਹੇਠ ਪੰਜਾਬ ਸਰਕਾਰ ਦੀ 14 ਜਨਵਰੀ ਦੀ ਕੈਬਨਿਟ ਮੀਟਿੰਗ ਵਿੱਚ ਬੀਐੱਡ ਅਧਿਆਪਕਾਂ ਲਈ 2182 ਅਤੇ ਈਟੀਟੀ ਅਧਿਆਪਕਾਂ ਲਈ 500 ਅਸਾਮੀਆਂ ਦੀ ਪ੍ਰਵਾਨਗੀ ਦਿੱਤੀ ਹੈ ਜਦੋਂਕਿ ਜਿਸ ਨੂੰ ਬੇਰੁਜਗਾਰਾਂ ਨੇ 15000 ਅਸਾਮੀਆਂ ਬੀ ਐਡ ਲਈ ਅਤੇ 12000 ਅਸਾਮੀਆਂ ਈਟੀਟੀ ਲਈ ਮੁੱਢ ਤੋਂ ਕੀਤੀ ਜਾ ਰਹੀ ਮੰਗ ਦੀ ਪੂਰਤੀ ਲਈ ਸੰਘਰਸ ਆਰੰਭਿਆ ਹੋਇਆ ਹੈ।ਇਸੇ ਤਹਿਤ ਯੂਨੀਅਨ ਦੇ ਆਗੂਆਂ ਯੁੱਧਜੀਤ ਸਿੰਘ ਤੇ ਲਵਦੀਪ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਪ੍ਰਵਾਨਗੀ ਦੀਆਂ ਕਾਪੀਆਂ ਫੂਕ ਕੇ ਪ੍ਰਦਸਨ ਕੀਤਾ।
ਸਥਾਨਕ ਟੀਚਰਜ ਹੋਮ ਵਿੱਚ ਇਕੱਤਰ ਹੋਏ ਬੇਰੁਜਗਾਰ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ 2682 ਅਧਿਆਪਕਾਂ ਦੀਆਂ ਅਸਾਮੀਆਂ ਕੱਢ ਕੇ ਬੇਰੁਜਗਾਰਾਂ ਦੇ ਜਖਮਾਂ ਉੱਤੇ ਲੂਣ ਭੁੱਕ ਰਹੀ ਹੈ ,ਜਦਕਿ ਪੰਜਾਬ ਭਰ ‘ਚ 30 ਹਜ਼ਾਰ ਦੇ ਕਰੀਬ ਅਸਾਮੀਆਂ ਖਾਲੀ ਹਨ ਅਤੇ 65 ਹਜ਼ਾਰ ਦੇ ਕਰੀਬ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰ ਬੇਰੁਜ਼ਗਾਰ ਹਨ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਬੇਰੁਜ਼ਗਾਰ ਬੀਐੱਡ ਅਤੇ ਈਟੀਟੀ ਅਧਿਆਪਕ ਸਿੱਖਿਆ ਮੰਤਰੀ ਗੁਪਤ ਐਕਸਨ ਕਰਕੇ ਰੋਸ ਦਰਜ ਕਰਵਾਉਣਗੇ। ਉਹਨਾਂ ਕਿਹਾ ਕਿ ਘੱਟ ਤੋਂ ਘੱਟ 27 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ, ਟੈੱਸਟ ਪਾਸ ਕਰਨ ਦੇ ਬਾਵਜੂਦ ਓਵਰਏਜ਼ ਹੋ ਰਹੇ ਉਮੀਦਵਾਰਾਂ ਲਈ ਉਮਰ ਸ਼ਰਤ 37 ਤੋਂ 42 ਸਾਲ ਕਰਨ, ਬੈਕਲਾਗ ਦੀਆਂ 161 ਈਟੀਟੀ ਤੇ ਬੈਕਲਾਗ ਐਸ. ਸੀ 595 ਦਾ ਹੱਲ ਅਤੇ ਬੀਐੱਡ ਦੀਆਂ 10 ਅਸਾਮੀਆਂ ਸਬੰਧੀ ਵੀ ਭਰਤੀ ਨਿਯਮਾਂ ‘ਚ ਸੋਧ ਕਰਕੇ ਨਿਯੁਕਤੀ ਹੋਵੇ, ਅਧਿਆਪਕ ਭਰਤੀ ਲਈ ਗ੍ਰੈਜੂਏਸ਼ਨ ‘ਚੋਂ ਪਹਿਲਾਂ ਲਾਜ਼ਮੀ ਕੀਤੇ 55 ਫੀਸਦੀ ਅੰਕਾਂ ਦੀ ਸ਼ਰਤ ਤੋਂ ਪੀੜਤ ਹੋਕੇ ਖ਼ੁਦਕੁਸ਼ੀ ਲਈ ਮਜ਼ਬੂਰ ਹੋਏ ਜਗਸੀਰ ਸਿੰਘ ਚੱਕ ਭਾਈਕਾ ਦੇ ਪਰਿਵਾਰ ਨੂੰ ਇੱਕ ਨੌਕਰੀ ਅਤੇ ਦਸ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, 58 ਤੋਂ 60 ਦੋ ਸਾਲ ਦੀ ਐਕਸ਼ਟੈਨਸ਼ਨ ਤੇ ਚਲਦੇ ਮੁਲ਼ਾਜ਼ਮਾਂ ਨੂੰ ਤੁਰੰਤ ਸੇਵਾ-ਮੁਕਤ ਕਰਕੇ ਅਸਾਮੀਆਂ ਖਾਲੀ ਕੀਤੀਆਂ ਜਾਣ, ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਸਾਰੀਆਂ ਅਧਿਆਪਕ ਅਸਾਮੀਆਂ ਰੈਗੂਲਰ ਆਧਾਰ ਤੇ ਭਰਤੀ ਹੋਵੇ, ਭਰਤੀ ਪ੍ਰਕਿਰਿਆਵਾਂ ਨੂੰ ਨਿਰਧਾਰਤ ਦਿਨਾਂ ਵਿੱਚ ਪੂਰਾ ਕਰਨ, ਇੱਕ ਅਧਿਆਪਕ ਤੋਂ ਸਿਰਫ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ, 50 ਤੋਂ ਘੱਟ ਗਿਣਤੀ ਵਾਲੇ ਪ੍ਰਾਇਮਰੀ ਸਕੂਲਾਂ ‘ਚ ਵੀ ਹੈੱਡ-ਮਾਸਟਰ ਦੀ ਅਸਾਮੀ ਬਰਕਰਾਰ ਰੱਖੀ ਜਾਵੇ, ਸੈਕੰਡਰੀ ਪੱਧਰ ਤੱਕ ਅਧਿਆਪਕ-ਵਿਦਿਆਰਥੀ ਅਨੁਪਾਤ 30 :1 ਕਰਨ, ਪ੍ਰਾਇਮਰੀ ਆਧਿਆਪਕ ਵਿਦਿਆਰਥੀਆਂ ਅਨੁਪਾਤ 20:1 ਕਰਨ ਜਦੋਂ ਤੱਕ ਉਮੀਦਵਾਰਾਂ ਦੀ ਨਿਯੁਕਤੀ ਨਹੀਂ ਹੁੰਦੀ, ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਿਕ 2500 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਇਹਨਾਂ ਮੰਗਾਂ ਦਾ ਹੱਲ ਹੋਣ ਉਪਰੰਤ ਹੀ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਲਾਇਆ ਪੱਕਾ-ਮੋਰਚਾ ਚੁੱਕਿਆ ਜਾਵੇਗਾ। ਇਸ ਮੌਕੇ ਪਰਵੀਨ ਕੌਰ,ਕਮਲਜੀਤ ਕੌਰ,ਅਮਨਪ੍ਰੀਤ ਕੌਰ,ਸੰਦੀਪ ਕੌਰ,ਤਜਿੰਦਰ ਮਾਨਵਾਲਾ,ਗੁਰਪ੍ਰੀਤ ਸਿੰਘ,ਕੁਲਵਿੰਦਰ ਮੌੜ,ਬੀਰਬਲ ਮੌੜ,ਬਲਵਿੰਦਰ ਸਰਮਾ ਆਦਿ ਹਾਜਰ ਸਨ।